ਸਖ਼ਤ ਸੁਰੱਖਿਆ ਪ੍ਰਬੰਧ ਹੇਠ ਗਿਲਗਿਤ ਬਾਲਟਿਸਤਾਨ ਅਸੈਂਬਲੀ ਲਈ ਵੋਟਾਂ ਪਈਆਂ

ਇਸਲਾਮਾਬਾਦ (ਸਮਾਜ ਵੀਕਲੀ) : ਉੱਤਰੀ ਪਾਕਿਸਤਾਨ ਦੇ ਗਿਲਗਿਤ ਬਾਲਟਿਸਤਾਨ ਵਿੱਚ ਅਸੈਂਬਲੀ ਚੋਣਾਂ ਲਈ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਵੋਟਾਂ ਪਈਆਂ। ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਵੋਟਰਾਂ ਨੇ ਮੂੰਹ ’ਤੇ ਮਾਸਕ ਪਾ ਕੇ ਵੋਟਿੰਗ ਕੀਤੀ ਤੇ ਸਮਾਜਿਕ ਦੂਰੀ ਨੇਮਾਂ ਦਾ ਵੀ ਪੂਰਾ ਖਿਆਲ ਰੱਖਿਆ। ਸਾਲ 2010 ਵਿੱਚ ਸਿਆਸੀ ਸੁਧਾਰਾਂ ਮਗਰੋਂ ਮੌਜੂਦਾ ਵਿਧਾਨਿਕ ਅਸੈਂਬਲੀ ਲਈ ਇਹ ਤੀਜੀ ਚੋਣ ਹੈ। ਚੇਤੇ ਰਹੇ ਕਿ ਭਾਰਤ ਗਿਲਗਿਤ ਬਾਲਟਿਸਤਾਨ ਵਿਚ ਚੋਣਾਂ ਕਰਵਾਉਣ ਦੇ ਪਾਕਿਸਤਾਨ ਦੇ ਫੈਸਲੇ ਨੂੰ ਕਈ ਵਾਰ ਜਨਤਕ ਤੌਰ ’ਤੇ ਭੰਡ ਚੁੱਕਾ ਹੈ। ਭਾਰਤ ਦਾ ਕਹਿਣਾ ਹੈ ਕਿ ਫੌਜ ਦੇ ਕਬਜ਼ੇ ਹੇਠਲੇ ਇਸ ਖਿੱਤੇ ਦੇ ਰੁਤਬੇ ਨਾਲ ਛੇੜਛਾੜ ਦੀ ਕਿਸੇ ਵੀ ਕੋਸ਼ਿਸ਼ ਦਾ ਕੋਈ ਕਾਨੂੰਨੀ ਆਧਾਰ ਨਹੀਂ ਹੈ।

ਅਸੈਂਬਲੀ ਚੋਣਾਂ ਲਈ ਵੋਟਿੰਗ ਅੱਜ ਸਵੇਰੇ ਅੱਠ ਵਜੇ ਸ਼ੁਰੂ ਹੋਈ ਤੇ ਸ਼ਾਮ ਪੰਜ ਵਜੇ ਤਕ ਚੱਲੀ। ਪੋਲਿੰਗ ਅਧਿਕਾਰੀ ਨੇ ਕਿਹਾ ਕਿ ਨਿਰਧਾਰਿਤ ਸਮੇਂ ਤੱਕ ਪੋਲਿੰਗ ਸਟੇਸ਼ਨਾਂ ਅੰਦਰ ਆਉਣ ਵਾਲੇ ਵੋਟਰਾਂ ਨੂੰ ਸਮਾਂ ਖ਼ਤਮ ਹੋਣ ਮਗਰੋਂ ਵੀ ਵੋਟ ਪਾਉਣ ਦੀ ਇਜਾਜ਼ਤ ਦਿੱਤੀ ਗਈ। ਗਿਲਗਿਤ ਬਾਲਟਿਸਤਾਨ ਅਸੈਂਬਲੀ ਦੀਆਂ ਕੁੱਲ 24 ਸੀਟਾਂ ਹਨ, ਪਰ ਇਕ ਸੀਟ ’ਤੇ ਚੋਣ ਮੁਲਤਵੀ ਹੋਣ ਕਰਕੇ 23 ਸੀਟਾਂ ਲਈ ਹੀ ਵੋਟਿੰਗ ਹੋਈ। ਅਧਿਕਾਰੀ ਮੁਤਾਬਕ ਚੋਣ ਮੈਦਾਨ ਕੁੱਲ ਮਿਲਾ ਕੇ 330 ਉਮੀਦਵਾਰ ਹਨ, ਜਿਨ੍ਹਾਂ ਵਿੱਚ ਚਾਰ ਔਰਤਾਂ ਵੀ ਸ਼ਾਮਲ ਹਨ। ਮਾਹਿਰਾਂ ਮੁਤਾਬਕ ਚੋਣਾਂ ਲਈ ਪਾਕਿਸਤਾਨ ਮੁਸਲਿਮ ਲੀਗ ਨਵਾਜ਼, ਪਾਕਿਸਤਾਨ ਪੀਪਲਜ਼ ਪਾਰਟੀ ਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਵਿੱਚ ਤਿਕੋਣਾ ਮੁਕਾਬਲਾ ਹੈ।

Previous articleਟਰੰਪ ਨੂੰ ਹੁਣ ਹਾਰ ਮੰਨ ਲੈਣੀ ਚਾਹੀਦੀ ਹੈ: ਓਬਾਮਾ
Next articleਪਾਕਿਸਤਾਨ: ਜਬਰ-ਜਨਾਹ ਕੇਸਾਂ ਦੇ ਛੇਤੀ ਨਿਬੇੜੇ ਲਈ ਬਣਨਗੀਆਂ ਵਿਸ਼ੇਸ਼ ਅਦਾਲਤਾਂ