ਕਰੋਨਾ ਦਾ ਨਵਾਂ ਰੂਪ: ਕੋਵੈਕਸੀਨ ਦੇ ਅਸਰਦਾਰ ਹੋਣ ਦੇ ਦਾਅਵਿਆਂ ’ਤੇ ਸਵਾਲ ਉੱਠੇ

ਨਵੀਂ ਦਿੱਲੀ (ਸਮਾਜ ਵੀਕਲੀ) : ਭਾਰਤ ਬਾਇਓਟੈੱਕ ਵੱਲੋਂ ਕੋਵਿਡ-19 ਦੇ ਟਾਕਰੇ ਲਈ ਬਣਾਈ ਗਈ ਕੋਵੈਕਸਿਨ ਦੇ ਕਰੋਨਾ ਦੇ ਨਵੇਂ ਰੂਪ ਖ਼ਿਲਾਫ਼ ਅਸਰਦਾਰ ਹੋਣ ’ਤੇ ਸਵਾਲ ਪੈਦਾ ਹੋ ਗਏ ਹਨ। ਕੁਝ ਸਿਹਤ ਮਾਹਿਰਾਂ ਨੇ ਸਰਕਾਰ ਦੇ ਇਸ ਦਾਅਵੇ ’ਤੇ ਸਵਾਲ ਕਰਦਿਆਂ ਕਿਹਾ ਹੈ ਕਿ ਇਸ ਦਾ ਕੋਈ ਵਿਗਿਆਨਕ ਆਧਾਰ ਦੱਸਿਆ ਜਾਵੇ। ਇਸ ਤੋਂ ਇਲਾਵਾ ਵੈਕਸੀਨ ਦੀ ਸੁਰੱਖਿਆ ਅਤੇ ਇਸ ਦੇ ਅਸਰਦਾਰ ਹੋਣ ਦੇ ਦਾਅਵਿਆਂ ਦੀ ਵੀ ਤਫ਼ਸੀਲ ਦਿੱਤੀ ਜਾਵੇ। ਲਾਗ ਦੇ ਰੋਗਾਂ ਦੇ ਉੱਘੇ ਮਾਹਿਰ ਸ਼ਾਹਿਦ ਜਮੀਲ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਯਕੀਨ ਨਹੀਂ ਹੈ ਕਿ ਕੋਵੈਕਸੀਨ ਸੁਰੱਖਿਅਤ ਰਹੇਗੀ ਅਤੇ ਇਸ ਦੇ 70 ਫ਼ੀਸਦੀ ਤੋਂ ਜ਼ਿਆਦਾ ਅਸਰਦਾਰ ਰਹਿਣ ਦੀ ਵੀ ਕੋਈ ਸੰਭਾਵਨਾ ਨਹੀਂ ਹੈ। ਜਮੀਲ ਨੇ ਕਿਹਾ ਕਿ ਵੈਕਸੀਨ ਨੂੰ ਪ੍ਰਵਾਨਗੀ ਦੇਣ ਲਈ ਅਪਣਾਈ ਗਈ ਪ੍ਰਕਿਰਿਆ ਦੇ ਆਧਾਰ ’ਤੇ ਉਹ ਤੌਖ਼ਲੇ ਜਤਾ ਰਹੇ ਹਨ।

ਉਨ੍ਹਾਂ ਕਿਹਾ,‘‘ਅਸੀਂ ਵੈਕਸੀਨ ਦੇ ਪ੍ਰੀਖਣ ਦਾ ਤੀਜਾ ਪੜਾਅ ਇਸੇ ਲਈ ਕਰਦੇ ਹਾਂ ਤਾਂ ਜੋ ਆਬਾਦੀ ਨੂੰ ਵਧੇਰੇ ਸੁਰੱਖਿਅਤ ਕੀਤਾ ਜਾ ਸਕੇ ਪਰ ਇਹ ਡੇਟਾ ਕਿੱਥੇ ਹੈ? ਵੈਕਸੀਨ ਕੋਈ ਦਵਾਈ ਨਹੀਂ ਹੈ। ਇਹ ਤਾਂ ਸਿਹਤਮੰਦ ਲੋਕਾਂ ਨੂੰ ਦਿੱਤੀ ਜਾਂਦੀ ਹੈ। ਇਹ ਰੋਗ ਰੋਕਣ ਲਈ ਹੈ ਨਾ ਕਿ ਇਸ ਨਾਲ ਇਲਾਜ ਕੀਤਾ ਜਾ ਸਕਦਾ ਹੈ।’’

ਆਲ ਇੰਡੀਆ ਡਰੱਗਜ਼ ਐਕਸ਼ਨ ਨੈੱਟਵਰਕ ਨੇ ਵੀ ਕੋਵੈਕਸੀਨ ਦੇ ਦਾਅਵੇ ’ਤੇ ਸਵਾਲ ਉਠਾਏ ਹਨ। ਉਨ੍ਹਾਂ ਬਿਆਨ ’ਚ ਕਿਹਾ ਹੈ ਕਿ ਅਜਿਹਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਕੋਵੈਕਸੀਨ ਲਾਗ ਦੇ ਨਵੇਂ ਰੂਪ ’ਤੇ ਵੀ ਅਸਰਦਾਰ ਹੈ ਪਰ ਤੀਜੇ ਪੜਾਅ ਦੇ ਪ੍ਰੀਖਣਾਂ ਦਾ ਅਜੇ ਤੱਕ ਡੇਟਾ ਜਾਰੀ ਨਹੀਂ ਕੀਤਾ ਗਿਆ ਹੈ। ਕਾਂਗਰਸ ਆਗੂਆਂ ਆਨੰਦ ਸ਼ਰਮਾ, ਸ਼ਸ਼ੀ ਥਰੂਰ ਅਤੇ ਜੈਰਾਮ ਰਮੇਸ਼ ਨੇ ਵੀ ਵੈਕਸੀਨ ਨੂੰ ਮਨਜ਼ੂਰੀ ਦੇਣ ’ਤੇ ਖ਼ਦਸ਼ੇ ਜਤਾਏ ਸਨ ਅਤੇ ਕਿਹਾ ਸੀ ਕਿ ਇਹ ਫ਼ੈਸਲਾ ਖ਼ਤਰਨਾਕ ਸਾਬਿਤ ਹੋ ਸਕਦਾ ਹੈ।

Previous articleਰਿਲਾਇੰਸ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਬੂਹਾ ਖੜਕਾਇਆ
Next articleਸ਼ੇਅਰ ਬਾਜ਼ਾਰ 308 ਅੰਕਾਂ ਦੀ ਚੜ੍ਹਤ ਨਾਲ ਨਵੇਂ ਸਿਖ਼ਰ ਵੱਲ