ਖੰਨਾ, ਨਕੋਦਰ (ਹਰਜਿੰਦਰ ਛਾਬੜਾ) ਪਤਰਕਾਰ 9592282333
(ਸਮਾਜਵੀਕਲੀ): ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਲੋੜਵੰਦਾਂ ਨੂੰ ਮੁਫ਼ਤ ਰਾਸ਼ਨ ਦੇਣ ਦੇ ਦਾਅਵਿਆਂ ਦੇ ਉਲਟ ਰਾਸ਼ਨ ਲੈਣ ਲਈ ਲੋੜਵੰਦਾਂ ਨੂੰ ਭਟਕਣਾ ਪੈ ਰਿਹਾ ਹੈ। ਖੰਨਾ ਦੇ ਏਐੱਸ ਸੀਨੀਅਰ ਸੈਕੰਡਰੀ ਸਕੂਲ ਵਿੱਚ ਅਤਿ ਦੀ ਗਰਮੀ ਵਿਚ ਔਰਤਾਂ ਛੋਟੇ ਬੱਚੇ ਕੁੱਛੜ ‘ਚ ਚੁੱਕ ਕੇ ਸਰਕਾਰੀ ਰਾਸ਼ਨ ਲੈਣ ਲਈ ਖੜ੍ਹੀਆਂ ਰਹਿੰਦੀਆਂ ਹਨ ਤੇ ਕਈ ਦਿਨਾਂ ਤੋਂ ਰਾਸ਼ਨ ਲਈ ਚੱਕਰ ਕੱਟ ਰਹੀਆਂ ਹਨ।
ਰਾਸ਼ਨ ਲੈਣ ਆਈਆਂ ਜੋਤੀ, ਬੇਬੀ, ਕੰਚਨ, ਚਾਂਦਨੀ, ਅਰਚਨਾ, ਅੰਜੂ, ਊਸ਼ਾ, ਰਾਣੀ, ਉਰਮਿਲਾ, ਧਰਮੰਤਰੀ ਦੇਵੀ ਤੇ ਮੀਨਾ ਰਾਜ ਨੇ ਦੱਸਿਆ ਕਿ ਇਕ ਪਾਸੇ ਤਾਂ ਵਿਧਾਇਕ ਲੋੜਵੰਦਾਂ ਨੂੰ ਰਾਸ਼ਨ ਦੇਣ ਦਾ ਦਾਅਵਾ ਕਰਦੇ ਹਨ ਤੇ ਰਾਸ਼ਨ ਵੰਡ ਕੇ ਫੋਟੋਆਂ ਕਰਵਾਉਂਦੇ ਹਨ ਪਰ ਰਾਸ਼ਨ ਕਿਸ ਨੂੰ ਦੇ ਰਹੇ ਹਨ ਪਤਾ ਨਹੀਂ ਲੱਗ ਰਿਹਾ।
ਇਸ ਦੌਰਾਨ ਯੂਥ ਅਕਾਲੀ ਦਲ ਕੋਰ ਕਮੇਟੀ ਮੈਂਬਰ ਯਾਦਵਿੰਦਰ ਸਿੰਘ ਯਾਦੂ ਤੇ ਇਕਬਾਲ ਸਿੰਘ ਚੰਨੀ ਨੇ ਦੱਸਿਆ ਕਿ ਸਰਕਾਰੀ ਅਧਿਕਾਰੀ ਲੋਕਾਂ ਨੂੰ ਬਹੁਤ ਪ੍ਰੇਸ਼ਾਨ ਕਰ ਰਹੇ ਹਨ। ਫੂਡ ਸਪਲਾਈ ਵਿਭਾਗ ਦੇ ਅਧਿਕਾਰੀ ਮੁਨੀਸ਼ ਪਜਨੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਹਿਲਾਂ ਫ਼ਾਰਮਾਂ ਦੀ ਜਾਂਚ ਕੀਤੀ ਜਾਂਦੀ ਹੈ ਕਿ ਲਾਭਪਾਤਰੀ ਦਾ ਨੀਲਾ ਕਾਰਡ ਤਾਂ ਨਹੀਂ ਬਣਿਆ, ਜਿਸ ਦਾ ਨੀਲਾ ਕਾਰਡ ਬਣਿਆ ਹੈ, ਉਸ ਨੂੰ ਦੁਬਾਰਾ ਰਾਸ਼ਨ ਨਹੀਂ ਮਿਲਣਾ।