ਨਵੀਂ ਸੋਚ – ਨਵਾਂ ਸਮਾਜ

ਮਾਸਟਰ ਸੰਜੀਵ ਧਰਮਾਣੀ .

(ਸਮਾਜਵੀਕਲੀ)

ਆਰੰਭ ਤੋਂ ਹੀ ਮਨੁੱਖ ਆਪਣੇ ਮਨ ਦੀਆਂ ਭਾਵਨਾਵਾਂ , ਵਲਵਲਿਆਂ ਅਤੇ ਇੱਛਾਵਾਂ ਨੂੰ ਵੰਨ – ਸੁਵੰਨੇ ਢੰਗ – ਤਰੀਕਿਆਂ ਤੇ ਹਾਵ – ਭਾਵਾਂ ਨਾਲ ਵਿਅਕਤ ਕਰਦਾ , ਪ੍ਰਗਟਾਉਂਦਾ ਅਤੇ ਸਾਂਝੇ ਕਰਦਾ ਰਿਹਾ ਹੈ। ਇਸੇ ਕੜੀ ਅਤੇ ਭਾਵਨਾ ਦੇ ਤਹਿਤ ਉਹ ਜਨਮ ਤੋਂ ਲੈ ਕੇ ਮਰਨ ਤੱਕ ਕਈ ਤਰ੍ਹਾਂ ਦੇ ਵਿਸ਼ਵਾਸ , ਰਸਮਾਂ – ਰਿਵਾਜਾਂ ਤੇ ਸਮਾਜਿਕ ਪਰੰਪਰਾਵਾਂ ਨੂੰ ਮੰਨਦਾ ਤੇ ਨਿਭਾਉਂਦਾ ਆ ਰਿਹਾ ਹੈ। ਇਸੇ ਵਿੱਚੋਂ ਸਾਡੇ ਸਮਾਜ ਵਿੱਚ ਨਿਭਾਈ ਜਾਂਦੀ ਆ ਰਹੀ ਰਸਮ (ਮ੍ਰਿਤੂ ਭੋਗ) ਭੋਗ ਦੀ ਰਸਮ ਹੈ , ਜੋ ਕਿ ਕਿਸੇ ਪ੍ਰਾਣੀ ਦੇ ਸੰਸਾਰ ਤਿਆਗ ਦੇਣ ਸਬੰਧੀ ਮਰਨ ਉਪਰੰਤ ਉਸ ਦੇ ਪਰਿਵਾਰ ਵੱਲੋਂ ਨਿਭਾਈ ਜਾਂਦੀ ਹੈ।

ਦੱਸਣਯੋਗ ਹੈ ਕਿ ਸਾਡੀਆਂ ਰੀਤੀ – ਰਸਮਾਂ ਨਿਭਾਉਣ ਦੀ ਪ੍ਰਥਾ ਪਿੱਛੇ ਸਾਡੀਆਂ ਭਾਵਨਾਵਾਂ , ਸ਼ਰਧਾ , ਸਮਰਪਣ , ਵਿਸ਼ਵਾਸ ਤੇ ਸਾਡੇ ਮਨ ਦਾ ਸਕੂਨ ਜੁੜਿਆ ਹੋਇਆ ਹੁੰਦਾ ਹੈ। ਅਜੋਕੇ ਦੌਰ ਵਿੱਚ ਇਸ (ਮ੍ਰਿਤੂ ਭੋਗ) ਭੋਗ ਦੀ ਰਸਮ ਵਿੱਚ ਯਕੋਤੱਕੀ ਵਿੱਚ ਹਰ ਕੋਈ ਆਸਾਨੀ ਜਾਂ ਔਖਿਆਈ ਨਾਲ ਭਾਰੀ ਖਰਚ ਕਰ ਦੇਣ ਨੂੰ ਤਰਜੀਹ ਦਿੰਦਾ ਹੈ ਤਾਂ ਜੋ ਸ਼ਾਇਦ ਸਾਡੇ ਸਮਾਜ ਅਤੇ ਰਿਸ਼ਤੇਦਾਰੀ ਵਿੱਚ ਨੱਕ ਰੱਖ ਲਿਆ ਜਾ ਸਕੇ।

