ਪਾਦਰੀ ਮਾਮਲਾ: ਭਗੌੜੇ ਥਾਣੇਦਾਰ ਕੋਚੀ ਪੁਲੀਸ ਨੇ ਹਿਰਾਸਤ ’ਚ ਲਏ

ਜਲੰਧਰ ਦੇ ਪਾਦਰੀ ਐਂਥਨੀ ਦੇ ਘਰ ਪਏ ‘ਡਾਕੇ’ ਸਬੰਧੀ ਲੋੜੀਂਦੇ ਤੇ ਪੰਜਾਬ ਪੁਲੀਸ ਦੇ ਦੋ ਭਗੌੜੇ ਥਾਣੇਦਾਰਾਂ ਜੋਗਿੰਦਰ ਸਿੰਘ ਅਤੇ ਰਾਜਪ੍ਰੀਤ ਸਿੰਘ ਨੂੰ ਕੋਚੀ (ਕੇਰਲਾ) ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਸੂਤਰਾਂ ਦਾ ਦੱਸਣਾ ਹੈ ਕਿ ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਨੂੰ ਇਨ੍ਹਾਂ ਦੋਵਾਂ ਭਗੌੜੇ ਥਾਣੇਦਾਰਾਂ ਦੇ ਦੱਖਣੀ ਸੂਬੇ ਕੇਰਲ ਵਿੱਚ ਹੋਣ ਦੀ ਸੂਹ ਮਿਲੀ ਸੀ। ਪਾਦਰੀ ਦੇ ਘਰ ਵਾਪਰੀ ਇਸ ਘਟਨਾ ਦੀ ਤਫ਼ਤੀਸ਼ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿਟ) ਵੱਲੋਂ ਕੇਰਲ ਪੁਲੀਸ ਨੂੰ ਦੋਵਾਂ ਥਾਣੇਦਾਰਾਂ ਦੀਆਂ ਫੋਟੋਆਂ, ਅਦਾਲਤ ਵੱਲੋਂ ਜਾਰੀ ਕੀਤਾ ਗਿਆ ਗ੍ਰਿਫ਼ਤਾਰੀ ਵਾਰੰਟ ਤੇ ਹੋਰ ਦਸਤਾਵੇਜ਼ ਭੇਜੇ ਗਏ ਹਨ। ਇਸ ਤੋਂ ਬਾਅਦ ਕੋਚੀ ਪੁਲੀਸ ਨੇ ਇਸੇ ਸ਼ਹਿਰ ਦੇ ਇੱਕ ਹੋਟਲ ਵਿੱਚੋਂ ਦੋਵਾਂ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਪੰਜਾਬ ਪੁਲੀਸ ਨੂੰ ਸੂਚਿਤ ਕਰ ਦਿੱਤਾ। ‘ਸਿਟ’ ਦੇ ਮੁਖੀ ਆਈਜੀ ਪ੍ਰਵੀਨ ਕੁਮਾਰ ਸਿਨਹਾ ਨੇ ਦੋਵਾਂ ਨੂੰ ਹਿਰਾਸਤ ਵਿਚ ਲਏ ਜਾਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ‘ਸਿਟ’ ਦੇ ਮੈਂਬਰ ਕੋਚੀ ਜਾ ਕੇ ਥਾਣੇਦਾਰਾਂ ਤੋਂ ਪੁੱਛਗਿੱਛ ਕਰਨਗੇ। ਜੋਗਿੰਦਰ ਸਿੰਘ ਅਤੇ ਰਾਜਪ੍ਰੀਤ ਸਿੰਘ ਨੂੰ ਬੁੱਧਵਾਰ ਜਾਂ ਵੀਰਵਾਰ ਤੱਕ ਮੁਹਾਲੀ ਲਿਆਂਦੇ ਜਾਣ ਦੀ ਸੰਭਾਵਨਾ ਹੈ। ਪੁਲੀਸ ਵੱਲੋਂ ਕਈ ਦਿਨਾਂ ਤੋਂ ਇਨ੍ਹਾਂ ਦੀ ਪੈੜ ਨੱਪਣ ਦਾ ਯਤਨ ਕੀਤਾ ਜਾ ਰਿਹਾ ਸੀ ਪਰ ਦੋਵਾਂ ਵੱਲੋਂ ਲਗਾਤਾਰ ਟਿਕਾਣੇ ਬਦਲੇ ਜਾਣ ਕਾਰਨ ਠੋਸ ਜਾਣਕਾਰੀ ਨਹੀਂ ਸੀ ਮਿਲ ਰਹੀ। ਪੁਲੀਸ ਨੂੰ ਇਹ ਵੀ ਖ਼ਦਸ਼ਾ ਸੀ ਕਿ ਦੋਵੇਂ ਨੇਪਾਲ ਚਲੇ ਗਏ ਹਨ ਤੇ ਉੱਥੋਂ ਹੋਰ ਕਿਸੇ ਮੁਲਕ ਉਡਾਰੀ ਮਾਰ ਗਏ ਹਨ। ਦੋਵਾਂ ਥਾਣੇਦਾਰਾਂ ਦੇ ਕਾਬੂ ਆਉਣ ਨਾਲ ਪੰਜਾਬ ਪੁਲੀਸ ਦੇ ਉੱਚ ਅਧਿਕਾਰੀਆਂ ਨੇ ਵੀ ਸੁਖ ਦਾ ਸਾਹ ਲਿਆ ਹੈ। ਥਾਣੇਦਾਰਾਂ ਦੇ ਕਾਬੂ ਨਾ ਆਉਣ ਕਾਰਨ ਪੁਲੀਸ ਅਫ਼ਸਰਾਂ ਦੀ ਭੂਮਿਕਾ ਹੀ ਸ਼ੱਕੀ ਨਹੀਂ ਸੀ ਬਣੀ ਹੋਈ ਸਗੋਂ ਸੀਨੀਅਰ ਪੁਲੀਸ ਅਧਿਕਾਰੀਆਂ ਦੀ ਕਾਰਗੁਜ਼ਾਰੀ ਅਤੇ ਸ਼ਮੂਲੀਅਤ ਸਬੰਧੀ ਵੀ ਉਂਗਲਾਂ ਉਠ ਰਹੀਆਂ ਹਨ। ਜ਼ਿਕਰਯੋਗ ਹੈ ਕਿ ਪਾਦਰੀ ਦੇ ਪੈਸੇ ਗੁੰਮ ਹੋਣ ਦੇ ਮਾਮਲੇ ਵਿੱਚ ਗਠਿਤ ਵਿਸ਼ੇਸ਼ ਜਾਂਚ ਟੀਮ ਵੱਲੋਂ ਗ੍ਰਿਫ਼ਤਾਰ ਕੀਤੇ ‘ਮੁਖ਼ਬਰ’

ਸੁਰਿੰਦਰ ਸਿੰਘ ਨੇ ਤਫ਼ਤੀਸ਼ ਦੌਰਾਨ ਇਕਬਾਲ ਕੀਤਾ ਹੈ ਕਿ ਜਲੰਧਰ ਤੋਂ ਪਾਦਰੀ ਦੇ ਘਰੋਂ ਚੁੱਕੇ ਪੈਸੇ ਏ.ਐੱਸ.ਆਈ. ਜੋਗਿੰਦਰ ਸਿੰਘ ਨੇ ਖੰਨਾ ਸ਼ਹਿਰ ਦੇ ਬਾਹਰ ਇੱਕ ਕਾਰ ਮੰਗਵਾ ਕੇ ਉਸ ਵਿਚ ਰੱਖ ਦਿੱਤੇ। ਉਸ ਤੋਂ ਬਾਅਦ ਹੀ 6.6 ਕਰੋੜ ਰੁਪਏ ਦੀ ਰਾਸ਼ੀ ਲਾਪਤਾ ਹੋ ਗਈ। ਮੁਖ਼ਬਰ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਜਲੰਧਰ ਤੋਂ ਦੋ ਥਾਵਾਂ ਤੋਂ ਨਗ਼ਦੀ ਚੁੱਕੀ ਗਈ। ਨਗ਼ਦੀ ਲੈ ਕੇ ਇੱਕ ਗੱਡੀ ਤਾਂ ਐੱਸ.