“ਸਪੈਸ਼ਲ ਸੈਸ਼ਨ “

ਪ੍ਰੋਫੈਸਰ ਗੁਰਮੀਤ ਸਿੰਘ

(ਸਮਾਜ ਵੀਕਲੀ)

“ਕਿਵੇਂ ਜਾਗਰਾ ਅੱਜ ਦੁਪਹਿਰੇ ਹੀ ਤਾਰੇ ਚੜ੍ਹਾਈ ਫਿਰਦਾਂ!”  ਜਾਗਰ ਨੂੰ ਪਿੰਡੋਂ ਬਾਹਰ ਬਾਹਰ ਅਹਾਤੇ ਤੇ ਬੈਠੇ ਨੂੰ ਮਜ਼ਾਕ ਕਰਦਾ ਬਿਸਨਾ ਬੋਲਿਆ।

” ਤੈਨੂੰ ਤਾਂ ਪਤਾ ਹੀ ਹੈ ਵੀਰ ਪੁੱਤ ਨੇ ਦੁਖੀ ਕਰ ਮਾਰਿਆ” ਜਾਗਰ  ਆਪਣਾ ਦੁੱਖ ਦੱਸਦਾ ਹੋਇਆ ਬੋਲਿਆ।

ਹੁਣ ਕੀ ਕਰਤਾ ਉਹਨੇ ?

ਪੱਟਤਾ ਨਸ਼ਿਆਂ ਨੇ, ਕੰਜਰ ਨੇ ਘਰ ਨੂੰ ਉਜਾੜਤਾ, ਨਾ ਮਾਂ ਦਾ ਖਿਆਲ ਨਾ ਪਿਉ ਦਾ।

“ਵੀਰ ਤੂੰ ਇੰਝ ਕਰ, ਵਿਆਹ ਕਰ ਦੇ ਉਹਦਾ”  ਬਿਸਨੇ ਨੇ ਠੇਕੇ ਤੋਂ ਪਊਆ ਲੈ ਗਲਾਸ ਚ ਪੈਗ ਪਾਉਂਦਿਆਂ ਕਿਹਾ।

” ਨਾ ਬਾਈ ਨਾ, ਆਪਾਂ ਨੀ ਕਿਸੇ ਦੀ ਧੀ ਦੀ ਜ਼ਿੰਦਗੀ ਖ਼ਰਾਬ ਕਰਨੀ ਆ, ਇਹਨੇ ਤਾਂ ਉਜਾੜ ਹੀ ਲਈ ਆਪਣੀ ਜ਼ਿੰਦਗੀ। ਆਪਾਂ ਤਾਂ ਬੇਦਖ਼ਲ ਕਰ ਦਿੱਤਾ ਹੁਣ-ਜਾਗਰ ਨੇ ਬਿਸਨੇ ਨੂੰ ਕਿਹਾ।

ਬੱਸ ਹੁਣ ਤਾਂ ਫਿਰ ਉਹ ਆਪੇ ਸੁਧਰ ਜਾਊ ,ਜਦੋਂ ਕਿਸੇ ਆਨਾ ਨਾ ਦਿੱਤਾ,।

ਬਿਸਨਾ ਪੈਗ ਮੁਕਾਉਂਦਾ ਹੋਇਆ ਬੋਲਿਆ।

ਆਪਾਂ ਤਾਂ  ਚੱਲੇ ਫਿਰ ਘਰ ਨੂੰ, ਤੂੰ ਵੀ ਆ ਜਾਈਂ ਵੀਰ ਆਪੇ ਮਾਲਕ ਕਰੂ ਠੀਕ ਸਭ ਕੁੱਝ।

ਸੂਰਜ  ਛਿਪਦੇ ਹੀ ਪੱਪੂ ਦੇ ਅਹਾਤੇ ਤੇ ਰੌਣਕ ਮੇਲਾ ਜਿਹਾ ਲੱਗ ਜਾਂਦਾ, ਪਿੰਡ ਦੇ ਬਹੁਤੇ ਬੰਦੇ ਸ਼ਰਾਬ ਪੀਣ ਇੱਥੇ ਹੀ ਆ ਜੁੜਦੇ।
ਸ਼ਾਮ ਦੇ ਸੱਤ ਕੁ ਦਾ ਸਮਾਂ ਸੀ

