ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਭ੍ਰਿਸ਼ਟਾਚਾਰ ਦੀਆਂ ਤੱਕੜੀਆਂ ‘ਚ ਨਾ ਤੋਲਣ ਹੁਕਮਰਾਨ – ਅਸ਼ੋਕ ਸੰਧੂ ਨੰਬਰਦਾਰ

ਫੋਟੋ : ਲਾਲ ਚੰਦ ਸਪੋਕਸਮੈਨ, ਜ਼ਿਲ੍ਹਾ ਇੰਚਾਰਜ ਅਸ਼ੋਕ ਸੰਧੂ, ਪ੍ਰਧਾਨ ਰਵੀ ਥਾਪਰ, ਲਾਇਨ ਬਬਿਤਾ ਸੰਧੂ, ਲਾਇਨ ਸੋਮਿਨਾਂ ਸੰਧੂ, ਸੋਨੂੰ ਬਹਾਦਰਪੁਰੀ, ਰਮਨ ਮਾਹੀ ਅਤੇ ਹੋਰ ਆਪਣੇ ਮਹਿਬੂਬ ਸ਼ਹੀਦ ਸ. ਊਧਮ ਸਿੰਘ ਜੀ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ।

ਸ਼ਹੀਦਾਂ ਨੂੰ ਯਾਦ ਕਰਨ ਨਾਲ ਹੀ ਦੇਸ਼ ਹੁੰਦਾ ਹੈ ਮਜ਼ਬੂਤ – ਲਾਲ ਚੰਦ

ਨੂਰਮਹਿਲ ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ): ਐਂਟੀ ਕੋਰੋਨਾ ਟਾਸਕ ਫੋਰਸ ਜ਼ਿਲ੍ਹਾ ਜਲੰਧਰ ਦੀ ਟੀਮ ਵੱਲੋਂ ਅੱਜ ਸ਼ਹੀਦ-ਏ-ਆਜ਼ਮ ਸ. ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ ਉਹਨਾਂ ਨੂੰ ਯਾਦ ਕਰਦਿਆਂ ਨਿੱਘੀ ਸ਼ਰਧਾਂਜਲੀ ਭੇਂਟ ਕੀਤੀ। ਟਾਸਕ ਫੋਰਸ ਦੇ ਸਪੋਕਸਮੈਨ ਲਾਲ ਚੰਦ ਨੇ ਉਹਨਾਂ ਦੀ ਤਸਵੀਰ ਅੱਗੇ ਉਹਨਾਂ ਦੀ ਯਾਦ ਵਿੱਚ ਸਮਾਂ ਰੋਸ਼ਨ ਕੀਤੀ।

ਉਪਰੰਤ ਸਮੂਹ ਮੈਂਬਰਾਂ ਨੇ ਫੁੱਲ ਬਰਸਾ ਕੇ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਟਾਸਕ ਫੋਰਸ ਦੇ ਜ਼ਿਲਾ ਇੰਚਾਰਜ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਨੇ ਕਿਹਾ ਕਿ ਅਜੋਕੇ ਸਮੇਂ ‘ਚ ਲਗਭਗ ਹਰ ਕੋਈ ਅਫ਼ਸਰ, ਰਾਜਨੀਤਕ ਜਾਂ ਸਮਾਜਕ ਆਗੂ ਭ੍ਰਿਸ਼ਟਾਚਾਰ ਵਿੱਚ ਲਿਪਟ ਹੋ ਚੁੱਕਾ ਹੈ ਅਤੇ ਸ਼ਹੀਦਾਂ ਦੇ ਸੁਪਨਿਆਂ ਦੇ ਭਾਰਤ ਨੂੰ ਤਬਾਹ ਕਰਨ ਵਿੱਚ ਆਪਣਾ ਪੂਰਾ ਜ਼ੋਰ ਲਗਾ ਰਿਹਾ ਹੈ ਜੋ ਕਿ ਸ਼ਹੀਦਾਂ ਦੀਆਂ ਲਾਸਾਨੀ ਕੁਰਬਾਨੀਆਂ ਨੂੰ ਪੂਰੀ ਤਰਾਂ ਸ਼ਰਮਸ਼ਾਰ ਕਰ ਰਿਹਾ ਹੈ।

