ਸ਼੍ਰੀ ਫ਼ਤਿਹਗੜ੍ਹ ਸਾਹਿਬ (ਸਮਾਜ ਵੀਕਲੀ): ਸ਼ਹੀਦੀ ਦਿਵਸ ਦੌਰਾਨ ਸੰਗਤ ਨੂੰ ਵੱਖ-ਵੱਖ ਤਰ੍ਹਾਂ ਦੀ ਜਾਣਕਾਰੀ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ‘ਸ਼ਹੀਦੀ ਸਭਾ-2019’ ਐਪ ਜਾਰੀ ਕੀਤੀ ਗਈ ਹੈ, ਵਿਧਾਇਕ ਕੁਲਜੀਤ ਸਿੰਘ ਨਾਗਰਾ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜਾਰੀ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਾਗਰਾ ਨੇ ਦੱਸਿਆ ਕਿ ਇਸ ਐਪ ਜ਼ਰੀਏ ਸੰਗਤ ਸ਼ਹੀਦੀ ਸਭਾ ਦੇ ਮੱਦੇਨਜ਼ਰ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਦੀ ਜਾਣਕਾਰੀ ਲਈ ਜਾ ਸਕਦੀ ਹੈ।
ਇਸ ਐਪ ’ਚ ਅਧਿਕਾਰੀਆਂ ਦੇ ਫੋਨ ਨੰਬਰ, ਸੂਚਨਾ, ਮੈਡੀਕਲ ਸਹਾਇਤਾ ਕੇਂਦਰਾਂ, ਪਾਰਕਿੰਗ ਸਥਾਨ ਤੇ ਆਰਜ਼ੀ ਬੱਸ ਸਟੈਂਡਾਂ, ਟ੍ਰੈਫਿਕ ਸਬੰਧੀ ਬਦਲਵੇਂ ਰੂਟਾਂ, ਰੈਣ-ਬਸੇਰਿਆਂ ਤੇ ਸ਼ਹੀਦੀ ਸਭਾ ਦੌਰਾਨ ਕਰਵਾਏ ਜਾਣ ਵਾਲੇ ਵੱਖ-ਵੱਖ ਪ੍ਰੋਗਰਾਮਾਂ ਬਾਰੇ ਜਾਣਕਾਰੀ ਸ਼ਾਮਲ ਕਰਨ ਦੇ ਨਾਲ-ਨਾਲ ਜ਼ਿਲੇ ਵਿਚਲੇ ਇਤਿਹਾਸਕ ਸਥਾਨਾਂ ਬਾਰੇ ਵੀ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ।
ਉਨ੍ਹਾਂ ਨੇ ਸੰਗਤ ਨੂੰ ਅਪੀਲ ਕੀਤੀ ਕਿ ਉਹ ਇਸ ਐਪ ਨੂੰ ਡਾਊਨਲੋਡ ਕਰਕੇ ਇਸ ਦਾ ਵੱਧ ਤੋਂ ਵੱਧ ਫ਼ਾਇਦਾ ਲਿਆ ਜਾਵੇ। ਉਨ੍ਹਾਂ ਦੱਸਿਆਂ ਕਿ ਇਸ ਐਪ ਜ਼ਰੀਏ ਸਾਰੇ ਅਹਿਮ ਸਥਾਨਾਂ ਤੱਕ ਜਾਣ ਵਾਲੇ ਰਸਤਿਆਂ ਸਬੰਧੀ ਵੀ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ ਤਾਂ ਜੋ ਸੰਗਤ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੰਗਤ ਦੀ ਸਹੂਲਤ ਲਈ ਇਹ ਐਪ ਤਿਆਰ ਕੀਤੀ ਗਈ ਹੈ ਤਾਂ ਜੋ ਸੰਗਤ ਬਿਨਾਂ ਕਿਸੇ ਪ੍ਰੇਸ਼ਾਨੀ ਤੋਂ ਸ਼ਹੀਦਾਂ ਦੀ ਇਸ ਧਰਤੀ ’ਤੇ ਆ ਕੇ ਨਤਮਸਤਕ ਹੋ ਸਕੇ ਤੇ ਸ਼ਹੀਦੀ ਸਭਾ ਸਬੰਧੀ ਲੋੜੀਂਦੀ ਜਾਣਕਾਰੀ ਹਾਸਲ ਕਰ ਸਕੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਕਿਹਾ ਕੇ ਜਿੱਥੇ ਇਹ ਐਪ ਸ਼ਹੀਦੀ ਸਭਾ ਮੌਕੇ ਸੰਗਤਾਂ ਲਈ ਵੱਡੀ ਸਹੂਲਤ ਸਾਬਤ ਹੋਵੇਗੀ।
ਉਥੇ ਇਹ ਐਪ ਸ਼ਹੀਦੀ ਸਭਾ ਤੋਂ ਬਾਅਦ ਵੀ ਜਾਰੀ ਰੱਖੀ ਜਾਵੇਗੀ ਤੇ ਇਸ ’ਚ ਜ਼ਿਲੇ ਸਬੰਧੀ ਵੱਖ-ਵੱਖ ਪੱਖਾਂ ਦੀ ਵਿਸਥਾਰਿਤ ਜਾਣਕਾਰੀ ਸ਼ਾਮਲ ਕੀਤੀ ਜਾਵੇਗੀ ਤਾਂ ਜੋ ਕਿਸੇ ਵੀ ਵੇਲੇ ਫਤਿਹਗੜ੍ਹ ਸਾਹਿਬ ਪੁੱਜਣ ਵਾਲੇ ਲੋਕਾਂ ਨੂੰ ਇਸ ਜ਼ਿਲ੍ਹੇ ਸਬੰਧੀ ਵੱਡੇ ਪੱਧਰ ’ਤੇ ਜਾਣਕਾਰੀ ਮਿਲੇ ਤੇ ਇਹ ਜ਼ਿਲ੍ਹਾ ਟੂਰਿਸਟ ਹੱਬ ਬਣ ਕੇ ਉੱਭਰ ਸਕੇ।
(ਹਰਜਿੰਦਰ ਛਾਬੜਾ)ਪਤਰਕਾਰ 9592282333