ਸਪਲਾਈ ਸੁਧਰਨ ਮਗਰੋਂ ਕੇਂਦਰ ਨੇ ਸੂਬਿਆਂ ਨੂੰ ਰੈਮਡੇਸਿਵਿਰ ਦੀ ਵੰਡ ਰੋਕੀ

ਨਵੀਂ ਦਿੱਲੀ, ਸਮਾਜ ਵੀਕਲੀ: ਮੰਗ ਨਾਲੋਂ ਵੱਧ ਸਪਲਾਈ ਹੋਣ ਤੋਂ ਬਾਅਦ ਕੇਂਦਰ ਸਰਕਾਰ ਨੇ ਸੂਬਿਆਂ ਨੂੰ ਐਂਟੀ ਵਾਇਰਲ ਦਵਾਈ ਰੈਮਡੇਸਿਵਿਰ ਦੀ ਵੰਡ ਰੋਕ ਦਿੱਤੀ ਹੈ। ਇਹ ਜਾਣਕਾਰੀ ਅੱਜ ਕੇਂਦਰੀ ਮੰਤਰੀ ਮਨਸੁੱਖ ਐੱਲ ਮੰਡਾਵੀਆ ਨੇ ਦਿੱਤੀ। ਮੰਡਾਵੀਆ ਨੇ ਇਕ ਟਵੀਟ ਵਿਚ ਕਿਹਾ, ‘‘ਹੁਣ ਦੇਸ਼ ਕੋਲ ਢੁਕਵੀਂ ਮਾਤਰਾ ਵਿਚ #ਰੈਮਡੇਸਿਵਿਰ ਹੈ ਕਿਉਂਕਿ ਇਸ ਦੀ ਸਪਲਾਈ ਮੰਗ ਨਾਲੋਂ ਵਧੇਰੇ ਹੋ ਗਈ ਹੈ। ਇਸ ਵਾਸਤੇ ਅਸੀਂ ਰਾਜਾਂ ਨੂੰ ਰੈਮਡੇਸਿਵਿਰ ਦੀ ਕੇਂਦਰੀ ਵੰਡ ਰੋਕਣ ਦਾ ਫ਼ੈਸਲਾ ਲਿਆ ਹੈ।’’ ਰਸਾਇਣ ਤੇ ਖਾਦ ਰਾਜ ਮੰਤਰੀ ਨੇ ਕਿਹਾ ਕਿ ਕੋਵਿਡ-19 ਦੇ ਇਲਾਜ ਵਿਚ ਇਸਤੇਮਾਲ ਹੋਣ ਵਾਲੀ ਇਸ ਦਵਾਈ ਦੀ ਮੰਗ ਦਸ ਗੁਣਾ ਵਧ ਗਈ ਹੈ।

11 ਅਪਰੈਲ 2021 ਨੂੰ ਰੈਮਡੇਸਿਵਿਰ ਦੀ ਮੰਗ 33,000 ਸ਼ੀਸ਼ੀਆਂ ਪ੍ਰਤੀ ਦਿਨ ਸੀ ਜੋ ਕਿ ਇਸ ਵੇਲੇ ਵਧ ਕੇ 3,50,000 ਸ਼ੀਸ਼ੀਆਂ ਪ੍ਰਤੀ ਦਿਨ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਕ ਮਹੀਨੇ ਦੇ ਅੰਦਰ ਸਰਕਾਰ ਨੇ ਰੈਮਡੇਸਿਵਿਰ ਬਣਾਉਣ ਵਾਲੇ ਪਲਾਂਟਾਂ ਦੀ ਗਿਣਤੀ 20 ਤੋਂ ਵਧਾ ਕੇ 60 ਕਰ ਦਿੱਤੀ। ਇਸ ਤੋਂ ਇਲਾਵਾ ਸਰਕਾਰ ਨੇ ਕਿਸੇ ਵੀ ਹੰਗਾਮੀ ਹਾਲਾਤ ਤੋਂ ਨਜਿੱਠਣ ਲਈ ਭੰਡਾਰ ਕਰਨ ਵਾਸਤੇ ਰੈਮਡੇਸਿਵਿਰ ਦੀਆਂ 50 ਲੱਖ ਸ਼ੀਸ਼ੀਆਂ ਖਰੀਦਣ ਦਾ ਫ਼ੈਸਲਾ ਵੀ ਲਿਆ ਹੈ। ਉਨ੍ਹਾਂ ਕਿਹਾ, ‘‘ਪਰ ਮੈਂ @ਐੱਨਪੀਪੀਏ_ਇੰਡੀਆ ਤੇ @ਸੀਡੀਐੱਸਸੀਓ_ਇੰਡੀਆ_ਆਈਐੱਨਐੱਫ ਨੂੰ ਦੇਸ਼ ਵਿਚ ਰੈਮਡੇਸਿਵਿਰ ਦੀ ਉਪਲੱਬਧਤਾ ’ਤੇ ਲਗਾਤਾਰ ਨਜ਼ਰ ਰੱਖਣ ਲਈ ਵੀ ਕਿਹਾ ਹੈ।’’

