ਵੰਡ ਦਾ ਦਰਦ

ਚਰਨਜੀਤ ਸਿੰਘ ਰਾਜੌਰ

(ਸਮਾਜ ਵੀਕਲੀ)

ਗੱਲ ਪਾਕਿਸਤਾਨ ਦੇ ਜ਼ਿਲ੍ਹੇ ਕਸੂਰ ਦੇ ਇੱਕ ਕਸਬੇ ਜਾਂ ਸ਼ਹਿਰ ਚੂਨੀਆਂ ਤੋਂ ਸ਼ੁਰੂ ਕਰਾਂਗਾ। ਜੋ ਅੱਜ ਦੇ ਸਮੇਂ ਵਿੱਚ ਕਸੂਰ  ਜ਼ਿਲ੍ਹੇ ਦੀ ਇੱਕ  ਤਹਿਸੀਲ ਹੈ। ਜਿਸ ਨੂੰ ਕਸੂਰ ਜ਼ਿਲ੍ਹੇ ਦਾ ਧੁਰਾ ਵੀ ਕਿਹਾ ਜਾਂਦਾ ਸੀ। ‘ਚੂਨੀਆਂ’ ਪਾਕਿਸਤਾਨੀ ਪੰਜਾਬ ਦਾ ਇੱਕ ਇਤਿਹਾਸਕ ਸਥਾਨ ਹੈ। ਲਾਹੌਰ ਤੋਂ ਦੱਖਣ ਪਾਸੇ ਵੱਲ ਨੂੰ ਪੈਂਦੇ ਇਸ ਸ਼ਹਿਰ ਦੀ ਦੂਰੀ ਲਾਹੌਰ ਤੋਂ ਤਕਰੀਬਨ 75 ਤੋਂ 80 ਕਿਲੋਮੀਟਰ ਦੇ ਵਿਚਕਾਰ ਹੈ। ਜਾਣਕਾਰਾਂ ਅਨੁਸਾਰ ਇਹ ਮੌਜੂਦਾ ਸ਼ਹਿਰ ਚੂਨੀਆਂ 500 ਸਾਲ ਪੁਰਾਣਾ ਹੈ।

ਇਸ ਸ਼ਹਿਰ ਵਿੱਚ ਕੁੱਝ ਖੰਡਰ ਹੋ ਚੁੱਕੇ ਪੁਰਾਣੇ ਕਿਲ੍ਹੇ ਅਤੇ ਦਰਵਾਜੇ ਅਜੇ ਵੀ ਮੌਜੂਦ ਹਨ। ਇਸ ਸ਼ਹਿਰ ਵਿੱਚੋਂ ਖੁਦਾਈ ਸਮੇਂ ਹੜਪਾ ਸੱਭਿਅਤਾ ਵੇਲੇ ਦੇ ਚਿੰਨ੍ਹ ਪ੍ਰਾਪਤ ਹੋਏ ਹਨ। ਲਗਭਗ 1978 ਈ. ਦੇ ਸਮੇਂ  ਦੌਰਾਨ ਪਾਕਿਸਤਾਨ ਦੇ ਪੁਰਾਤੱਤਵ ਵਿਭਾਗ ਵੱਲੋਂ ਕੀਤੀ ਖੁਦਾਈ ਵਿੱਚੋਂ ਇਸ ਸਥਾਨ ਤੇ ਸਿਕੰਦਰ ਮਹਾਨ ਦੇ ਸਮੇਂ (323 ਬੀ.ਸੀ.) ਦੇ ਕੁੱਝ ਸਿੱਕੇ ਵੀ ਪ੍ਰਾਪਤ ਹੋਏ ਹਨ। ਸਥਾਈ ਲੋਕ ਦੱਸਦੇ ਹਨ ਕਿ ਉਹਨਾਂ ਨੇ ਆਪਣੇ ਬਜ਼ੁਰਗਾਂ ਤੋਂ ਸੁਣਿਆ ਸੀ ਕਿ ਇਹ ਸ਼ਹਿਰ ਹੁਣ ਤੱਕ ਨੌਂ ਵਾਰ ਉਜੜ ਕੇ ਫਿਰ ਤੋਂ ਬਸਿਆ ਹੈ।

ਚੂਨੀਆਂ ਸ਼ਹਿਰ ਦਾ ਇਹ ਨਾਮ ‘ਚੂਨੀ’ ਸ਼ਬਦ ਤੋਂ ਪਿਆ। ਰਾਜਾ ਟੋਡਰ ਮੱਲ ਜਿਹੜਾ ਕਿ ਮੂਗਲ ਸ਼ਾਸਨ ਕਾਲ ਵਿੱਚ ਦੀਵਾਨ ਸੀ ਨੂੰ ਇਹ (ਚੂਨੀਆਂ) ਸ਼ਹਿਰ ਉਸਦੀ ਰਾਜ ਪ੍ਰਤੀ ਈਮਾਨਦਾਰੀ ਨੂੰ ਵੇਖਦਿਆਂ ਬਾਦਸ਼ਾਹ ਅਕਬਰ ਨੇ ਭੇਂਟ ਕੀਤਾ ਸੀ।ਜਿਸਦਾ ਇਹ ਨਾਮ ਰਾਜਾ ਟੋਡਰ ਮੱਲ ਨੇ ਆਪਣੀ ਧੀ ‘ਚੂਨੀ’ ਦੇ ਨਾਮ ਤੋਂ ਰੱਖਿਆ ਸੀ। ‘ਇਨਸਾਈਕਲੋਪੀਡੀਆ ਆਫ ਸਿੱਖ ਰਲੀਜਨ’ ਅਨੁਸਾਰ ਚੂਨੀਆਂ ਸ਼ਬਦ ‘ਚੂਨੀ’ ਦਾ ਬਹੁ-ਵਚਨ ਹੈ। ਜਿਸਦਾ ਅਰਥ ਹੈ ‘ਮੋਤੀ’ ਭਾਵ ਇਸ ਸ਼ਹਿਰ ਦੀ ਸੁੰਦਰਤਾ ਮੋਤੀਆਂ ਵਰਗੀ ਸੀ।

