ਨਵੀਂ ਦਿੱਲੀ (ਸਮਾਜ ਵੀਕਲੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੰਸ਼ਵਾਦ ਦੀ ਸਿਆਸਤ ਨੂੰ ਲੋਕਤੰਤਰ ਦਾ ‘ਸਭ ਤੋਂ ਵੱਡਾ ਦੁਸ਼ਮਣ’ ਕਰਾਰ ਦਿੱਤਾ ਤੇ ਕਿਹਾ ਕਿ ਇਹ ਨਵੀਂ ਤਰ੍ਹਾਂ ਦੀ ‘ਤਾਨਾਸ਼ਾਹੀ’ ਨੂੰ ਜਨਮ ਦੇਵੇਗੀ ਤੇ ਆਪਣੀ ‘ਅਯੋਗਤਾ’ ਨਾਲ ਮੁਲਕ ’ਤੇ ਬੋਝ ਬਣੇਗੀ। ਕੌਮੀ ਨੌਜਵਾਨ ਸੰਸਦੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਵੰਸ਼ਵਾਦ ਦੀ ਰਾਜਨੀਤੀ ’ਤੇ ਚੱਲ ਰਹੀ ਪਾਰਟੀਆਂ ’ਤੇ ਤਿੱਖੇ ਸ਼ਬਦੀ ਵਾਰ ਕੀਤੇ। ਉਨ੍ਹਾਂ ਕਿਹਾ ਕਿ ਜਿਹੜੇ ਆਪਣੇ ਵੰਸ਼ ਕਰ ਕੇ ਉੱਪਰ ਆਉਂਦੇ ਹਨ, ਉਨ੍ਹਾਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਹੁੰਦਾ, ਨਾ ਉਹ ਇਸ ਦਾ ਸਨਮਾਨ ਕਰਦੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਜੇ ਉਨ੍ਹਾਂ ਦੀਆਂ ਪਿਛਲੀਆਂ ਪੀੜ੍ਹੀਆਂ ਨੂੰ ਭ੍ਰਿਸ਼ਟਾਚਾਰ ਲਈ ਕੋਈ ਜ਼ਿੰਮੇਵਾਰ ਨਹੀਂ ਠਹਿਰਾ ਸਕਿਆ ਤਾਂ ਉਨ੍ਹਾਂ ਨੂੰ ਵੀ ਕੋਈ ਨਹੀਂ ਛੂਹ ਸਕੇਗਾ। ਪ੍ਰਧਾਨ ਮੰਤਰੀ ਮੋਦੀ ਨੇ ਨੌਜਵਾਨਾਂ ਨੂੰ ਰਾਜਨੀਤੀ ਵਿਚ ਆਉਣ ਲਈ ਪ੍ਰੇਰਿਆ ਤੇ ਕਿਹਾ ਕਿ ਇਸ ਨੂੰ ਬਚਾਉਣ ਲਈ ਇਹ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ‘ਇਹ ਸੱਚ ਹੈ ਕਿ ਸਿਆਸਤ ਵਿਚ ਜਿਹੜੇ ਆਪਣੇ ਉਪਨਾਮ ਕਰ ਕੇ ਚੋਣਾਂ ਜਿੱਤ ਰਹੇ ਸਨ, ਉਨ੍ਹਾਂ ਦੀ ਕਿਸਮਤ ਹੁਣ ਪਹਿਲਾਂ ਵਰਗੀ ਨਹੀਂ ਰਹੀ।’
ਪਰ ਸਿਆਸਤ ਵਿਚ, ਵੰਸ਼ਵਾਦ ਦੀ ਰਾਜਨੀਤੀ ਦੀ ਬੀਮਾਰੀ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਈ ਹੈ। ਮੋਦੀ ਨੇ ਕਿਹਾ ਕਿ ਦੇਸ਼ ਵਿਚ ਸਿਆਸੀ ਤੇ ਸਮਾਜਿਕ ਭ੍ਰਿਸ਼ਟਾਚਾਰ ਲਈ ਇਹ ਵੰਸ਼ ਬਹੁਤ ਵੱਡਾ ਕਾਰਨ ਹਨ। ਉਨ੍ਹਾਂ ਕਿਹਾ ਕਿ ਲੋਕ ਹੁਣ ਇਮਾਨਦਾਰੀ ਤੇ ਕਾਰਗੁਜ਼ਾਰੀ ਨੂੰ ਹੀ ਪਹਿਲ ਦੇ ਰਹੇ ਹਨ, ਤੇ ਵੰਸ਼ਵਾਦ ਦੀ ਸਿਆਸਤ ਕਰਨ ਵਾਲਿਆਂ ਲਈ ਉਨ੍ਹਾਂ ਦੀ ‘ਭ੍ਰਿਸ਼ਟਾਚਾਰ’ ਦੀ ਵਿਰਾਸਤ ਹੀ ਬੋਝ ਬਣ ਗਈ ਹੈ। ਮੋਦੀ ਨੇ ਕਿਹਾ ਕਿ ਕੁਝ ਅਜਿਹੇ ਲੋਕ ਮੌਜੂਦ ਹਨ ਜਿਨ੍ਹਾਂ ਦਾ ਇਕੋ-ਇਕ ਮੰਤਵ ਪਰਿਵਾਰਵਾਦ ਦੀ ਸਿਆਸਤ ਨੂੰ ਬਚਾਉਣਾ ਤੇ ਰਾਜਨੀਤੀ ਵਿਚ ਆਪਣੇ ਪਰਿਵਾਰਾਂ ਨੂੰ ਬਚਾਉਂਦੇ ਰਹਿਣਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੌਜਵਾਨ ਵਰਗ ਲਈ ਕਈ ਤਰ੍ਹਾਂ ਦੇ ਸਮਾਗਮ ਕਰਵਾ ਰਹੀ ਹੈ, ਜਿਨ੍ਹਾਂ ’ਚ ‘ਮੌਕ ਸੰਸਦ’ ਸ਼ਾਮਲ ਹੈ। ਇਸ ਨਾਲ ਨੌਜਵਾਨ ਰਾਜਨੀਤੀ ਲਈ ਤਿਆਰ ਹੁੰਦੇ ਹਨ। ਇਸ ਮੌਕੇ ਸਵਾਮੀ ਵਿਵੇਕਾਨੰਦ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ ਜਿਨ੍ਹਾਂ ਦਾ ਅੱਜ ਜਨਮ ਦਿਨ ਹੈ। ਸੰਸਦ ਦੇ ਕੇਂਦਰੀ ਹਾਲ ’ਚ ਰੱਖੇ ਸਮਾਗਮ ਦੌਰਾਨ ਕੌਮੀ ਪੱਧਰ ਦੇ ਤਿੰਨ ਜੇਤੂਆਂ ਦੇ ਭਾਸ਼ਣ ਵੀ ਪ੍ਰਸਾਰਿਤ ਕੀਤੇ ਗਏ।