ਇਸਲਾਮਾਬਾਦ (ਸਮਾਜ ਵੀਕਲੀ) : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ’ਤੇ ਦੋਸ਼ ਲਾਇਆ ਕਿ ਦੇਸ਼ ਦੀਆਂ ਸੁਰੱਖਿਆ ਸੰਸਥਾਵਾਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਨੇ ‘ਸਭ ਤੋਂ ਵੱਡਾ ਦੇਸ਼ ਧ੍ਰੋਹ’ ਕੀਤਾ ਹੈ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਮੁਖੀ ਨਵਾਜ਼ ਸ਼ਰੀਫ਼, ਜਿਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਚੱਲਦਿਆਂ ਸੁਪਰੀਮ ਕੋਰਟ ਨੇ 2017 ’ਚ ਗੱਦੀਓਂ ਲਾਹ ਦਿੱਤਾ ਸੀ, ਇਸ ਸਮੇਂ ਇਲਾਜ ਲਈ ਲੰਡਨ ’ਚ ਹਨ।
ਨਵਾਜ਼ ਸ਼ਰੀਫ ਨੇ ਪਿਛਲੇ ਮਹੀਨੇ ਇੱਕ ਰੈਲੀ ਨੂੰ ਵਰਚੁਅਲ ਸੰਬੋਧਨ ਕਰਦਿਆਂ ਪਹਿਲੀ ਵਾਰ ਸਿੱਧੇ ਤੌਰ ’ਤੇ ਫ਼ੌਜ ਮੁਖੀ ਕਮਰ ਜਾਵੇਦ ਬਾਜਵਾ ਅਤੇ ਆਈਐੱਸਆਈ ਮੁਖੀ ਲੈਫਟੀਨੈਂਟ ਜਨਰਲ ਫ਼ੈਜ਼ ਹਮੀਦ ਦਾ ਨਾਂ ਲੈ ਕੇ ਦੋਸ਼ ਲਾਇਆ ਸੀ ਕਿ ਇਮਰਾਨ ਖ਼ਾਨ ਦੀ ਜਿੱਤ ਨਿਸ਼ਚਿਤ ਕਰਨ ਲਈ ਉਨ੍ਹਾਂ ਨੇ 2018 ਦੀਆਂ ਚੋਣਾਂ ’ਚ ਦਖ਼ਲਅੰਦਾਜ਼ੀ ਕੀਤੀ ਸੀ।
ਇਮਰਾਨ ਖ਼ਾਨ ਨੇ ਵੀਰਵਾਰ ਨੂੰ ਸਥਾਨਕ ਨਿਊਜ਼ ਚੈਨਲ ਜੀਐੱਨਐੱਨ ਨਾਲ ਇੱਕ ਇੰਟਰਵਿਊ ’ਚ ਕਿਹਾ, ‘ਸੁਰੱਖਿਆ ਸੰਸਥਾਵਾਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਨੇ ‘ਸਭ ਤੋਂ ਵੱਡਾ ਦੇਸ਼ ਧ੍ਰੋਹ’ ਕੀਤਾ ਹੈ, ਜੋ ਹਥਿਆਰਬੰਦ ਫ਼ੌਜਾਂ ’ਚ ਵਿਦਰੋਹ ਭੜਕਾਉਣ ਦੇ ਬਰਾਬਰ ਹੈ।’ ਊਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਨਵਾਜ਼ ਸ਼ਰੀਫ ਨੇ ਆਪਣਾ ਸਿਆਸੀ ਸਫ਼ਰ ਸ਼ੁਰੂ ਕਰਨ ਲਈ ਫ਼ੌਜ ਦੀ ਮਦਦ ਲਈ ਸੀ। ਖ਼ਾਨ ਨੇ ਸਵਾਲ ਕੀਤਾ, ‘ਨਵਾਜ਼, ਜਿਨ੍ਹਾਂ ਨੂੰ ਫ਼ੌਜੀ ਤਾਨਾਸ਼ਾਹ ਜਨਰਲ ਜਿਆ ਉਲ ਹੱਕ ਨੇ ਸਿਆਸਤ ’ਚ ਲਿਆਂਦਾ ਸੀ, ਅਚਾਨਕ ਲੋਕਤੰਤਰ ਦੇ ਹਮਾਇਤੀ ਕਿਵੇਂ ਬਣ ਗਏ।’