” ਤਾਇਆ ਜ਼ਮਾਨਾ ਬਦਲ ਗਿਆ ਬਿਗਾਨੇ ਬੰਦੇ ਨੂੰ ਘਰੇ ਵਾੜਣਾ ਘਰ ਲਟਾਉਣ ਵਾਲਾ ਕੰਮ ਹੈ”। ਚੰਨਾਂ ਤੇ ਤਾਇਆ ਆਪਸ ਵਿੱਚ ਸ਼ਰਾਬ ਪੀਂਦੇ ਪੀਂਦੇ ਗੱਲਾਂ ਕਰ ਰਹੇ  ਸਨ।

” ਨਹੀਂ ਚੰਨਿਆ ਦੁਨੀਆਂ ਤੇ ਹਾਲੇ ਵੀ ਭਲੇ ਪੁਰਸ਼ ਜਿਉਂਦੇ ਨੇ, ਪੰਜੇ ਉਂਗਲਾਂ ਬਰਾਬਰ ਨੀ ਹੁੰਦੀਆਂ”। ਤਾਇਆ ਬਿੰਦਰ  ਕੁਰਸੀ ਤੇ ਬੈਠਦਿਆਂ ਬੋਲਿਆ।

“ਸਹੀ ਬਾਤ ਬੋਲਾ ਹੈ ਬਾਬੂ ਜੀ ਨੇ ਬਿਲਕੁੱਲ ਸਹੀ, ਸਭੀ ਆਦਮੀ ਏਕ ਜੈਸਾ ਨਹੀਂ ਹੋਤਾ ” ਰਾਜੂ (ਬਿਹਾਰ ਦਾ ਰਹਿਣ ਵਾਲਾ) ਨੇ ਭੂਜੀਏ ਨਾਲ ਲਿਬੜਿਆ ਹੋਇਆ ਮੂੰਹ ਸਾਫ ਕਰਦਿਆਂ ਤਾਏ ਨੂੰ ਕਿਹਾ।

” ਉਏ ਬਇਆ ਤੂੰ ਚੁੱਪ ਕਰ, ਪੀ ਕੇ ਘੁੱਟ ਕਿਵੇਂ ਚਵਰ ਚਵਰ ਬੋਲੀ ਜਾਦਾਂ”। ਚੰਨੇ ਨੇ ਰਾਜੂ ਨੂੰ ਝਿੜਕਦਿਆਂ ਕਿਹਾ।

” ਬੋਲੋ ਸਰਦਾਰ ਜੀ ਹਮਨੇ ਕਿਆ ਕੋਈ ਝੂਠ ਬੋਲਾ ਹੈ, ਜੋ ਹੈ ਬੋਲ ਦੀਆ, ਹਮ ਕੋ ਵੇਖ ਲੈ ਹਮ ਪਿੰਡ ਮੈਂ ਹਰ ਘਰ  ਕਾਮ ਕਰਕੇ ਆਤਾ ਹੂੰ, ਹਮ ਕੋ ਤੋ ਕੋਈ ਵੀ ਬੁਰਾ ਨਹੀਂ ਬੋਲਤਾ।