ਸਪਲਾਈ ਵਿਚ ਸੁਧਾਰ ਲਿਆਉਣ ਲਈ ਸਰਕਾਰ ਵੱਲੋਂ ਰੈਮਡੇਸਿਵਿਰ, ਇਸ ਦੇ ਕੱਚੇ ਮਾਲ ਅਤੇ ਇਸ ਐਂਟੀ ਵਾਇਰਲ ਦਵਾਈ ਨੂੰ ਬਣਾਉਣ ਨਾਲ ਸਬੰਧਤ ਹੋਰ ਹਿੱਸਿਆਂ ’ਤੇ ਆਬਕਾਰੀ ਕਰ ਪਹਿਲਾਂ ਹੀ ਮੁਆਫ਼ ਕੀਤਾ ਜਾ ਚੁੱਕਿਆ ਹੈ। ਰੈਮਡੇਸਿਵਿਰ ਦੀ ਵਧਦੀ ਮੰਗ ਦੇ ਮੱਦੇਨਜ਼ਰ 11 ਅਪਰੈਲ ਨੂੰ ਇਸ ਟੀਕੇ ਅਤੇ ਇਸ ਟੀਕੇ ਨੂੰ ਬਣਾਉਣ ਵਿਚ ਇਸਤੇਮਾਲ ਹੁੰਦੀ ਸਮੱਗਰੀ ਦੀ ਬਰਾਮਦ ’ਤੇ ਕੇਂਦਰ ਸਰਕਾਰ ਵੱਲੋਂ ਰੋਕ ਲਗਾ ਦਿੱਤੀ ਗਈ ਸੀ। ਇਸ ਤੋਂ ਇਲਾਵਾ ਸਰਕਾਰ ਦੇ ਦਖ਼ਲ ਮਗਰੋਂ ਦਵਾਈਆਂ ਬਣਾਉਣ ਵਾਲੀਆਂ ਕਈ ਕੰਪਨੀਆਂ ਨੇ ਰੈਮਡੇਸਿਵਿਰ ਟੀਕੇ ਦੀਆਂ ਕੀਮਤਾਂ ਵੀ ਘਟਾ ਦਿੱਤੀਆਂ ਹਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਰੋਨਾ: ਪੰਜਾਬ ’ਚ 125 ਤੇ ਹਰਿਆਣਾ ’ਚ 97 ਮੌਤਾਂ
Next articleਅਫ਼ਗਾਨਿਸਤਾਨ, ਪਾਕਿਸਤਾਨ ਤੇ ਬੰਗਲਾਦੇਸ਼ ਦੇ ਗੈਰ-ਮੁਸਲਿਮ ਸ਼ਰਨਾਰਥੀਆਂ ਤੋਂ ਭਾਰਤੀ ਨਾਗਰਿਕਤਾ ਲਈ ਅਰਜ਼ੀਆਂ ਮੰਗੀਆਂ