ਇਸ ਥਾਂ ਤੇ ਹੀ ਮੇਰੇ ਪੂਰਵਜਾਂ ਨੇ ਆਪਣੀ ਜ਼ਿੰਦਗੀ ਦਾ ਕੀਮਤੀ ਸਮਾਂ ਗੁਜ਼ਾਰਿਆ। ਜਿਹਨਾਂ ਦੀਆਂ ਕਹਾਣੀਆਂ ਮੈਂ ਛੋਟੇ ਹੁੰਦਿਆਂ ਆਪਣੇ ਦਾਦਾ ਜੀ ਤੋਂ ਅਕਸਰ ਹੀ ਸੁਣਦਾ ਹੁੰਦਾ ਸਾਂ। ਉਦੋਂ ਉਮਰ ਛੋਟੀ ਹੋਣ ਕਰਕੇ ਉਹਨਾਂ ਦੀਆਂ ਇਹ ਦਿਲਚਸਪ ਅਤੇ ਗਿਆਨ ਵਧਾਉ ਗੱਲਾਂ ਘੱਟ ਹੀ ਸਮਝ ਆਉਂਦੀਆਂ ਸਨ। ਪਰ ਅੱਜ ਜਦੋਂ ਉਹਨਾਂ ਗੱਲਾਂ ਦੇ ਅਸਲੀ ਅਰਥ ਸਮਝ ਆਉਂਦੇ ਹਨ ਤਾਂ ਮੇਰੇ ਦਾਦਾ ਜੀ ਇਸ ਦੁਨੀਆਂ ਵਿੱਚ ਨਹੀਂ ਹਨ।

ਉਹਨਾਂ ਕੋਲੋਂ ਜਿੰਨੀਆਂ ਵੀ ਗੱਲਾਂ ਦੇਸ਼ ਦੀ ਆਜ਼ਾਦੀ ਦੇ ਸਮੇਂ ਦੀਆਂ ਅਤੇ ਉਸਤੋਂ ਪਹਿਲਾਂ ਦੀਆਂ ਸੁਣੀਆਂ ਉਹ ਅੱਜ ਵੀ ਮੇਰੇ ਦਿਲ ਤੇ ਦਿਮਾਗ ਅੰਦਰ ਹਲਚਲ ਪੈਦਾ ਕਰ ਦਿੰਦਿਆਂ ਹਨ। ਚਲੋ ਆਪਣੀ ਗੱਲ ਜ਼ਿਆਦਾ ਨਾ ਕਰਦਾ ਮੈਂ ਸਿੱਧਾ ਵਿਸ਼ੇ ਤੇ ਆਉਂਦਾ ਹਾਂ।ਕਸੂਰ ਸ਼ਹਿਰ ਦੀ ਇੱਕ ਤਹਿਸੀਲ ਚੂਨੀਆਂ ਦੇ ਨਿਵਾਸੀ ਹਿੰਦੂ ਧਰਮ ਦੀ ‘ਸੂਰਿਆਵੰਸ਼ੀ ਖਟੀਕ’ ਜਾਤੀ ਨਾਲ ਸਬੰਧਤ ਮੇਰੇ ਬਜ਼ੁਰਗ ਮੇਰੇ ਪੜ੍ਹ-ਦਾਦਾ ਸ੍ਰੀ ਗੋਪਾਲ ਦਾਸ ਰਾਜੌਰ ਜੀ ਆਜ਼ਾਦੀ ਤੋਂ ਪਹਿਲਾਂ ਉੱਥੋਂ ਦੀ ਇੱਕ ਸਰਕਾਰੀ ਸੰਸਥਾ ਵਿੱਚ ਦਰਜਾ ਚਾਰ ਦੇ ਕਰਮਚਾਰੀ ਸਨ।

ਮੇਰੇ ਦਾਦਾ ਜੀ ਦੋ ਭਾਈ ਸ੍ਰੀ ਸੱਤਪਾਲ ਅਤੇ ਸ੍ਰੀ ਰਾਜਪਾਲ ਜੀ ਹੋਰੀਂ ਉਸ ਸਮੇਂ ਛੋਟੇ ਹੁੰਦੇ ਸਨ ਅਤੇ ਉੱਥੋਂ ਦੇ ਹੀ ਇੱਕ ਧਾਰਮਿਕ ਸਥਾਨ ਤੋਂ ਮੁੱਢਲੀ ਸਿੱਖਿਆ ਪ੍ਰਾਪਤ ਕਰਦੇ ਸਨ। ਉਦੋਂ ਭਾਰਤ-ਪਾਕਿਸਤਾਨ ਦੀ ਵੰਡ ਦਾ ਕੋਈ ਨਾਮੋ ਨਿਸ਼ਾਨ ਨਹੀਂ ਸੀ। ਮੁਸਲਮਾਨ ਆਬਾਦੀ ਜ਼ਿਆਦਾ ਹੋਣ ਕਰਕੇ ਉੱਥੇ ਦੇ ਮੂਲ ਲੋਕਾਂ ਤੇ ਇਸਲਾਮ ਧਰਮ ਦਾ ਵੀ ਪੂਰਾ ਪ੍ਰਭਾਵ ਸੀ।ਮੇਰੇ ਪੜ੍ਹ-ਦਾਦਾ ਜੀ ਨੂੰ ਮੁਸਲਮਾਨੀ ਕਲਾਮ ਮੂੰਹ ਜਵਾਨੀ ਯਾਦ ਸੀ। ਉਹਨਾਂ ਕੋਲੋਂ ਲੋਕ ਇਲਾਜ਼ ਕਰਵਾਉਣ ਵੀ ਆਇਆ ਕਰਦੇ ਸਨ।