” ਉਹ ਤੇਰੇ ਹੀ ਭਰਾ ਸੀ ਜਿਹੜੇ ਗੁਰਨਾਮੇ ਕੇ ਘਰੋਂ ਪੈਸਾ ਨਾਲੇ ਸੋਨਾ ਚੱਕ ਕੇ ਭੱਜ ਗਏ ਸਨ ਨਾਲੇ ਇੱਕ ਬਇਆ ਤਾਂ ਸਾਲਾ ਪਿੰਡੋਂ  ਕੁੜੀ ਲੈ ਕੇ ਭੱਜ ਗਿਆ ਸੀ, ਆਇਆ ਵੱਡਾ ਇੱਜਤਦਾਰ।

” ਉਏ ਤੂੰ ਚੁੱਪ ਕਰ ਰਾਜੂ, ਤੂੰ ਆਪਣੀ ਦਾਰੂ ਪੀ ਦੂਜਿਆਂ ਦੀ ਗੱਲ ਚ ਦਖ਼ਲ ਨੀ ਦੇਈਦਾ ” ਪੱਪੂ ਨੇ ਅੰਡਿਆਂ ਦੀ ਪਲੇਟ ਰਾਜੂ ਅੱਗੇ ਧਰਦੇ ਹੋਇਆ ਬੋਲਿਆ।

ਨਹੀਂ ਪੱਪੂ ਬਾਈ ਮੈਂ ਬੋਲ ਰਹਾਂ ਹੂੰ ਕਿ ਬੋ ਬਿਹਾਰੀ ਨਹੀਂ ਹੋਵੇਗਾ ਕਿਸੀ ਓਰ ਦੇਸ਼ ਕਾ ਹੋਗਾ।

” ਲੈ ਤਾਇਆ ਸੈਕਟਰੀ ਸਾਹਿਬ ਵੀ ਆ ਗੲੇ ਨਾਲੇ ਆਪਣੇ ਮਾਸਟਰ ਜੀ।” ਚੰਨੇ ਨੇ ਤਾਏ ਨੂੰ ਕਹਿੰਦੇ ਬੈਂਚ ਜਾ ਨੇੜੇ ਕਰ ਲਿਆ।

ਕੀ  ਗੱਲ ਸੈਕਟਰੀ ਸਾਹਿਬ ਲੇਟ ਹੋ ਗੲੇ ਅੱਜ ? ਤਾਏ ਬਿੰਦਰ ਨੇ ਹੱਸਦਿਆਂ ਕਿਹਾ

ਲੇਟ ਤਾਂ ਹੋਣਾ ਸੀ ਇੱਕ ਆ ਥਾਂ ਥਾਂ ਧਰਨੇ- ਮੁਜ਼ਾਹਰੇ ਲੱਗੇ ਪੲੇ ਨੇ, ਰਸਤੇ ਬਦਲ ਬਦਲ ਆਉਣਾ ਪੈਂਦਾ , ਤੁਹਾਡੀ ਤਾਂ ਸਰਕਾਰ ਐ ਤਾਇਆ ਕੇਂਦਰ ਚ ਤੁਸੀਂ ਹੀ ਕਰੋ ਇਸ ਦਾ ਕੋਈ ਹੱਲ”। ਸਕੈਟਰੀ ਗਰਦੀਪ  ਨੇ  ਤਾਏ ਨੂੰ ਕਹਿ ਆਪਣਾ ਗੁੱਸਾ ਠੰਢਾ ਕੀਤਾ।

“ਪੱਪੂ ਸੈਕਟਰੀ ਸਾਹਿਬ ਨੂੰ  ਦੇ ਬਰਫ ਨਾਲੇ ਠੰਢਾ ਪਾਣੀ ਬਾਲਾ ਹੀ ਗਰਮ ਹੋਏ ਫਿਰਦੇ  ਨੇ ” ਚੈਅਰਮੈਨ ਨੇ ਪੱਪੂ ਅਵਾਜ਼ ਮਾਰ ਕਿਹਾ।
ਸੈਕਟਰੀ ਸਾਹਿਬ ਕਿਤੇ ਕਾਮਰੇਡ ਜੀਤੇ ਤੋਂ ਘੱਟ ਨੇ, ਬੈਠੋ ਸਾਬ ਬੋਲੋ ਕੀ ਖਾਣਾ ਪੀਣਾ ਅੱਜ , ਮਾਸਟਰ ਜੀ  ਆ ਕਰੋ ਮਸਲਾ  ਹੱਲ”। ਪੱਪੂ ਨੇ ਕੁਰਸੀਆਂ ਸਾਫ ਕਰਦਿਆਂ ਕਰਦਿਆਂ ਬੋਲਿਆ।