ਭਾਵੇਂ ਕਿ ਇਹ ਹਰ ਕਿਸੇ ਪਰਿਵਾਰ ਦਾ ਆਪਣਾ ਨਿੱਜੀ ਮਾਮਲਾ ਹੈ , ਪਰ ਹਰ ਘਰ – ਪਰਿਵਾਰ ਦੀ ਘਰੇਲੂ , ਮਾਇਕ (ਆਰਥਿਕ) ਤੇ ਸਮਾਜਿਕ ਸਥਿਤੀ ਵੀ ਤਾਂ ਇੱਕੋ ਜਿਹੀ ਨਹੀਂ ਹੁੰਦੀ , ਜੋ ਉਹ ਵੱਡੇ , ਉੱਚੇ , ਅਮੀਰ ਅਤੇ ਸ਼ਾਹੂਕਾਰ ਪਰਿਵਾਰਾਂ ਵਾਂਗ ਰਸਮਾਂ – ਰੀਤਾਂ ਨੂੰ ਨਿਭਾ ਸਕੇ। ਪਰ ਜੇਕਰ ਅਸੀਂ ਸਾਰੇ ਆਪਣੇ ਸਮਾਜ ਨੂੰ ਵਧੀਆ , ਦਿਖਾਵਾ – ਰਹਿਤ , ਖੁਸ਼ਹਾਲ ਅਤੇ ਤਰੱਕੀ ਪਸੰਦ ਤੇ ਅਮਨ – ਭਰਪੂਰ ਬਣਾਉਣ ਲਈ ਸੋਚਦੇ ਹਾਂ , ਤਾਂ ਸਾਨੂੰ ਸ਼ਾਇਦ  “ਸਵੈ” ਤੋਂ , ਘਰ – ਪਰਿਵਾਰ ਤੋਂ , ਖੁਦ ਤੋਂ ਚੰਗੀ ਸੋਚ ਅਪਣਾ ਕੇ ਚੰਗੀ ਪਹਿਲ ਕਰਨੀ ਪਵੇਗੀ ।

ਇਸੇ ਤਰ੍ਹਾਂ ਸਾਨੂੰ ਭਾਰੀ – ਭਰਕਮ ਖਰਚਿਆਂ ਵਾਲੀਆਂ ਰੀਤੀਆਂ , ਰਸਮਾਂ , ਦਿਖਾਵਿਆਂ ਆਦਿ ਪਰੰਪਰਾਵਾਂ ਨੂੰ ਖੁਦ ਤੋਂ ਠੱਲ੍ਹ ਪਾਉਣ ਦੀ ਪਹਿਲ ਯਕੀਨੀ ਬਣਾਉਣੀ ਚਾਹੀਦੀ ਹੈ। ਸਾਨੂੰ ਅਜਿਹੀ ਚੰਗੇਰੀ ਭੂਮਿਕਾ ਨਿਭਾਉਣ ਲਈ ” ਦੁਨੀਆ ਕੀ ਕਹੇਗੀ ? ” ਵਾਲੀ ਸੰਕੀਰਨ , ਸੌੜੀ ਸੋਚ ਅਤੇ ਭਾਵਨਾ ਤੋਂ ਮੁਕਤ ਹੋਣਾ ਪੈਣਾ ਹੈ। ਜੇਕਰ ਅਸੀਂ (ਮ੍ਰਿਤੂ ਭੋਗ) ਭੋਗ ਦੀ ਰਸਮ ਨੂੰ ਸਾਦੇ ਤੌਰ ‘ਤੇ ਅਪਣਾ ਕੇ ਜਾਂ ਸਵੈ – ਇੱਛਾ ਅਨੁਸਾਰ ਸਵੈ – ਖੁਸ਼ਹਾਲੀ ਲਈ ਖ਼ਤਮ ਕਰਕੇ  ਨਵੀਂ ਪਿਰਤ ਪਾ ਲਈਏ ਤਾਂ ਗ਼ਰੀਬ ਅਤੇ ਮੱਧ ਵਰਗ ਦੇ ਲੋਕਾਂ ਲਈ ਤਾਂ ਕਈ ਆਰਥਿਕ ਤੇ ਹੋਰ ਸਮੱਸਿਆਵਾਂ ਗਲੇ ਦੀ ਹੱਡੀ ਨਹੀਂ ਬਣ ਸਕਣਗੀਆਂ।