ਉਹ  ਲੋਕ ਬੁਖਾਰ ਦਾ ਝਾੜਾ, ਅੱਧੇ ਸਿਰ ਦੁੱਖਣ ਦਾ ਝਾੜਾ, ਭਰਿੰਡ ਲੜਨ ਕਾਰਨ ਹੋਈ ਸੋਜਸ਼ ਰੋਕਣ ਦਾ ਝਾੜਾ ਅਤੇ ਹੋਰ ਕਈ ਪ੍ਰਕਾਰ ਦੀਆਂ ਬਿਮਾਰੀਆਂ ਦਾ ਇਲਾਜ਼ ਕਰਾਉਣ ਅਕਸਰ ਮੇਰੇ ਪੜ-ਦਾਦੇ ਕੋਲ ਆਇਆ ਕਰਦੇ ਸਨ। ਲੋਕਾਂ ਵਿੱਚ ਉਹਨਾਂ ਦਾ ਚੰਗਾ ਰਸੂਖ ਸੀ ਜੋ ਕਿ ਵੰਡ ਤੋਂ ਬਾਅਦ ਵੀ ਪਟਿਆਲੇ ਅਤੇ ਨਾਭੇ ਵਿੱਚ ਰਹਿੰਦੀਆਂ ਕਾਇਮ ਰਿਹਾ। ਇੱਥੇ ਵੀ ਉਹਨਾਂ ਨੂੰ ਮੰਨਣ ਵਾਲਿਆਂ ਦੀ ਗਿਣਤੀ ਵਧੇਰੇ ਸੀ।ਮੇਰੇ ਦਾਦਾ ਜੀ ਅਨੁਸਾਰ ਮੇਰੇ ਪੜ੍ਹ-ਦਾਦਾ ਜੀ ਦੀ ਮੌਤ ਦੋ ਬਾਰ ਹੋਈ ਸੀ।

ਪਹਿਲੀ ਵਾਰ ਜਦੋਂ ਉਹਨਾਂ ਨੂੰ ਮਰਿਆ ਸਮਝ ਲਿਆ ਗਿਆ ਤਾਂ ਉਹ ਮੁੜ ਤੋਂ ਜੀਵਿਤ ਹੋ ਗਏ ਅਤੇ ਉਹਨਾਂ ਦੱਸਿਆ ਕੇ ਉਹਨਾਂ ਦੇ ਘਰ ਉਹਨਾਂ ਦੇ ਪੋਤੇ ਦੇ ਘਰ ਇੱਕ ਲੱੜਕਾ ਜਨਮ ਲਵੇਗਾ ਜਿਸ ਦੇ ਪੈਰ ਦੀਆਂ ਛੇ ਉਂਗਲਾਂ ਹੋਣਗੀਆਂ, ਉਹਨਾਂ ਦੇ ਬੋਲ ਸਹੀ ਨਿਕਲੇ ਤੇ ਉਸ ਬੱਚੇ ਦੇ ਪੈਰ ਦੀਆਂ ਛੇ ਉਂਗਲਾਂ ਹੀ ਸਨ। ਉਸਤੋਂ ਕੁੱਝ ਦਿਨ ਬਾਦ ਉਹ ਮੁੜ ਪ੍ਰਮਾਤਮਾ ਨੂੰ ਪਿਆਰੇ ਹੋ ਗਏ। ਦਿਲਚਸਪ ਗੱਲ ਇਹ ਕਿ ਜਿਸ ਦਿਨ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਪਾਠ ਦਾ ਭੋਗ ਸੀ ਉਸ ਦਿਨ ਪਤਾ ਨਹੀਂ ਕਿੱਥੋਂ ਬਹੁਤ ਸਾਰੇ ਲੋਕਾਂ ਦਾ ਸੈਲਾਬ ਉਮੜ ਪਿਆ। ਜੋ ਵੀ ਆਉਂਦਾ ਆਪਣੇ ਨਾਲ ਕੋਈ ਨਾ ਕੋਈ ਸਮਾਨ ਜ਼ਰੂਰ ਲੈ ਕੇ ਆਉਂਦਾ।

ਜਿਹਨਾਂ ਵਿੱਚੋਂ ਬਹੁਤਿਆਂ ਨੂੰ ਤਾਂ ਮੇਰੇ ਦਾਦਾ ਜੀ ਦਾ ਪਰਿਵਾਰ ਜਾਣਦਾ ਤੱਕ ਵੀ ਨਹੀਂ ਸੀ। ਪੁੱਛਣ ਤੇ ਉਹਨਾਂ ਲੋਕਾਂ ਨੇ ਦੱਸਿਆ ਕੇ ‘ਬੁੱਢੇ ਪਿਤਾਜੀ’ ਉਹਨਾਂ ਦੀ ਮੌਤ ਤੋਂ ਇੱਕ ਦਿਨ ਪਹਿਲਾਂ ਸਾਡੇ ਸਭ ਦੇ ਘਰ ਆਏ ਸਨ ਤੇ ਉਹਨਾਂ ਸਭ‌ ਨੂੰ ਆਪਣੀ ਮੌਤ ਬਾਰੇ ਦੱਸ ਕੇ ਗਏ ਸਨ। ਅਤੇ ਇਹ ਵੀ ਕਹਿਕੇ ਗਏ ਸਨ ਕਿ ਅੱਜ ਦੇ ਦਿਨ ਭੋਗ ਪਵੇਗਾ ਜਿਸ ਵਿੱਚ ਤੁਸੀਂ ਆ ਜਾਇਓ। ਗੱਲ ਸੁਣਨ ਨੂੰ ਅਜੀਬ ਲੱਗੀ, ਅੱਜ ਦੇ ਸਮੇਂ ਵਿੱਚ ਇਸ ਤਰ੍ਹਾਂ ਦੇ ਚਮਤਕਾਰ ਕਿਵੇਂ ਹੋ ਸਕਦੇ ਹਨ।

