ਸਤਲੁਜ ਦਰਿਆ ਦਾ ਤਲ ਸਾਫ਼ ਕਰਨ ਲਈ ਦੂਸਰੇ ਗੇੜ ਦੀ ਕਾਰਸੇਵਾ ਆਰੰਭ:- ਸੰਤ ਸੀਚੇਵਾਲ

ਕੈਪਸ਼ਨ-ਸਤਲੁਜ ਦਰਿਆ ਦਾ ਤਲ ਸਾਫ਼ ਕਰਨ ਲਈ ਦੂਸਰੇ ਗੇੜ ਦੀ ਖੁਦ ਜੇ ਸੀ ਬੀ ਚਲਾ ਕੇ ਕਾਰ ਸੇਵਾ ਕਰਦੇ ਹੋਏ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ

ਗਿਦੜਪਿੰਡੀ ਪੁੱਲ ਦੇ ਦਰਾਂ ਹੇਠੋਂ ਕੱਢੀ ਮਿੱਟੀ ਨਾਲ ਪਿੰਡਾਂ ਦੀਆਂ ਸਾਂਝੀਆਂ ਥਾਵਾਂ ਦੀ ਬਦਲੀ ਜਾ ਰਹੀ ਹੈ ਨੁਹਾਰ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਉੱਘੇ ਵਾਤਾਵਰਨ ਪ੍ਰੇਮੀ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਪੰਜਾਬ ਦੀ ਸਾਹ ਰਗ ਮੰਨੇ ਜਾਂਦੇ ਸਤਲੁਜ ਦਰਿਆ ’ਤੇ ਬਣੇ ਗਿੱਦੜਪਿੰਡੀ ਪੁਲ ਦੇ ਰਹਿੰਦੇ ਦਰ ਸਾਫ ਕਰਨ ਲਈ ਦੂਜੇ ਗੇੜ ਦੀ ਕਾਰ ਸੇਵਾ ਆਰੰਭ ਦਿੱਤੀ ਗਈ ਹੈ। 2020 ਦੌਰਾਨ ਰੇਲਵੇ ਵਿਭਾਗ ਅਤੇ ਜ਼ਿਲ੍ਹਾ ਜਲੰਧਰ ਦੇ ਡੀਸੀ ਦੀ ਸਹਿਮਤੀ ਨਾਲ ਗਿੱਦੜਪਿੰਡੀ ਪੁਲ ਦੇ ਦਰ ਸਾਫ ਕਰਨ ਲਈ ਕਰੋਨਾ ਕਾਲ ਦੌਰਾਨ ਦਿਨ ਰਾਤ ਕਾਰ ਸੇਵਾ ਚਲਾਈ ਗਈ ਸੀ।

ਦਹਾਕਿਆਂ ਤੋਂ ਪੁਲ ਦੇ ਦਰਾਂ ਵਿੱਚ ਮਿੱਟੀ ਜਮ੍ਹਾਂ ਹੋਣ ਕਰਕੇ ਬਰਸਾਤੀ ਪਾਣੀ ਲੰਘਣ ਦੀ ਸਮਰੱਥਾ ਘਟ ਗਈ ਜਿਸ ਕਾਰਨ 2008 ਤੇ 2019 ਵਿੱਚ ਆਏ ਹੜ੍ਹਾਂ ਕਾਰਨ ਲੋਹੀਆਂ, ਸੁਲਤਾਨਪੁਰ ਲੋਧੀ ਅਤੇ ਸ਼ਾਹਕੋਟ ਹਲਕੇ ਵਿੱਚ ਭਾਰੀ ਤਬਾਹੀ ਹੋਈ ਸੀ। ਦਰਿਆ ਦਾ ਤਲ ਉੱਚਾ ਹੋਣਾ, ਦਰਾਂ ਵਿੱਚ ਮਿੱਟੀ ਜਮ੍ਹਾਂ ਹੋਣਾ, ਬੰਨ੍ਹਾਂ ਦਾ ਕਮਜ਼ੋਰ ਹੋਣਾ ਅਤੇ ਦਰਿਆ ਵਿੱਚ ਵੱਡੇ ਪੱਧਰ ’ਤੇ ਕੀਤੇ ਨਜਾਇਜ਼ ਕਬਜ਼ਿਆਂ ਕਾਰਨ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਹੜ੍ਹਾਂ ਦੀ ਸਮੱਸਿਆ ਨਾਲ ਜੂਝਣਾ ਪੈਂਦਾ ਹੈ। ਜਿਸ ਨਾਲ ਲੋਕਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਤੇ ਤਰੱਕੀ ਵਿੱਚ ਵੀ ਆਮ ਲੋਕਾਂ ਨਾਲੋਂ ਪੱਛੜ ਗਏ।