ਪੱਪੂ ਇਹਨਾਂ ਦੇ ਮਸਲੇ ਹੱਲ ਨੂੰ ਮੈਂ ਕਿਹੜਾ ਇਹਨਾਂ ਦਾ ਕੈਬਨਿਟ ਮੰਤਰੀ ਆ ਜੋ  ਪਾਰਲੀਮੈਂਟ ਦੇ ਸੈਸ਼ਨ ਵਾਂਗੂੰ ਇਹਨਾਂ ਦੇ ਸਵਾਲਾਂ ਦਾ ਜਵਾਬ ਦੇਵਾਂ, ਨਾਲੇ ਸਾਨੂੰ ਤਾਂ ਆਹ  ਸਰਕਾਰ ਨੇ ਰੱਖਿਆ ਪੜਾਉਣ ਲਈ ਆ ਪਰ ਕੰਮ ਪਤਾ ਨੀ ਕਿਹੜਾ-ਕਿਹੜਾ ਕਰਵਾਈ ਜਾਂਦੀ ਨੇ , ਕਹਿੰਦੇ ਵਿਹਲੇ ਨੀ ਰਹਿਣ ਦੇਣਾ,  ਫਿਰ ਕਹਿੰਦੇ ਜਵਾਕ ਪੜਦੇ ਨੀ।   ਮਾਸਟਰ ਜਗਦੇਵ ਨੇ ਪੱਪੂ ਨੂੰ ਸਮਝਾਉਂਦੇ  ਗਲਾਸ ਨੂੰ ਪਾਣੀ ਨਾਲ ਦੁਬਾਰਾ ਸਾਫ ਕਰਦਿਆਂ ਪੈਗ ਪਾਉਂਦਿਆਂ ਪਾਉਂਦਿਆਂ ਬੋਲੇ।

“ਮਾਸਟਰ ਜੀ ਕਿਵੇਂ ਪਾਰਲੀਮੈਂਟ ਦਾ ਸੈਸ਼ਨ ਚਲਾ ਛੱਡਿਆ, ਹੋ ਰਹੇ ਨੇ ਫਿਰ ਸਵਾਲ ਜਵਾਬ” ਸਕੂਟਰ ਦਾ ਸਟੈਂਡ ਲਗਾਉਂਦਿਆਂ  ਕਾਮਰੇਡ ਜੀਤੇ ਨੇ ਮਾਸਟਰ ਜੀ  ਦੀ ਗੱਲ ਨੂੰ ਅੱਗੇ  ਵਧਾਇਆ।

” ਬੜੀ ਲੰਮੀ ਉਮਰ ਆ ਜੀ ਤੁਹਾਡੀ ਕਾਮਰੇਡ ਸਾਹਿਬ ਹੁਣੇ ਹੁਣੇ ਤੁਹਾਡਾ ਜ਼ਿਕਰ ਹੋ ਰਿਹਾ ਸੀ” ਪੂੱਪੂ ਨੇ ਖਾਲੀ ਗਲਾਸ ਕਾਮਰੇਡ ਸਾਹਿਬ ਦੇ ਸਾਹਮਣੇਂ ਧਰਦਿਆਂ ਬੋਲਿਆ।