ਪਰ ਦਾਦਾ ਜੀ ਤੋਂ ਇਲਾਵਾ ਪਰਿਵਾਰ ਦੇ ਹੋਰ ਮੈਂਬਰਾਂ ਤੋਂ ਵੀ ਮੈਨੂੰ ਇਹੋ ਜਾਣਕਾਰੀ ਮਿਲੀ। ਮੈਂ ਬਹੁਤ ਹੈਰਾਨ ਸੀ। ਪਰ ਇੱਥੇਂ ਮੈਂ ਕੋਈ ਸੱਚਾਈ ਦਾ ਦਾਵਾ ਨਹੀਂ ਕਰਦਾ ਬਸ ਆਪਣੇ ਦਾਦਾ ਜੀ ਤੋਂ ਸੁਣੀ ਇਸ ਬਾਤ ਨੂੰ ਉਸੇ ਤਰ੍ਹਾਂ ਹੀ ਸ਼ਬਦਾਂ ਵਿੱਚ ਬਿਆਨ ਕਰਾਂਗਾ। ਗੋਪਾਲ ਦਾਸ ਜੀ ਨੂੰ ਮਿਲਣ ਆਉਣ ਵਾਲਿਆਂ ਵਿੱਚੋਂ ਆਮਲੋਹ ਦੇ ਵੀ ਬਹੁਤੇ ਲੋਕ ਸਨ ਜੋ ਉਹਨਾਂ ਦੇ ਭੋਗ ਸਮੇਂ ਹਾਜਰ ਹੋਏ ਸਨ। ਮੇਰੇ ਦਾਦਾ ਜੀ ਦੱਸਿਆ ਕਰਦੇ ਸਨ ਕਿ ਉਹ ਕਿਸੇ ਗੁੰਮੀ ਚੀਜ਼ ਦਾ ਪਤਾ ਘਰ ਬੈਠੇ-ਬੈਠੇ ਹੀ ਦੱਸ ਦਿੰਦੇ ਸਨ।

ਹੁਣ ਪੜਾਈਆਂ ਕਰਕੇ ਪਤਾ ਲੱਗਦਾ ਹੈ ਕਿ ਸ਼ਾਇਦ ਉਹਨਾਂ ਦਾ ਇਹ ਔਰਾ ਉਹਨਾਂ ਵੱਲੋਂ ਹਰ ਸਾਲ ਚਾਲੀ ਦਿਨ ਨਹਿਰ ਜਾਂ ਤਲਾਬ ਵਿੱਚ ਇੱਕ ਪੈਰ ਤੇ ਖੜ ਕੇ ਕੀਤੀ ਇੱਕ ਪ੍ਰਕਾਰ ਦੀ ਮੈਡੀਟੇਸ਼ਨ ਦਾ ਹੀ ਨਤੀਜਾ ਸੀ। ਜਿਸ ਨੂੰ ਮੇਰੇ ਦਾਦਾ ਜੀ ‘ਚਾਲੀਏ’ ਦੇ ਨਾਮ ਨਾਲ ਪੁਕਾਰਦੇ ਸਨ। ਮੇਰੇ ਦਾਦੇ ਆਪਣੀ ਜ਼ਮੀਨ ਵਿੱਚ ਵਾਹੀ ਕਰਦੇ ਸਨ  ਅਤੇ ਨਾਲ-ਨਾਲ ਪੜਾਈ ਕਰਦੇ ਸਨ। ਚੰਗੀ ਜਮੀਨ ਜਾਇਦਾਦ ਦੇ ਮਾਲਕ ਰਸੂਖਦਾਰ ਗੋਪਾਲ ਦਾਸ ਜੀ ਦੇ ਸਾਰੇ ਪਰਿਵਾਰ ਦੀ ਜ਼ਿੰਦਗੀ ਬਹੁਤ ਵਧੀਆ ਤਰੀਕੇ ਨਾਲ  ਵਸਰ ਹੋ ਰਹੀ ਸੀ। ਛੋਟੀ ਉਮਰੇ ਮੈਂ ਆਪਣੇ ਦਾਦਾ ਜੀ ਤੋਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਬਾਰੇ ਵੀ ਨਾ ਪੁੱਛ ਸਕਿਆ।

ਬਸ ਜੋ ਖ਼ਾਸ ਜਾਂ ਦਰਦਨਾਕ ਗੱਲਾਂ ਉਹਨਾਂ ਦੇ ਜ਼ਿਹਨ ਵਿੱਚ ਸਨ ਮੇਰੇ ਦਾਦਾ ਜੀ ਉਹਨਾਂ ਦਾ ਹੀ ਬਹੁਤਾ ਜ਼ਿਕਰ ਕਰਦੇ ਸਨ। ਪਰ ਅੱਜ ਜੇ ਉਹ ਜਿਉਂਦੇ ਹੁੰਦੇ ਤਾਂ ਮੈਂ ਉਹਨਾਂ ਤੋਂ ਬਹੁਤ ਕੱਝ ਪੁੱਛਣਾ ਸੀ। ਚਲੋ ਗੱਲ ਤੇ ਆਉਂਦੇ ਹਾਂ। ਇਸਲਾਮ ਧਰਮ ਦੇ ਲੋਕਾਂ ਦੀ ਬਹੁਤਾਤ ਹੋਣ ਕਾਰਨ ਵਾਜ਼ਿਬ ਹੈ ਕੀ ਮੇਰੇ ਦਾਦਾ ਜੀ ਹੋਰਾਂ ਦੀ ਦੋਸਤੀ ਤੇ ਪਰਿਵਾਰਕ ਸਾਂਝ ਵੀ ਉਹਨਾਂ ਨਾਲ ਹੀ ਸੀ। ਸਭ ਕੁੱਝ ਬਹੁਤਾ ਵਧੀਆ ਚੱਲ ਰਿਹਾ ਸੀ। ਪਰ ਇੱਕ ਦਿਨ ਉਹ ਕਾਲੀ ਬੋਲ਼ੀ ਰਾਤ ਵੀ ਆ ਗਈ ਜਦੋਂ ਪਤਾ ਲੱਗਾ ਕਿ ਦੇਸ਼ ਤਾਂ ਆਜ਼ਾਦ ਹੋ ਗਿਆ ਹੈ। ਪਰ ਦੇਸ਼ ਦਾ ਬਟਵਾਰਾ ਵੀ ਹੋ ਗਿਆ ਹੈ। ਬਟਵਾਰੇ ਨਾਲ ਦੋ ਅਲੱਗ-ਅਲੱਗ ਦੇਸ਼ ਬਣ ਗਏ ਹਨ।

