ਸ਼ੀਸ਼ੇ ਦੇ ਘਰਾਂ ’ਚ ਰਹਿਣ ਵਾਲਿਆਂ ਨੂੰ ਦੂਜਿਆਂ ’ਤੇ ਪੱਥਰ ਨਹੀਂ ਸੁੱਟਣੇ ਚਾਹੀਦੇ : ਸੁਪਰੀਮ ਕੋਰਟ

Supreme Court of India. (Photo Courtesy: Twitter)

ਨਵੀਂ ਦਿੱਲੀ (ਸਮਾਜ ਵੀਕਲੀ) : ਸੁਪਰੀਮ ਕੋਰਟ ਨੇ ਅੱਜ ਕਿਹਾ ਹੈ ਕਿ ਸ਼ੀਸ਼ੇ ਦੇ ਘਰਾਂ ’ਚ ਰਹਿਣ ਵਾਲੇ ਲੋਕਾਂ ਨੂੰ ਦੂਜਿਆਂ ’ਤੇ ‘ਪੱਥਰ ਨਹੀਂ ਸੁੱਟਣੇ’ ਚਾਹੀਦੇ ਹਨ। ਸਿਖਰਲੀ ਅਦਾਲਤ ਨੇ ਮੁੰਬਈ ਦੇ ਸਾਬਕਾ ਪੁਲੀਸ ਕਮਿਸ਼ਨਰ ਪਰਮਬੀਰ ਸਿੰਘ, ਜਿਨ੍ਹਾਂ ਸੂਬੇ ’ਚ 30 ਸਾਲ ਤੱਕ ਸੇਵਾਵਾਂ ਦਿੱਤੀਆਂ ਹਨ, ਦੀ ਉਸ ਅਰਜ਼ੀ ’ਤੇ ਹੈਰਾਨੀ ਜਤਾਈ ਹੈ ਜਿਸ ’ਚ ਉਨ੍ਹਾਂ ਸੂਬਾ ਪੁਲੀਸ ’ਤੇ ਭਰੋਸਾ ਨਾ ਹੋਣ ਦਾ ਦਾਅਵਾ ਕਰਦਿਆਂ ਉਸ ਖ਼ਿਲਾਫ਼ ਚੱਲ ਰਹੀ ਸਾਰੀ ਜਾਂਚ ਮਹਾਰਾਸ਼ਟਰ ਤੋਂ ਬਾਹਰ ਕਿਸੇ ਆਜ਼ਾਦ ਏਜੰਸੀ ਤੋਂ ਕਰਵਾਏ ਜਾਣ ਦੀ ਮੰਗ ਕੀਤੀ ਹੈ।

ਪਰਮਬੀਰ ਸਿੰਘ ਦੀ ਅਰਜ਼ੀ ’ਤੇ ਆਨਲਾਈਨ ਸੁਣਵਾਈ ਕਰਦਿਆਂ ਜਸਟਿਸ ਹੇਮੰਤ ਗੁਪਤਾ ਅਤੇ ਵੀ ਰਾਮਾਸੁਬਰਾਮਣੀਅਨ ਦੇ ਵੈਕੇਸ਼ਨ ਬੈਂਚ ਨੇ ਕਿਹਾ ਕਿ ਪਟੀਸ਼ਨਰ ਨੂੰ ਪੁਲੀਸ ਬਲ ’ਤੇ ਸ਼ੱਕ ਨਹੀਂ ਕਰਨਾ ਚਾਹੀਦਾ ਹੈ ਜਿਸ ’ਚ ਉਸ ਨੇ ਸੇਵਾਵਾਂ ਨਿਭਾਈਆਂ ਹਨ। ਬੈਂਚ ਨੇ ਕਿਹਾ,‘‘ਇਹ ਆਮ ਅਖਾਣ ਹੈ ਕਿ ਸ਼ੀਸ਼ੇ ਦੇ ਘਰ ’ਚ ਰਹਿਣ ਵਾਲਿਆਂ ਨੂੰ ਦੂਜਿਆਂ ’ਤੇ ਪੱਥਰ ਨਹੀਂ ਉਛਾਲਣੇ ਚਾਹੀਦੇ।’’ ਪਰਮਬੀਰ ਸਿੰਘ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਮਹੇਸ਼ ਜੇਠਮਲਾਨੀ ਨੇ ਕਿਹਾ ਕਿ ਕੀ ਬੈਂਚ ਇਹ ਮੰਨ ਕੇ ਚੱਲ ਰਿਹਾ ਹੈ ਕਿ ਉਨ੍ਹਾਂ ਦਾ ਮੁਵੱਕਿਲ ਸ਼ੀਸ਼ੇ ਦੇ ਘਰ ’ਚ ਰਹਿੰਦਾ ਹੈ।

]ਉਨ੍ਹਾਂ ਕਿਹਾ ਕਿ ਪੁਲੀਸ ਅਧਿਕਾਰੀ ਖ਼ਿਲਾਫ਼ ਝੂਠੇ ਕੇਸ ਦਰਜ ਕੀਤੇ ਗਏ ਹਨ। ਸੁਪਰੀਮ ਕੋਰਟ ਨੇ ਜਦੋਂ ਕਿਹਾ ਕਿ ਉਹ ਪਟੀਸ਼ਨ ਖਾਰਜ ਕਰ ਦੇਣਗੇ ਤਾਂ ਪਰਮਬੀਰ ਦੇ ਵਕੀਲ ਨੇ ਅਰਜ਼ੀ ਵਾਪਸ ਲੈ ਲਈ ਅਤੇ ਕਿਹਾ ਕਿ ਉਹ ਹੋਰ ਕੋਈ ਢੁੱਕਵਾਂ ਕਦਮ ਉਠਾਉਣਗੇ। ਬਹਿਸ ਦੌਰਾਨ ਸ੍ਰੀ ਜੇਠਮਲਾਨੀ ਨੇ ਕਿਹਾ ਕਿ ਪਰਮਬੀਰ ਸਿੰਘ ਨੂੰ ਪੁਲੀਸ ’ਤੇ ਕੋਈ ਸ਼ੱਕ ਨਹੀਂ ਹੈ ਪਰ ਉਸ ਦੇ ਮੁੱਦਾ ਚੁੱਕਣ ’ਤੇ ਉਹ ਇਕ ਤੋਂ ਬਾਅਦ ਦੂਜੇ ਕੇਸਾਂ ਦਾ ਸਾਹਮਣਾ ਨਹੀਂ ਕਰ ਸਕਦਾ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਯੋਗੀ ਵੱਲੋਂ ਮੋਦੀ ਨਾਲ ਮੁਲਾਕਾਤ
Next articleਪਾਕਿ: ਜਾਧਵ ਨੂੰ ਅਪੀਲ ਕਰਨ ਦਾ ਹੱਕ ਦੇਣ ਵਾਲਾ ਬਿੱਲ ਪਾਸ