ਇਹੋ ਜਿਹੇ ਹਾਕਮਾਂ ਅਤੇ ਲੀਡਰਾਂ ਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਕੁਰਸੀਆਂ ਤੇ ਬੈਠਣ ਤੋਂ ਪਹਿਲਾਂ ਇੱਕ ਜ਼ਰੂਰ ਵਿਚਾਰ ਕਰਨ ਕਿ ਆਖਿਰ ਕਿਉਂ ਸਾਡੇ ਦੇਸ਼ ਦੇ ਮਹਿਬੂਬ ਸ਼ਹੀਦਾਂ ਨੇ ਛੋਟੀ ਜਿਹੀ ਉਮਰੇ ਆਪਣੀਆਂ ਜਾਨਾਂ ਵਾਰੀਆਂ ਹਨ ? ਹੋ ਸਕਦਾ ਹੈ ਅਜਿਹਾ ਵਿਚਾਰ ਕਰਨ ਨਾਲ ਭ੍ਰਿਸ਼ਟ ਲੋਕ ਸ਼ਹੀਦਾਂ ਦੇ ਦੱਸੇ ਹੋਏ ਰਾਹੇ ਤੁਰ ਪੈਣ ਅਤੇ ਭਾਰਤ ਇੱਕ ਸ਼ਕਤੀਸ਼ਾਲੀ ਦੇਸ਼ ਬਣ ਜਾਵੇ।

ਦੇਸ਼ ਵਿੱਚੋਂ ਅਰਾਜਕਤਾ, ਅਸਮਾਨਤਾ, ਗੁੰਡਾਗਰਦੀ, ਬਲਾਤਕਾਰ, ਬੇਈਮਾਨੀ, ਬੇਰੁਜ਼ਗਾਰੀ ਆਦਿ ਵਰਗੀਆਂ ਭੈੜੀਆਂ ਅਲਾਮਤਾਂ ਖਤਮ ਹੋ ਜਾਣ। ਇਸ ਮੌਕੇ ਬੋਲਦਿਆਂ ਸਪੋਕਸਮੈਨ ਲਾਲ ਚੰਦ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਅੱਗੇ ਆਉਣਾ ਚਾਹੀਦਾ ਹੈ। ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਅਤੇ ਅਮਲ ਕਰਨ ਨਾਲ ਦੇਸ਼ ਮਜ਼ਬੂਤ ਹੋਵੇਗਾ।

ਟਾਸਕ ਫੋਰਸ ਦੇ ਪ੍ਰਧਾਨ ਰਵੀ ਥਾਪਰ, ਸਕੱਤਰ ਰਮਨ ਕੁਮਾਰ ਮਾਹੀ, ਮੀਡੀਆ ਇੰਚਾਰਜ ਸੋਨੂੰ ਬਹਾਦਰਪੁਰੀ, ਲਾਇਨ ਬਬਿਤਾ ਸੰਧੂ, ਲਾਇਨ ਸੋਮਿਨਾਂ ਸੰਧੂ, ਵਲੰਟੀਅਰ ਸੁਖਵਿੰਦਰ ਕੁਮਾਰ ਤੋਂ ਇਲਾਵਾ ਹੋਰ ਦੇਸ਼ ਪ੍ਰੇਮੀਆਂ ਨੇ ਦੇਸ਼ ਦੇ ਮਹਾਨ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਸਮਰਪਿਤ ਕਰਨ ਉਪਰੰਤ ਪ੍ਰਣ ਲਿਆ ਕਿ ਉਹ ਹਰ ਹੀਲੇ-ਵਸੀਲੇ ਦੇਸ਼ ਦੇ ਗੱਦਾਰਾਂ ਨਾਲ ਲੋਹਾ ਲੈਣਗੇ ਅਤੇ ਸ਼ਹੀਦਾਂ ਦੇ ਸੁਪਨਿਆਂ ਨੂੰ ਢਾਹ ਲਾਉਣ ਵਾਲੇ ਹਰ ਬੁਰੇ ਇਨਸਾਨ ਖਿਲਾਫ਼ ਆਪਣੀ ਆਵਾਜ਼ ਬੁਲੰਦ ਕਰਨਗੇ। ਇਹ ਸ਼ਰਧਾਂਜਲੀ ਸਮਾਗਮ ਨੂਰਮਹਿਲ-ਜੰਡਿਆਲਾ ਰੋਡ, ਪਿੰਡ ਚੂਹੇਕੀ ਵਿਖੇ ਸਥਿਤ ਅਸ਼ੋਕ ਬਬਿਤਾ ਸੰਧੂ ਪੈਟਰੋਲੀਅਮ ਤੇ ਬੜੇ ਸ਼ਰਧਾ ਪੂਰਵਕ ਤਰੀਕੇ ਨਾਲ ਕੀਤਾ ਗਿਆ।

Previous articleਸਿਹਤ ਮੁਲਾਜ਼ਮਾਂ ਨੇ ਭਲਕੇ ਮੋਤੀ ਮਹਿਲ ਘੇਰਨ ਦਾ ਵਜਾਇਆ ਬਿਗੁਲ
Next articleਕੈਪਟਨ ਅਮਰਿੰਦਰ ਸਿੰਘ ਨੇ DGP ਨੂੰ ਦਿਤਾ ਇਹ ਵੱਡਾ ਹੁਕਮ , ਹੁਣ ਨਹੀਂ ਬਚਦੇ