ਪਾਕਿਸਤਾਨ ਅਤੇ ਹਿੰਦੁਸਤਾਨ ਜਿਹਨਾਂ ਵਿੱਚ ਪਾਕਿਸਤਾਨ ਮੁਸਲਮਾਨਾਂ ਦਾ ਦੇਸ਼ ਹੋਵੇਗਾ ਅਤੇ ਹਿੰਦੁਸਤਾਨ ਹਿੰਦੂਆਂ ਦਾ ਦੇਸ਼ ਹੋਵੇਗਾ। ਸਾਰੇ ਚੂਨੀਆਂ ਸ਼ਹਿਰ ਵਿਚ ਇਹ ਗੱਲ ਅੱਗ ਦੀ ਤਰ੍ਹਾਂ ਫੈਲ ਗਈ। ਮੇਰੇ ਦਾਦਿਆਂ ਅਤੇ ਉਹਨਾਂ ਦੇ ਬਾਪੂ ਯਾਨੀ ਕਿ ਮੇਰੇ ਪੜ੍ਹ ਦਾਦੇ ਨੇ ਪਹਿਲਾਂ ਤਾਂ ਆਹ ਗੱਲ ਦੋ ਤਿੰਨ ਦਿਨ ਗੋਹਲੀ ਹੀ ਨਾਂ ਪਰ ਜਦੋਂ ਹੋਰ ਲੋਕਾਂ ਤੋਂ ਉਹਨਾਂ ਨੂੰ ਹਿੰਦੂ-ਮੁਸਲਮਾਨ ਦੰਗਿਆਂ ਦਾ ਪਤਾ ਲੱਗਿਆ ਤਾਂ ਉਹ ਡਰ ਗਏ ਤੇ ਗੋਪਾਲ ਦਾਸ ਨੇ ਉਸੇ ਸਮੇਂ ਆਪਣੇ ਬੱਚਿਆਂ ਅਤੇ ਪਤਨੀ ਨੂੰ ਬੱਚਿਆਂ ਦੇ ਨਾਨਕੇ ਅਲੀਗੜ੍ਹ (ਉੱਤਰ ਪ੍ਰਦੇਸ਼, ਭਾਰਤ) ਦੇ ਇੱਕ ਪਿੰਡ ਭੇਜਣ ਦਾ ਫ਼ੈਸਲਾ ਕੀਤਾ। ਉਦੋਂ ਮੇਰੇ ਦਾਦਾ ਜੀ ਦੀ ਉਮਰ 14 ਸਾਲ ਦੀ ਸੀ।

ਸਿਰਫ਼ ਜਰੂਰਤ ਦਾ ਸਮਾਨ ਅਤੇ  ਦੋ-ਦੋ ਕਪੜਿਆਂ ਦੀ ਜੋੜੀ ਨਾਲ ਲੈ ਕੇ ਜਾਣ ਦਾ ਕਹਿ ਗੋਪਾਲ ਦਾਸ ਜੀ ਆਪਣੀ ਪਤਨੀ ਅਤੇ ਦੋ ਮੁੰਡਿਆਂ ਨੂੰ ਲੈ ਕੇ ਰੇਲਵੇ ਸਟੇਸ਼ਨ ਪਹੁੰਚੇ, ਅਜੇ ਏਨਾ ਖੂਨ-ਖਰਾਬਾ ਸ਼ੁਰੂ ਨਹੀਂ ਸੀ ਹੋਇਆ। ਗੱਡੀ ਵਿੱਚ ਬਿਠਾ ਕੇ ਜਦੋਂ ਗੋਪਾਲ ਦਾਸ ਜੀ ਵਾਪਸ ਘਰ ਪਰਤ ਰਹੇ ਸਨ ਤਾਂ ਉਹਨਾਂ ਵੇਖਿਆ ਕਿ ਕਿਵੇਂ ਮੁਸਲਮਾਨ ਲੋਕ ਆਪਣੇ ਸਮਾਨ ਸਹਿਤ ਤੁਰੇ ਜਾਂਦੇ ਲੋਕਾਂ ਨਾਲ ਲੁੱਟਮਾਰ ਕਰ ਰਹੇ ਹਨ। ਕਿਵੇਂ ਉਹਨਾਂ ਦੀਆ ਔਰਤਾਂ ਨੂੰ ਜ਼ਬਰਦਸਤੀ ਚੁੱਕ ਕੇ ਲੈ ਜਾ ਰਹੇ ਹਨ।

ਜਿਹੜਾ ਵੀ ਕੋਈ ਮੋਕੇ ਤੇ ਵਿਰੋਧ ਕਰਦਾ ਉਸਨੂੰ ਉਸ ਦੰਗਾਈਆਂ ਦੀ ਭੀੜ ਜਾਨੋਂ ਮਾਰ ਦਿੰਦੀ। ਗੋਪਾਲ ਦਾਸ ਨੂੰ ਆਪਣੇ ਘਰਦਿਆਂ ਵਾਰੇ ਸੋਚ-ਸੋਚ ਕੇ ਬੁਰੇ ਖਿਆਲ ਆ ਰਹੇ ਸਨ। ਬਿਲਕੁਲ ਇਸੇ ਤਰ੍ਹਾਂ ਦਾ ਮੰਜ਼ਰ ਮੇਰੇ ਦਾਦਿਆਂ ਨੂੰ ਹਿੰਦੂਸਤਾਨ ਵਿੱਚ ਵੇਖਣ ਨੂੰ ਮਿਲਿਆ ਜਿੱਥੇ ਹਿੰਦੂਸਤਾਨੀ ਲੋਕ ਮੁਸਲਮਾਨਾਂ ਦੇ ਘਰਾਂ ਨੂੰ ਅੱਗ ਲਾ ਰਹੇ ਸਨ ਅਤੇ ਉਹਨਾਂ ਦੀਆਂ ਔਰਤਾਂ ਦੀ ਇਜੱਤ ਲੁੱਟ ਰਹੇ ਸਨ। ਮੰਜ਼ਰ ਦੋਵਾਂ ਪਾਸੇ ਇੱਕੋ ਸੀ। ਰਾਜਸੀ ਸੱਤਾ ਹਥਿਆਉਣ ਲਈ ਵੱਡੇ ਲੋਕਾਂ ਨੇ ਦੇਸ਼ ਹੀ ਵੰਡ ਸੁੱਟਿਆ ਸੀ।

