ਸ਼ੇਅਰ ਬਾਜ਼ਾਰ 308 ਅੰਕਾਂ ਦੀ ਚੜ੍ਹਤ ਨਾਲ ਨਵੇਂ ਸਿਖ਼ਰ ਵੱਲ

ਮੁੰਬਈ (ਸਮਾਜ ਵੀਕਲੀ) : ਮੁੰਬਈ ਸ਼ੇਅਰ ਬਾਜ਼ਾਰ (ਬੀਐੱਸਈ) ਅੱਜ ਪਹਿਲੀ ਵਾਰ 48 ਹਜ਼ਾਰ ਦਾ ਅੰਕੜਾ ਪਾਰ ਕਰ ਗਿਆ। ਭਾਰਤ ਵੱਲੋਂ ਕਰੋਨਾ ਵੈਕਸੀਨ ਨੂੰ ਮਨਜ਼ੂਰੀ ਦਿੱਤੇ ਜਾਣ ਤੋਂ ਬਾਅਦ ਨਿਵੇਸ਼ਕਾਂ ਦੀ ਧਾਰਨਾ ਮਜ਼ਬੂਤ ਹੋਈ ਹੈ। ਸ਼ੇਅਰ ਬਾਜ਼ਾਰ ਲਗਾਤਾਰ ਨੌਂ ਸੈਸ਼ਨਾਂ ’ਚ ਉੱਪਰ ਵੱਲ ਗਿਆ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਰੁਪਏ ਦੀ ਮਜ਼ਬੂਤੀ, ਆਲਮੀ ਬਾਜ਼ਾਰਾਂ ਵਿਚ ਸਕਾਰਾਤਮਕ ਮਾਹੌਲ ਤੇ ਅਰਥਚਾਰੇ ਦੇ ਉਤਸ਼ਾਹੀ ਅੰਕੜੇ ਜੋਖ਼ਮ ਉਠਾਉਣ ਲਈ ਹੌਸਲਾ ਵਧਾ ਰਹੇ ਹਨ।

ਮੁੰਬਈ ਸ਼ੇਅਰ ਬਾਜ਼ਾਰ ਅੱਜ 308 ਅੰਕਾਂ ਦੀ ਚੜ੍ਹਤ ਨਾਲ 48,176.80 ’ਤੇ ਬੰਦ ਹੋਇਆ। ਇਸੇ ਤਰ੍ਹਾਂ ਐੱਨਐੱਸਈ ਨਿਫ਼ਟੀ ਵੀ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 14,132.90 ’ਤੇ ਬੰਦ ਹੋਇਆ। ਇਸ ਤੋਂ ਪਹਿਲਾਂ ਇਹ ਸੈਸ਼ਨ ਦੌਰਾਨ ਹੀ 14,147.95 ਤੱਕ ਵੀ ਗਿਆ। ਬਾਜ਼ਾਰ ਵਿਚ ਅੱਜ ਓਐਨਜੀਸੀ ਨੂੰ ਸਭ ਤੋਂ ਵੱਧ ਲਾਭ ਮਿਲਿਆ। ਇਸ ਦੇ ਸ਼ੇਅਰ 4.02 ਪ੍ਰਤੀਸ਼ਤ ਚੜ੍ਹੇ। ਇਸ ਤੋਂ ਬਾਅਦ ਟੀਸੀਐੱਸ, ਐਚਸੀਐੱਲ, ਟੈੱਕ ਮਹਿੰਦਰਾ, ਇਨਫੋਸਿਸ, ਐਮਐਂਡਐਮ, ਐਚਯੂਐਲ, ਸਨ ਫਾਰਮਾ ਤੇ ਐਲਐਂਡਟੀ ਸਭ ਤੋਂ ਵੱਧ ਲਾਹਾ ਲੈਣ ਵਾਲਿਆਂ ਵਿਚ ਸ਼ਾਮਲ ਸਨ।

ਦੂਜੇ ਪਾਸੇ ਕੋਟਕ ਬੈਂਕ, ਬਜਾਜ ਫਾਇਨਾਂਸ, ਏਸ਼ੀਅਨ ਪੇਂਟਸ, ਐਚਡੀਐਫਸੀ ਬੈਂਕ, ਪਾਵਰ ਗਰਿੱਡ ਤੇ ਟਾਈਟਨ ਦੀ ਰਫ਼ਤਾਰ ਸੁਸਤ ਰਹੀ ਤੇ ਘਾਟਾ ਸਹਿਣਾ ਪਿਆ। ਖੇਤਰਾਂ ਦੇ ਅਧਾਰ ਉਤੇ ਬੀਐੱਸਈ ਵਿਚ ਅੱਜ ਧਾਤ, ਸੂਚਨਾ ਤਕਨੀਕ (ਆਈਟੀ), ਤਕਨੀਕ, ਤੇਲ ਤੇ ਗੈਸ, ਆਟੋ, ਉਦਯੋਗ ਤੇ ਸੰਚਾਰ ਨੇ ਬਾਜ਼ੀ ਮਾਰੀ। ਇਨ੍ਹਾਂ ਦੇ ਸ਼ੇਅਰ 5.34 ਪ੍ਰਤੀਸ਼ਤ ਤੱਕ ਚੜ੍ਹੇ ਜਦਕਿ ਬੈਂਕਿੰਗ ਤੇ ਖ਼ਪਤ ਵਾਲੀਆਂ ਵਸਤਾਂ ਦੇ ਸ਼ੇਅਰਾਂ ਨੂੰ ਨੁਕਸਾਨ ਝੱਲਣਾ ਪਿਆ। ਏਸ਼ੀਆ ਵਿਚ ਹੋਰਨਾਂ ਥਾਵਾਂ- ਸ਼ੰਘਾਈ, ਸਿਓਲ ਤੇ ਹਾਂਗਕਾਂਗ ਵਿਚ ਵੀ ਸ਼ੇਅਰ ਬਾਜ਼ਾਰ ਉੱਚੇ ਪੱਧਰਾਂ ’ਤੇ ਬੰਦ ਹੋਏ। ਯੂਰੋਪ ਵਿਚ ਵੀ ਬਾਜ਼ਾਰਾਂ ਦਾ ਹਾਲ ਠੀਕ ਰਿਹਾ ਹੈ।

Previous articleਕਰੋਨਾ ਦਾ ਨਵਾਂ ਰੂਪ: ਕੋਵੈਕਸੀਨ ਦੇ ਅਸਰਦਾਰ ਹੋਣ ਦੇ ਦਾਅਵਿਆਂ ’ਤੇ ਸਵਾਲ ਉੱਠੇ
Next articleਟਰੰਪ ਨੇ ਚੋਣ ਅਧਿਕਾਰੀ ਨੂੰ ਫੋਨ ਕਰ ਕੇ ਨਤੀਜਾ ਪਲਟਾਉਣ ਲਈ ਕਿਹਾ