ਐੱਸ.ਪੀ. ਧਰੁਵ ਦਹੀਆ ਨੂੰ ਰਿਪੋਰਟ ਕਰਨ ਚਲੀ ਗਈ ਜਦਕਿ ਦੂਜੀ ਟੀਮ ਜਿਸ ਵਿਚ ਮੁਖ਼ਬਰ ਸੁਰਿੰਦਰ ਸਿੰਘ ਖ਼ੁਦ, ਅਤੇ ਦੋਵੇਂ ਭਗੌੜੇ ਏ.ਐੱਸ.ਆਈ. ਜੋਗਿੰਦਰ ਸਿੰਘ ਅਤੇ ਰਾਜਪ੍ਰੀਤ ਸਿੰਘ ਸ਼ਾਮਲ ਹਨ ਪੈਸੇ ਲੈ ਕੇ ਆ ਰਹੇ ਸਨ। ਸੁਰਿੰਦਰ ਸਿੰਘ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਪੈਸੇ ਨਵੀਂ ਮੰਗਵਾਈ ਕਾਰ ਵਿੱਚ ਰੱਖਣ ਤੋਂ ਬਾਅਦ ਇਹ ਤਿੰਨੇ ਜਣੇ ਸੀਆਈਏ ਸਟਾਫ਼ ਖੰਨਾ ਵਿਚ ਹੀ ਪਹੁੰਚ ਗਏ। ਜਲੰਧਰ ਤੋਂ ਪੈਸਾ 29 ਮਾਰਚ ਨੂੰ ਬਰਾਮਦ ਕੀਤਾ ਗਿਆ। ਐੱਸ.ਐੱਸ.ਪੀ. ਨੇ 30 ਮਾਰਚ ਨੂੰ ਪ੍ਰੈੱਸ ਕਾਨਫ਼ਰੰਸ ਕੀਤੀ ਅਤੇ ਦੂਜੇ ਹੀ ਦਿਨ 31 ਮਾਰਚ ਨੂੰ ਪਾਦਰੀ ਨੇ ਪੁਲੀਸ ਦਾ ਭੇਤ ਖੋਲ੍ਹ ਕੇ ਰੱਖ ਦਿੱਤਾ। ਸੂਤਰਾਂ ਦਾ ਦੱਸਣਾ ਹੈ ਕਿ ਦੋਵੇਂ ਥਾਣੇਦਾਰ 4 ਅਪਰੈਲ ਨੂੰ ਆਈਜੀ ਪ੍ਰਵੀਨ ਕੁਮਾਰ ਸਿਨਹਾ ਦੇ ਸਾਹਮਣੇ ਪੇਸ਼ ਹੋਏ ਪਰ ਉਸ ਤੋਂ ਬਾਅਦ ਲਾਪਤਾ ਹੋ ਗਏ। ਖੰਨਾ ਦੇ ਐੱਸ.ਐੱਸ.ਪੀ. ਨੇ ਦਾਅਵਾ ਕੀਤਾ ਸੀ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਲਾਏ ਨਾਕੇ ਦੌਰਾਨ ਇਹ ਨਗ਼ਦੀ ਬਰਾਮਦ ਹੋਈ ਹੈ। ਇਸ ਤਰ੍ਹਾਂ ਪੁਲੀਸ ਵੱਲੋਂ ਚੋਣ ਕਮਿਸ਼ਨ ਦੇ ਨਾਂ ਦੀ ਵਰਤੋਂ ਕੀਤੀ ਗਈ ਜਦਕਿ ਸਾਰੀ ਨਗ਼ਦੀ ਜਲੰਧਰ ਤੋਂ ਪਾਦਰੀ ਦੇ ਘਰੋਂ ਹੀ ਚੁੱਕੀ ਗਈ ਸੀ।

Previous articleਸਰਕਾਰੀ ਸਕੂਲਾਂ ਦਾ ਮਾਧਿਅਮ ਅੰਗਰੇਜ਼ੀ ਕਰਨ ਦੀ ਸ਼ੁਰੂਆਤ
Next articleਸਿੱਖ ਕਤਲੇਆਮ: ਸੁਪਰੀਮ ਕੋਰਟ ਵੱਲੋਂ 15 ਬਰੀ