ਜਿੱਥੇ ਲੱਖਾਂ ਲੋਕ ਮਾਰੇ ਜਾ ਰਹੇ ਸਨ ਉੱਥੇ ਦੂਜੇ ਪਾਸੇ ਇਹ ਨਵੇਂ ਬਣੇ ਮੰਤਰੀ ਤੇ ਅਖੌਤੇ ਦੇਸ਼ ਭਗਤ ਦੇਸ਼ ਨੂੰ ਆਜ਼ਾਦ ਕਰਵਾਉਣ ਦਾ ਸਾਰਾ ਸਿਹਰਾ ਆਪਣੇ ਸਿਰ ਲੈਣ ਵਿੱਚ ਮਸ਼ਰੂਫ ਸਨ। ਗੋਪਾਲ ਦਾਸ ਬੱਚਦਾ ਬਚਾਉਂਦਾ ਜਦੋਂ ਚੂਨੀਆਂ ਵਿਖੇ ਆਪਣੇ ਘਰ ਆਇਆ ਹੀ ਸੀ ਕਿ ਉਸ ਦੇ ਕੰਨਾਂ ਵਿੱਚ ਦੰਗਿਆਈਆਂ ਦਾ ਸ਼ੋਰ ਪਿਆ ਜੋ ਸ਼ਾਇਦ ਗੋਪਾਲ ਦਾਸ ਦੇ ਘਰ ਵੱਲ ਨੂੰ ਹੀ ਆ ਰਹੇ ਸਨ। ਜਿਆਦਾ ਸਮਾਂ ਨਾ ਲੈਂਦੇ ਗੋਪਾਲ ਦਾਸ ਨੇ ਸਾਰੇ ਗਹਿਣੇ ਗੱਟੇ ਇਕੱਠੇ ਕੀਤੇ ਤੇ ਚਾਦਰਾਂ ਵਿੱਚ ਬੱਣ ਕੇ ਮੋਢੇ ਤੇ ਟੰਗ ਲਏ (ਜਿਹਨਾਂ ਦਾ‌ ਭਾਰ ਮੇਰੇ ਦਾਦਾ ਜੀ ਅਨੁਸਾਰ ਕਿਲੋਆਂ ਦੇ ਵਿੱਚ ਸੀ)।

ਹੋਰ ਜ਼ਰੂਰੀ ਸਮਾਨ ਚੁੱਕ ਕੇ ਜਦੋਂ ਦਰਵਾਜੇ ਵੱਲ ਨੂੰ ਗੋਪਾਲ ਦਾਸ ਪਹੁੰਚਿਆ ਤਾਂ ਭੀੜ ਬਿਲਕੁਲ ਉਸਦੇ ਨਾਲ ਦੇ ਘਰ  ਵਿੱਚ ੳਤਪਾਦ ਮਚਾ ਰਹੀ ਸੀ। ਜਿਆਦਾ ਸਮਾਂ ਨਾ ਗਵਾਉਂਦਿਆਂ ਗੋਪਾਲ ਦਾਸ ਪਿਛਲੇ ਰਸਤਿਓਂ ਖੇਤਾਂ ਵਿੱਚ ਦੀ ਹੋ ਕੇ ਸ਼ਹਿਰ ਵੱਲ ਨੂੰ ਭੱਜਣ ਲੱਗਾ। ਰਾਸਤੇ ਵਿੱਚ ਆਉਂਦੀ ਭੀੜ ਨੂੰ ਵੇਖਦਿਆਂ ਗੋਪਾਲ ਦਾਸ ਡਰ ਕੇ‌ ਕਬਰਿਸਤਾਨ ਵਿੱਚ ਜਾ ਵੜਿਆ ਅਤੇ ਲੁੱਕਣ ਦੀ ਕੋਈ ਹੋਰ ਥਾਂ ਨਾ ਹੋਣ ਕਰਕੇ ਕਬਰਿਸਤਾਨ ਦੇ ਨਾਲ ਲੱਗਦੇ ਟਾਹਲੀ ਦੇ ਦਰੱਖਤ ਤੇ ਚੜ੍ਹ ਗਿਆ।

ਉਹ ਭੀੜ ਕਬਰਿਸਤਾਨ ਵਿੱਚ ਹੀ ਆ ਗਈ ਸੀ‌। ਮੁਸਲਮਾਨਾਂ ਦੀ ਭੀੜ ਕਿਸੇ ਮੁਰਦੇ ਨੂੰ ਦਫ਼ਨ ਕਰਨ ਲਈ ਕਬਰਿਸਤਾਨ ਆਈ ਸੀ। ਗੋਪਾਲ ਦਾਸ ਦੇ ਸਾਹ ਸੁੱਕ ਰਹੇ ਸਨ।ਇਸ‌ ਭੀੜ ਵਿੱਚ ਉਸਨੂੰ ਕੋਈ ਵੀ ਬੰਦਾ ਉਸਦੀ ਜਾਣ-ਪਛਾਣ ਦਾ ਨਾ ਦਿਸਿਆ। ਕਬਰਿਸਤਾਨ ਦੇ ਨਾਲ ਖੜੇ ਟਾਹਲੀ ਦੇ ਦਰੱਖਤ ਤੇ ਚੜ੍ਹੇ ਗੋਪਾਲ ਦਾਸ ਨੂੰ ਚੂਨੀਆਂ ਪਿੰਡ ਵਿੱਚੋਂ ਉੱਠਦੀਆਂ ਅੱਗ ਦੀਆਂ ਲਾਟਾਂ ਸਾਫ ਵਿੱਖ ਰਹੀਆਂ ਸਨ। ਡਰ ਦੇ ਮਾਰੇ ਗੋਪਾਲ ਦਾਸ ਦਾ ਹੌਂਸਲਾ ਦਰੱਖਤ ਤੋਂ ਹੇਠਾਂ ਉਤਰਣ ਦਾ ਨਾ ਹੋਇਆ।