ਦੂਜੇ ਗੇੜ ਦੀ ਕਾਰ ਸੇਵਾ ਦੌਰਾਨ ਹੁਣ ਜਿੱਥੇ ਇਸ ਸਾਲ ਦੇ ਬਰਸਾਤੀ ਸੀਜ਼ਨ ਤੋਂ ਪਹਿਲਾਂ ਗਿੱਦੜਪਿੰਡੀ ਪੁਲ ਦੇ ਰਹਿੰਦੇ ਦਰਾਂ ਨੂੰ ਸਾਫ਼ ਕਰਨ ਲਈ ਸਖ਼ਤ ਮਿਹਨਤ ਕੀਤੀ ਜਾ ਰਹੀ ਹੈ ਉੱਥੇ ਇਸ ਮਿੱਟੀ ਨਾਲ ਇਲਾਕੇ ਦੀਆਂ ਸਾਂਝੀਆਂ ਥਾਵਾਂ ਦੀ ਵੀ ਕਾਇਆ ਕਲਪ ਕੀਤੀ ਜਾ ਰਹੀ ਹੈ। ਪਿੰਡ ਗਿੱਦੜਪਿੰਡੀ ਦੇ ਲੋਕਾਂ ਨੇ ਦੱਸਿਆ ਕਿ ਦਰਿਆ ਵਿੱਚ ਜਮ੍ਹਾਂ ਹੋਈ ਵਾਧੂ ਮਿੱਟੀ ਨਾਲ ਜਿੱਥੇ ਬਾਬਾ ਜੀ ਨੇ ਇਸ ਇਲਾਕੇ ਦੇ ਬੰਨ੍ਹ ਮਜ਼ਬੂਤ ਕੀਤੇ ਹਨ ਉਸ ਦੇ ਨਾਲ ਸਾਡੇ ਪਿੰਡ ਦੇ 2 ਖੇਤਾਂ ਵਿੱਚ ਬਣੇ ਸਟੇਡੀਅਮ ਨੂੰ ਵੀ ਉੱਚਾ ਕੀਤਾ ਜਾ ਰਿਹਾ ਹੈ ਤਾਂ ਜੋ ਹਰ ਸਾਲ ਦੀ ਤਰ੍ਹਾਂ ਬਰਸਾਤਾਂ ਵਿੱਚ ਉਹ ਪਾਣੀ ਨਾਲ ਨਾ ਭਰੇ ਅਤੇ ਖਿਡਾਰੀ ਦੇ ਅਭਿਆਸ ਵਿੱਚ ਵੀ ਰੁਕਾਵਟ ਨਾ ਪੈਂਦਾ ਹੋਵੇ।

ਉਸ ਦੇ ਨਾਲ ਹੀ ਮੁੱਖ ਸੜਕ ਦੇ ਕਿਨਾਰੇ ਪੁਰਾਣੇ ਛੱਪੜ ਦੇ 2 ਏਕੜ ਰਕਬੇ ਨੂੰ ਵੀ ਪਾਰਕ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਇਸ ਪਾਰਕ ਬਣਾਉਣ ਲਈ ਇਸ ਛੱਪੜ ਵਿੱਚ 15 ਫੁੱਟ ਤੋਂ ਵੀ ਵੱਧ ਭਰਤੀ ਪੈ ਰਹੀ ਹੈ। ਹੁਣ ਤੱਕ 13 ਟਿੱਪਰਾਂ ਰਾਹੀਂ 1000 ਤੋਂ ਵੱਧ ਟਿੱਪਰ ਮਿੱਟੀ ਦੇ ਪਿੰਡ ਦੀਆਂ ਸਾਂਝੀਆਂ ਥਾਵਾਂ ਵਿੱਚ ਪੈ ਚੁੱਕੇ ਹਨ। ਉਨ੍ਹਾਂ ਕਿਹਾ ਕਿ 50 ਲੱਖ ਤੋਂ ਵੱਧ ਦੀ ਮਿੱਟੀ ਹੁਣ ਤੱਕ ਪੈ ਚੁੱਕੀ ਹੈ।

Previous articleਬੋਲੀ ਹੈ ਪੰਜਾਬੀ ਸਾਡੀ
Next articleBKU’s Ugrahan dares Delhi Police to enter Punjab to arrest accused