ਇਸ ਲਈ ਸਾਨੂੰ ਖੁਦ ਨੂੰ , ਪਰਿਵਾਰ ਨੂੰ ਤੇ ਸਮਾਜ ਨੂੰ ਆਪਣੀ ਸੋਚ ਵਿਸ਼ਾਲ ਤੇ ਸੁਚਾਰੂ ਬਣਾਉਣੀ ਪਵੇਗੀ। ਇਸ ਤਰ੍ਹਾਂ ਖਰਚਾ ਘਟਾ ਕੇ ਅਸੀਂ ਆਪਣੇ ਸਮਾਜ ਲਈ ਲੋਕ ਭਲਾਈ ਦੇ ਚੰਗੇ ਕਾਰਜ ਵੀ ਕਰ ਸਕਦੇ ਹਾਂ , ਜਿਸ ਨਾਲ ਅਨੇਕਾਂ ਸਮਾਜਿਕ ਸਮੱਸਿਆਵਾਂ ਦਾ ਹੱਲ ਵੀ ਖ਼ੁਦ – ਬ – ਖ਼ੁਦ ਹੋ ਜਾਵੇਗਾ ਅਤੇ ਸਾਡਾ ਘਰ – ਪਰਿਵਾਰ , ਸਾਡਾ  ਸਮਾਜ ਤੇ ਸਾਡਾ ਦੇਸ਼ ਕਈ ਔਕੜਾਂ ਤੋਂ ਛੁਟਕਾਰਾ ਪਾ ਕੇ ਖੁਸ਼ਹਾਲ ਹੋ ਸਕੇਗਾ।

 ”  ਘਰ – ਘਰ ਹੋਵੇ ਖੁਸ਼ੀ – ਖੁਸ਼ਹਾਲੀ , ਹਰ – ਘਰ ਹੋਵੇ ਖੁਸ਼ੀ – ਖੁਸ਼ਹਾਲੀ ।” ਉਮੀਦ ਕਰਦੇ ਹਾਂ ਕਿ ਸਾਡਾ ਸਮਾਜ ਚੰਗੇ ਪਾਸੇ , ਚੰਗੀਆਂ ਗੱਲਾਂ ਤੇ ਖੁਸ਼ੀ – ਖੁਸ਼ਹਾਲੀ ਦੇ ਰਸਤੇ ਨੂੰ ਜ਼ਰੂਰ ਸਵੈ – ਇੱਛਾ ਅਨੁਸਾਰ ਅਪਣਾਏਗਾ। ਪ੍ਰਮਾਤਮਾ ਹਰ ਘਰ – ਸਮਾਜ ਨੂੰ ਸੁੱਖ , ਸ਼ਾਂਤੀ , ਤਰੱਕੀ , ਖ਼ੁਸ਼ਹਾਲੀ ਬਰਕਤ ਤੇ ਤੰਦੁਰੁਸਤੀ ਪ੍ਰਦਾਨ ਕਰੇ ਅਤੇ ਸਾਡਾ ਪਿਆਰਾ ਦੇਸ਼ ਤੇ ਸਮਾਜ ਨਵੀਂ ਸੋਚ ਲੈ ਕੇ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹੇ ।
ਜੈ ਹਿੰਦ ।
 ਮਾਸਟਰ ਸੰਜੀਵ ਧਰਮਾਣੀ .
 ਸ੍ਰੀ ਆਨੰਦਪੁਰ ਸਾਹਿਬ .
9478561356 .
Previous articleਸਰਕਾਰੀ ਰਾਸ਼ਨ ਲੈਣ ਲਈ ਔਰਤਾਂ ਦੀ ਖੱਜਲ-ਖੁਆਰੀ
Next articleਕੈਟਰੀਨਾ ਕੈਫ ਹਰ ਸਾਲ ਕਮਾਉਂਦੀ ਹੈ ਕਰੋੜਾਂ ਰੁਪਏ, ਜਾਣੋ ਕਿੱਥੇ ਕਰਦੀ ਹੈ ਖ਼ਰਚ