ਇਹ ਰਾਤ ਗੋਪਾਲ ਦਾਸ ਨੇ ਦਰੱਖਤ ਤੇ ਹੀ ਸਾਰੀ ਰਾਤ ਜਾਗ ਕੇ ਕੱਢੀ। ਫਿਰ ਸਾਰਾ ਦਿਨ ਮੁਰਦਿਆਂ ਦੇ ਆਉਣ ਦਾ ਸਿਲਸਿਲਾ ਜਾਰੀ ਰਿਹਾ। ਅੱਜ ਵੀ ਜਨਾਜੇ ਦੇ ਨਾਲ ਆਉਣ ਵਾਲੇ ਲੋਕਾਂ ਵਿੱਚ ਉਸਦੀ ਜਾਣ ਪਹਿਚਾਣ ਦਾ ਕੋਈ ਵੀ ਸ਼ਖ਼ਸ ਨਹੀਂ ਸੀ। ਕਬਰਿਸਤਾਨ ਵਿੱਚ ਨਾਲ ਦੀ ਨਾਲ ਸਾਰਾ ਦਿਨ ਕਬਰਾਂ ਦੀ ਪੁਟਾਈ ਦਾ ਕੰਮ ਵੀ ਜਾਰੀ ਰਿਹਾ।

ਉਸੇ ਰਾਤ ਗੋਪਾਲ ਦਾਸ ਹੌਂਸਲਾ ਕਰਦਿਆਂ ਦਰੱਖਤ ਤੋਂ ਹੇਠਾਂ ਉਤਰਿਆ ਅਤੇ ਪਿੱਠ ਤੇ ਚੁੱਕੀ ਗਹਿਣਿਆਂ ਨਾਲ ਭਰੀ ਪੋਟਲੀ ਨੂੰ ਸਿਰ ਤੇ ਰੱਖ ਕੇ ਕਬਰਿਸਤਾਨ ਵੱਲ ਦੌੜਿਆ ਅਤੇ ਪੋਟਲੀ ਨੂੰ ਇੱਕ ਪਹਿਲਾਂ ਤੋਂ ਪੁੱਟੀ ਹੋਈ ਕਬਰ ਵਿੱਚ ਸੁੱਟ ਕੇ ਉਸਨੂੰ ਮਿੱਟੀ ਨਾਲ ਇੰਝ ਢੱਕ ਦਿੱਤਾ ਵੀ ਵੇਖਣ ਵਾਲੇ ਨੂੰ ਇਹ ਕਿਸੇ ਵਿਅਕਤੀ ਦੀ ਹੀ ਕਬਰ ਲੱਗੇ। ਕੁੱਝ ਰੌਲਾ-ਗੌਲਾ ਸੁਣ ਕੇ ਗੋਪਾਲ ਦਾਸ ਭੱਜ ਕੇ ਫਿਰ ਉਸ ਸੰਘਣੇ ਟਾਹਲੀ ਦੇ ਦਰੱਖਤ ਤੇ ਚੜ੍ਹ ਗਿਆ।

ਬਿਨ੍ਹਾਂ ਕੱਝ ਖਾਦੇ-ਪੀਤੇ ਲਗਾਤਾਰ ਤੀਜੇ ਦਿਨ ਵੀ ਜਦੋਂ ਗੋਪਾਲ ਦਾਸ ਦਰੱਖਤ ਤੇ ਬੈਠਿਆ ਸੀ ਤਾਂ ਉਸਦੀ ਨਜ਼ਰ ਕਬਰਿਸਤਾਨ ਵਿੱਚ ਆਏ ਲੋਕਾਂ ਵੱਲ ਪਈ ਜੋ ਉਸਦੇ ਪਿੰਡ ਦੇ ਹੀ ਉਸਦੇ ਬਚਪਨ ਦੇ ਦੋਸਤ ਅਬਦੁਲੇ ਹੋਰੇ ਸਨ। ਜੋ ਪਿੰਡ ਦੇ ਹੀ ਇੱਕ ਲੰਮੇ ਸਮੇਂ ਤੋਂ ਬਿਮਾਰ ਪਏ ਬਜ਼ੁਰਗ ਦੀ ਮੌਤ ਤੋਂ ਬਾਅਦ ਉਸਨੂੰ ਦਫ਼ਨਾਉਣ ਆਏ ਸਨ। ਉਹਨਾਂ ਆਏ ਲੋਕਾਂ ਵਿੱਚੋਂ ਇੱਕ ਦੀ ਨਜ਼ਰ ਤਿੰਨ ਦਿਨਾਂ ਤੋਂ ਭੁੱਖੇ ਪਿਆਸੇ ਹੀ ਦਰੱਖਤ ਤੇ ਬੈਠੇ ਗੋਪਾਲ ਦਾਸ ਤੇ ਪਈ। ਜਿਸਦੀ ਇਜ਼ੱਤ ਅੱਜ ਵੀ ਸਾਰਾ ਪਿੰਡ ਕਰਦਾ ਸੀ। ਗੋਪਾਲ ਦਾਸ ਬਹੁਤ ਡਰ ਗਿਆ ਸੀ।

