ਪਿੰਡ ਲਿਬੜਾ ਦਾ ਅਗਾਹਵਧੂ ਕਿਸਾਨ ਜਸਦੇਵ ਸਿੰਘ ਪੁੱਤਰ ਤਰਲੋਚਨ ਸਿੰਘ ਕਿਸਾਨਾਂ ਲਈ ਮਿਸਾਲ ਬਣਿਆ

(ਸਮਾਜ ਵੀਕਲੀ) : ਪਿੰਡ ਲਿਬੜਾ ਦਾ ਅਗਾਹਵਧੂ ਕਿਸਾਨ ਜਸਦੇਵ ਸਿੰਘ ਪੁੱਤਰ ਤਰਲੋਚਨ ਸਿੰਘ ਝੋਨੇ ਦੀ ਪਰਾਲੀ ਦੇ ਨਾੜ ਨੂੰ ਸਾੜੇ ਬਗੈਰ ਖੇਤੀ ਕਰਨ ਕਰਕੇ ਦੂਜੇ ਕਿਸਾਨਾਂ ਲਈ ਮਿਸਾਲ ਬਣਿਆ ਹੈ। ਜਸਦੇਵ ਸਿੰਘ 95 ਏਕੜ ਵਿੱਚ ਖੇਤੀਬਾੜੀ ਕਰਦਾ ਹੈ ਅਤੇ ਉਨ੍ਹਾਂ ਨੇ ਕਦੇ ਵੀ ਆਪਣੇ ਖੇਤਾਂ ਵਿੱਚ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾਈ ਹੈ।

ਖੇਤਾਂ ਵਿੱਚ ਅੱਗ ਨਾ ਲਗਾਉਣ ਕਾਰਨ ਜਸਦੇਵ ਸਿੰਘ ਘਰ ਦੇ ਖੇਤਾਂ ਦੀ ਜ਼ਮੀਨ ਦੀ ਉਪਜਾਊ ਸ਼ਕਤੀ ਪੂਰੀ ਤਰਾਂ ਕਾਇਮ ਹੈ, ਜਿਸ ਕਾਰਨ ਉਸਦੀਆਂ ਫਸਲਾਂ ਦਾ ਝਾੜ ਦੂਸਰੇ ਕਿਸਾਨਾਂ ਦੇ ਨਾਲੋਂ ਵੱਧ ਨਿਕਲਦਾ ਹੈ। ਉਸ ਨੇ ਦੱਸਿਆ ਕਿ ਆਪਣੀ ਖੇਤੀ ਵਿਚੋਂ ਵੱਧ ਉਪਜ ਲੈਣ ਲਈ ਉਹ ਖੇਤੀ ਮਾਹਿਰਾਂ ਦੀ ਸਿਫ਼ਾਰਸ਼ਾਂ ਨੂੰ ਅਪਨਾਉਂਦਾ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਖੰਨਾ ਨੇ ਕਿਸਾਨ ਨੂੰ ਕਿਸਾਨਾਂ ਦਾ ਗਰੁੱਪ ਬਣਾਉਣ ਲਈ ਪ੍ਰੇਰਿਤ ਕੀਤਾ।

ਜਸਦੇਵ ਸਿੰਘ ਨੇ ਕਿਸਾਨਾਂ ਦਾ ਗਰੁੱਪ ਲਿਬੜਾ ਖੇਤੀਬਾੜੀ ਦੇ ਨਾਮ ਨਾਲ ਰਜਿਸਟਰ ਕਰਵਾਇਆ ਹੈ। ਖੇਤਾਂ ਵਿੱਚ ਪਰਾਲੀ ਅਤੇ ਨਾੜ ਨੂੰ ਅੱਗ ਲਗਾਉਣਾ ਜਿਥੇ ਵਾਤਾਵਰਨ ਲਈ ਹਾਨੀਕਾਰਨ ਹੈ ਉਥੇ ਇਹ ਖੇਤਾਂ ਲਈ ਵੀ ਬਹੁਤ ਹੀ ਘਾਤਕ ਹੈ। ਕੰਬਾਇਨ ਰਾਹੀਂ ਝੋਨੇ ਦੀ ਕਟਾਈ ਤੋਂ ਬਾਅਦ ਉਹ ਮਲਚਰ ਰਾਹੀਂ ਪਰਾਲੀ ਨੂੰ ਕੁਤਰਾ ਕਰ ਦਿੰਦਾ ਹੈ ਅਤੇ ਕੁਝ ਦਿਨ ਬਾਅਦ ਉਹ ਪੀ.ਏ.ਯੂ. ਹੈਪੀਸੀਡਰ ਦੇ ਨਾਲ ਖੇਤ ਵਿੱਚ ਸਿੱਧੀ ਕਣਕ ਦੀ ਬਿਜਾਈ ਕਰ ਦਿੰਦਾ ਹੈ।

ਕਣਕ ਦੇ ਬੀਜ ਨੂੰ ਜੀਵਾਣੂ ਖਾਦ ਨਾਲ ਸੋਧਣਾ ਵੀ ਜਰੂਰੀ ਹੈ ਕਿਉਂ ਕਿ ਇਸ ਨਾਲ ਝਾੜ ਵਿੱਚ ਵਾਧਾ ਹੁੰਦਾ ਹੈ।ਇਸ ਤਕਨੀਕ ਨਾਲ ਕਣਕ ਦੀ ਫਸਲ ਬਹੁਤ ਵਧੀਆ ਹੁੰਦੀ ਹੈ ਅਤੇ ਉਹ ਕੁਤਰਾ ਕੀਤੀ ਪਰਾਲੀ ਖਾਦ ਦਾ ਕੰਮ ਕਰਦੀ ਹੈ। ਕਣਕ ਦੀ ਫਸਲ ਵਿੱਚ ਨਦੀਨ ਵੀ ਨਹੀਂ ਹੁੰਦਾ ਜਿਸ ਕਾਰਨ ਨਦੀਨ ਨਾਸ਼ਕ ਪਾਉਣ ਉੱਪਰ ਹੁੰਦਾ ਖਰਚਾ ਵੀ ਬਚਦਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗ ਬਿਲਕੁਲ ਨਾ ਲਗਾਉਣ ਬਲਕਿ ਉਸ ਵਾਂਗ ਇਹ ਤਕਨੀਕ ਅਪਣਾਅ ਕੇ ਆਪਣੇ ਖੇਤਾਂ ਨੂੰ ਅਗਲੀ ਫਸਲ ਲਈ ਤਿਆਰ ਕਰਨ।

Previous articleਜ਼ਿੰਦਗੀ ਕਿਵੇਂ ਜੀਵੀਏ ?
Next article“ਸਪੈਸ਼ਲ ਸੈਸ਼ਨ “