ਰਾਹੁਲ ’ਚ ਯੋਗਤਾ ਅਤੇ ਜਨੂੰਨ ਦੀ ਕਮੀ: ਓਬਾਮਾ

ਨਵੀਂ ਦਿੱਲੀ (ਸਮਾਜ ਵੀਕਲੀ) : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣੀ ਨਵੀਂ ਕਿਤਾਬ ‘ਏ ਪ੍ਰੋਮਿਸਡ ਲੈਂਡ’ ਵਿੱਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦਾ ਜ਼ਿਕਰ ਕੀਤਾ ਹੈ। 17 ਨਵੰਬਰ ਨੂੰ ਰਿਲੀਜ਼ ਹੋ ਰਹੀ ਆਪਣੀ ਇਸ ਆਤਮਕਥਾ ਵਿੱਚ ਓਬਾਮਾ ਨੇ ਕਈ ਸਿਆਸੀ ਆਗੂਆਂ ’ਤੇ ਟਿੱਪਣੀ ਕਰਨ ਦੇ ਨਾਲ ਆਪਣੇ ਤਜਰਬਿਆਂ ਨੂੰ ਸਾਂਝਾ ਕੀਤਾ ਹੈ।

ਸਾਬਕਾ ਅਮਰੀਕੀ ਸਦਰ ਨੇ ਕਿਤਾਬ ਵਿੱਚ ਲਿਖਿਆ ਹੈ ਕਿ ਰਾਹੁਲ ਵਿੱਚ ਯੋਗਤਾ ਤੇ ਜਨੂੰਨ ਦੀ ਘਾਟ ਹੈ। ਕਿਤਾਬ ਵਿੱਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਸਮੇਤ ਹੋਰ ਕਈ ਆਲਮੀ ਆਗੂਆਂ ਦਾ ਵੀ ਜ਼ਿਕਰ ਹੈ।

ਅਮਰੀਕੀ ਰੋਜ਼ਨਾਮਚਾ ‘ਨਿਊਯਾਰਕ ਟਾਈਮਜ਼’ ਵਿੱਚ ਇਸ ਕਿਤਾਬ ਦਾ ਰੀਵਿਊ ਛਪਿਆ ਹੈ, ਜਿਸ ਵਿੱਚ ਕਿਤਾਬ ਦੇ ਕੁਝ ਅੰਸ਼ ਛਾਪੇ ਗਏ ਹਨ। ਓਬਾਮਾ ਨੇ ਰਾਹੁਲ ਬਾਰੇ ਟਿੱਪਣੀ ਕਰਦਿਆਂ ਲਿਖਿਆ, ‘‘ਉਨ੍ਹਾਂ ਵਿੱਚ ਇਕ ਅਜਿਹੇ ਬੇਚੈਨ ਤੇ ਗੈਰ-ਤਜਰਬੇਕਾਰ ਵਿਦਿਆਰਥੀ ਦੇ ਗੁਣ ਹਨ, ਜਿਸ ਨੇ ਆਪਣਾ ਹੋਮਵਰਕ ਕੀਤਾ ਹੈ ਤੇ ਅਧਿਆਪਕ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਵਿੱਚ ਹੈ। ਪਰ ਜੇਕਰ ਡੂੰਘਾਈ ਨਾਲ ਵੇਖੀਏ ਤਾਂ ਯੋਗਤਾ ਦੀ ਘਾਟ ਹੈ ਤੇ ਕਿਸੇ ਵਿਸ਼ੇ ’ਤੇ ਮੁਹਾਰਤ ਹਾਸਲ ਕਰਨ ਦੇ ਜਨੂੰਨ ਦੀ ਘਾਟ ਹੈ।’’ ਉਨ੍ਹਾਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਬਾਰੇ ਵੀ ਟਿੱਪਣੀਆਂ ਕੀਤੀਆਂ ਹਨ।

Previous articleਸ਼ਰੀਫ਼ ਨੇ ਸੁਰੱਖਿਆ ਸੰਸਥਾਵਾਂ ਨੂੰ ਨਿਸ਼ਾਨਾ ਬਣਾ ਕੇ ਦੇਸ਼ ਧ੍ਰੋਹ ਕੀਤਾ: ਇਮਰਾਨ
Next articleਭਾਰਤ ਵਿਚ ਰਵਾਇਤੀ ਦਵਾਈਆਂ ਦਾ ਕੇਂਦਰ ਸਥਾਪਤ ਕਰੇਗਾ ਡਬਲਿਊਐੱਚਓ