” ਕੋਈ ਬੋਲ ਤਾਂ ਮਾਰੇ ਅਸੀਂ ਕਾਮਰੇਡ ਤਾਂ ਝੱਟ ਹਾਜ਼ਰ ਹੋ ਜਾਦੇਂ ਹਾਂ,  ਪਰ ਗੱਲ ਹੱਕ ਦੀ ਹੋਵੇ” ਕਾਮਰੇਡ ਜੀਤੇ ਨੇ ਬੈਂਚ ਤੇ ਬੈਠਦਿਆਂ ਸਭ ਨੂੰ ਸੰਬੋਧਨ ਕਰਦਿਆਂ ਪੱਪੂ ਨੂੰ ਜਵਾਬ ਦਿੱਤਾ।

” ਜੀਤਿਆ ਹੁਣ ਤਾਂ ਕਾਮਰੇਡਾਂ ਦਾ ਖ਼ਾਤਮਾ ਜਾ ਹੋ ਗਿਆ ਹੁਣ ਤਾਂ  ਕਾਮਰੇਡ ਵੀ ਗੋਗੜਾਂ ਕੱਢ ਆਏ”। ਚੈਅਰਮੈਨ ਨੇ ਹੱਸਦਿਆਂ ਹੋਇਆਂ ਬੋਲਿਆ।

” ਨਹੀਂ ਤਾਇਆ ਕਾਮਰੇਡਾਂ ਨੇ ਬਹੁਤ ਸਮਝਾਇਆ ਲੋਕਾਂ ਨੂੰ ਇਹ ਸਰਕਾਰ ਦੀਆਂ ਮਾੜੀਆਂ ਨੀਤੀਆਂ ਬਾਰੇ ਪਰ ਇਹਨਾਂ ਲੋਕਾਂ ਦੇ ਕੰਨੀਂ ਜੂੰ ਨਾ ਸਰਕੀ ਹੁਣ ਭੁਗਤੋ ਨਿੱਜੀਕਰਨ ਅਤੇ ਨਵੇਂ ਨਵੇਂ ਬਿੱਲ ਦੇ ਨਤੀਜੇ, ਨਾਲੇ ਹੁਣ ਕਾਮਰੇਡਾਂ ਦਾ ਸਮਾਂ ਮੁੜ ਆ ਗਿਆ” ਕਾਮਰੇਡ ਜੀਤੇ ਨੇ ਪੈੱਗ ਪੀਂਦਿਆਂ ਬੋਲਿਆ।

” ਇਹ ਗੱਲ ਤਾਂ ਤੇਰੀ ਸਹੀ ਆ ਜੀਤਿਆ, ਪਰ ਹੁਣ ਸਾਡੇ ਲੋਕ ਲੇਟ ਹੋ ਗੲੇ, ਨਾਲੇ ਦੱਬ ਲੲੇ ਭਿ੍ਸ਼ਟਾਚਾਰ ਨੇ” । ਸੈਕਟਰੀ ਨੇ ਜੀਤੇ ਦੀ ਗੱਲ ਦਾ ਹੂੰਗਾਰਾ ਭਰਿਆ।

” ਨਾ ਅੰਕਲ ਜੀ ਅਭੀ ਵੀ  ਕੋਈ ਦੇਰ ਨੀ ਹੋਈ, ਅਭੀ ਵੀ ਸਮਾਂ ਹੈ ਅਭੀ ਵੀ ਨਿੱਜੀਕਰਨ ਔਰ ਜੋ ਜੇ ਮਾਰੂ ਬਿੱਲ ਆਏਂ ਹੈਂ ਇਨਕੋ ਰੋਕਾ ਜਾ ਸਕਤਾ ਹੈ, ਹਮਕੋ ਸਰਕਾਰ ਕਾ ਵਿਰੋਧ ਕਰਨੇ ਕਾ ਅਧਿਕਾਰ ਵੀ ਹੈ ਜੇਕਰ ਸਰਕਾਰ ਕੋਈ ਗਲਤ ਕਾਮ ਕਰੇ ਤੋਂ”।  ਠੇਕੇ ਤੇ ਕੰਮ ਕਰਦੇ ਕਰਿੰਦੇ ਅਜੈ ( ਜੋ ਬਿਹਾਰ ਤੋਂ ਬੀ.ਐਸ. ਸੀ. ਕਰਕੇ ਰੋਜ਼ਗਾਰ ਨਾ ਮਿਲਣ ਕਾਰਨ ਘਰ ਛੱਡ ਦੂਜੇ ਰਾਜ ਨੀਗੂਣੀ ਤਨਖਾਹਾਂ ਤੇ ਕੰਮ ਕਰਦਾ ਹੈ) ਬੋਲਿਆ ।

” ਸਾਡੇ ਲੋਕਾਂ ਨੂੰ ਚੰਗਾ ਮਾੜਾ ਨੀ ਪਤਾ ਲੱਗਦਾ ਉਹਨਾਂ ਦੀ ਵੋਟ ਵੀ ਵਿਕਾਊ ਏ ਕਦੇ ਬੋਤਲ ਪਿੱਛੇ ਕਦੇ ਨੋਟ ਪਿੱਛੇ”।

ਸੈਕਟਰੀ ਨੇ ਅਜੈ ਨੂੰ ਸਮਝਾਇਆ।

” ਤਾਇਆ ਮੈਂ ਸੁਣਿਆ ਤੇਰੀ ਨੂੰਹ ਨੇ ਵੀ ਚੈਅਰਮੈਨੀ ਛੱਡ ਦਿੱਤੀ” ਕਾਮਰੇਡ ਜੀਤੇ ਨੇ ਤਾਏ ਨੂੰ ਕਹਿ ਗੱਲ ਅੱਗੇ ਤੋਰੀ।

“ਅਸੀਂ ਲੋਕਾਂ ਦਾ ਦਰਦ ਜਾਣਦੇ ਹਾਂ, ਲੋਕਾਂ ਦੇ ਨਾਲ ਹੀ ਖੜਾਂਗੇ ਕੀ ਕਰਨੀਆਂ ਇਹੋ ਜਿਹੀਆਂ ਚੈਅਰਮੈਨੀਆਂ ਜ਼ੋ ਲੋਕਾਂ ਦਾ ਭਲਾ ਹੀ ਨਾ ਕਰਨ ” ਤਾਏ ਬਿੰਦਰ ਨੇ ਮੁੱਛਾਂ ਤੇ ਹੱਥ ਫੇਰਦਿਆਂ ਬੋਲਿਆ।

“ਗੱਲ ਤਾਂ ਪੱਕੀ ਏ ਤੇਰੀ ਤਾਇਆ,  ਨਾਲੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵੀ ਲੜਨੀਆਂ  ਨੇ ਜੇ ਅੱਜ ਲੋਕਾਂ ਨਾਲ ਖੜੋਗੇਂ ਤਾਂ ਲੋਕ ਵੋਟਾਂ ਕਿੱਥੋਂ  ਪਾਉਣਗੇ”। ਮਾਸਟਰ ਨੇ ਵੀ ਆਪਣੇ ਮਨ ਆਈ ਕਹਿ ਛੱਡੀ।

“ਇਹ ਸਾਡੀਆਂ ਸਰਕਾਰਾਂ ਹੀ ਮਾੜੀਆਂ ਨੇ ਪੈਸੇ ਦੀ ਭੁੱਖ ਇਹਨਾਂ ਨੂੰ ਕੇਂਦਰ ਸਰਕਾਰ ਅੱਗੇ ਝੁਕਾਉਂਦੀ ਹੈ ਨਾਲੇ ਅਵਾਦੇ ਵੀ ਢਿੱਡ ਵੀ ਭਰਨੇ ਨੇ ਇਹਨਾਂ ਨੇ” ਸੈਕਟਰੀ ਨੇ ਘੜੀ ਤੇ ਟਾਇਮ ਵੇਖਿਆ ਤੇ ਗਲਾਸ ਖਾਲੀ ਕਰ ਮੇਜ ਤੇ ਰੱਖ ਦਿੱਤਾ।

ਪੱਪੂ ਨੇ ਵੇਖਿਆ ਮੌਹਲ ਭੱਖ ਰਿਹਾ ਹੈ ਕਿਤੇ ਗੱਲ ਹੋਰ ਨਾ ਵੱਧ ਜਾਵੇ ਸਾਰਿਆਂ ਦਾ ਹੋਰ ਪਾਸੇ ਲਗਾਉਣ ਲਈ ਹੱਸਦਿਆਂ ਹੱਸਦਿਆਂ ਕਹਿਣ ਲੱਗਾ  ” ਚੱਲੀਏ ਸਾਬ ਹੁਣ ਜੇ ਪਾਰਲੀਮੈਂਟ ਦਾ ਸੈਸ਼ਨ ਖਤਮ ਹੋ ਗਿਆ ਹੋਵੇ ਤਾਂ  ਜੇ ਆ ਗਿਆ ਹੋਵੇ ਇਨਕਲਾਬ ਤਾਂ, 11 ਵੱਜਗੇ ਜੀ।

” ਅਬ ਵੀ ਲੋਕ ਨਾ  ਜਾਗੇ ਤੋਂ ਫਿਰ ਹਮਾਰੀ ਤਰ੍ਹਾਂ ਆਪ ਕੇ ਬੱਚੋਂ ਕੋ ਵੀ ਦੁਸਰੇ ਦੇਸੋਂ ਮੇਂ ਜਾਣਾ ਪੜੇਗਾ ਰੋਜ਼ਗਾਰ ਕੇ ਲੀਇਏ। ” ਅਜੈ ਨੇ ਆਪਣੀ ਗੱਲ ਕਹਿ ਕੁਰਸੀ ਤੇ ਬੈਠ ਗਿਆ।

” ਮੈਂ ਤਾਂ ਕੱਲ ਫਿਰ ਆਉਣਾ ਸਵੇਰੇ ਸਵੇਰੇ ਦੁਕਾਨ ਖੋਲ੍ਹਣ ਇਸਨੇ ਰੋਟੀ ਦੇਣੀ ਆ ਮੈਨੂੰ ਤਾਂ” ਪੱਪੂ ਨੇ ਮੇਜ਼ ਤੋਂ ਵੀ ਖਾਲੀ ਪਲੇਟਾਂ ਚੁੱਕਦੇ ਹੋਇਆ ਬੋਲਿਆ।

“ਸਾਰਿਆਂ ਨੇ ਇਕੋ ਆਵਾਜ਼ ਚ ਪੱਪੂ ਨੂੰ   ਜਵਾਬ ਦਿੱਤਾ ” ਚੰਗਾ ਜੀ ਸਪੀਕਰ ਸਾਹਿਬ ਜ਼ੋ ਹੁਕਮ ੳੁਹ ਸਿਰ ਮੱਥੇ।”

ਅਸਿ. ਪ੍ਰੋ. ਗੁਰਮੀਤ ਸਿੰਘ
ਸਰਕਾਰੀ ਕਾਲਜ, ਮਾਲੇਰਕੋਟਲਾ
ਮੋਬ. ਨੰ. 9417545100

Previous articleਪਿੰਡ ਲਿਬੜਾ ਦਾ ਅਗਾਹਵਧੂ ਕਿਸਾਨ ਜਸਦੇਵ ਸਿੰਘ ਪੁੱਤਰ ਤਰਲੋਚਨ ਸਿੰਘ ਕਿਸਾਨਾਂ ਲਈ ਮਿਸਾਲ ਬਣਿਆ
Next articleਸਾਡੀ ਕਾਰਪੋਰੇਟ ਨਾਲ ਯਾਰੀ