ਪਰ ਉਸਦਾ ਡਰ ਉਦੋਂ ਜਾਂਦਾ ਰਿਹਾ ਜਦੋਂ ਉਸਦੇ ਗੁਆਂਢੀਆਂ ਦੇ ਮੁੰਡੇ ਨੇ ਗੋਪਾਲ ਨੂੰ ‘ਗੋਪਾਲ ਚੱਚਾ’ ਕਹਿ ਕੇ ਆਵਾਜ਼ ਮਾਰੀ। ਉਸਦੀ ਆਵਾਜ਼ ਸੁਣ ਕੇ ਸਾਰੇ ਪਿੰਡ ਦੀ ਨਜ਼ਰ ਗੋਪਾਲ ਤੇ ਪਈ ਉਹਨਾਂ ਨੇ ਭੁੱਖੇ ਪਿਆਸੇ ਗੋਪਾਲ ਨੂੰ ਆਦਰ ਸਹਿਤ ਦਰੱਖਤ ਤੋਂ ਉਤਾਰਿਆ। ਗੋਪਾਲ ਨੇ ਉਹਨਾਂ ਨੂੰ ਆਪਣੀ  ਸਾਰੀ ਹੱਡ-ਬੀਤੀ ਸੁਣਾਈ। ਪਿੰਡ ਦੇ ਲੋਕ ਗੋਪਾਲ ਨੂੰ ਆਪਣੇ ਨਾਲ ਪਿੰਡ ਲੈ ਗਏ। ਉਹਨਾਂ ਗੋਪਾਲ ਦੇ ਘਰ ਨੂੰ ਕੱਟੜ ਮਾਨਸਿਕਤਾ ਵਾਲੀ ਭੀੜ ਦੁਆਰਾ ਅੱਗ ਲਾ ਦੇਣ‌ ਦੀ ਗੱਲ ਦੱਸੀ ਜੋ ਸੁਣ ਕੇ ਡਰਿਆ ਗੋਪਾਲ ਆਪਣੇ ਹੰਝੂ ਨਾ ਰੋਕ ਸਕਿਆ।

ਪਿੰਡ ਦੇ ਲੋਕਾਂ ਨੇ ਗੋਪਾਲ ਨੂੰ ਉਹਨਾਂ ਕੋਲੋਂ ਨਾ ਡਰਨ ਦੀ ਗੱਲ ਕੀਤੀ ਅਤੇ ਉਸਨੂੰ ਰੱਜ ਕੇ ਰੋਟੀ ਖਵਾਈ,ਨਵੇ ਲੀੜੇ ਪਵਾਏ ਅਤੇ ਆਪਣੀ ਹਿਫਾਜਤ ਵਿੱਚ ਹੀ ਸ਼ਹਿਰ ਦੇ ਰੇਲਵੇ ਸਟੇਸ਼ਨ ਤੇ ਰੇਲ ਗੱਡੀ ਤੇ ਸਹੀ ਸਲਾਮਤ ਚੜਾਂ ਕੇ ਆਉਣ‌ ਦਾ‌ ਫੈਸਲਾ ਕੀਤਾ। ਪਿੰਡ ਦੇ ਲੋਕ ਇਕੱਠੇ ਹੋ ਕੇ ਗੋਪਾਲ ਨੂੰ ਸਟੇਸਨ ਤੱਕ ਲੈ ਆਏ। ਜਿੱਥੇ ਦਾ ਮੰਜ਼ਰ ਵੇਖ ਕੇ ਪਿੰਡ ਦੇ ਲੋਕਾਂ ਅਤੇ ਖੁਦ ਗੋਪਾਲ ਦਾ ਦਿਲ ਦਹਿਲ ਗਿਆ। ਰੇਲਵੇ ਸਟੇਸ਼ਨ ਲਾਸ਼ਾਂ ਨਾਲ ਭਰਿਆ ਹੋਇਆ ਸੀ।

ਕੁੱਤੇ ਲਾਸ਼ਾਂ ਨੂੰ ਆਪਣਾ ਭੋਜਨ ਬਣਾ ਰਹੇ ਸਨ। ਗਿੱਦ ਆਪਣੀ ਵਾਰੀ ਦੀ ਉਡੀਕ ਵਿੱਚ ਸਨ। ਵੇਖਣ ਨੂੰ ਇਹ ਸਭ ਲਾਸ਼ਾਂ ਆਮ ਲੋਕਾਂ ਦੀਆਂ ਹੀ ਲੱਗੀਆਂ। ਇਹਨਾਂ ਲਾਸ਼ਾਂ ਵਿੱਚੋਂ ਕੋਈ ਵੱਡਾ ਨੇਤਾ ਜਾ ਵੱਡਾ ਵਪਾਰੀ ਦਿਸਦਾ ਪ੍ਰਤੀਤ ਨਾ ਹੋਇਆ। ਚਿਹਰਿਆਂ ਤੇ ਕੁਪੋਸ਼ਣ ਦੇ ਚਿੰਨ੍ਹ ਲਈ ਬੈਠੇ ਕਈ ਦਿਨਾਂ ਤੋਂ ਭੁੱਖੇ ਪਿਆਸੇ ਬੱਚੇ, ਰੋ-ਰੋ ਕੇ ਅੱਖਾਂ ਸੁਜਾ ਤੇ ਹੰਝੂ ਸੁਖਾ ਦੇਣ ਵਾਲੀਆਂ ਪਾਟੀਆਂ ਲੀਰਾਂ ਨਾਲ ਆਪਣੇ ਸਰੀਰ ਨੂੰ ਢੱਕਦੀਆਂ ਉਹ ਔਰਤਾਂ ਆਪਣੇ ਕਰੀਬੀਆਂ ਦੀਆਂ ਲਾਸ਼ਾਂ ਕੋਲ ਆਪ ਲਾਸ਼ ਬਣੀਆਂ ਬੈਠੀਆਂ ਸਨ।

ਮੁਰਦਿਆਂ ਦਾ ਅੱਧ-ਨੰਗਾਂ ਸ਼ਰੀਰ, ਬਿਲਕੁਲ ਨੰਗੀਆਂ ਔਰਤਾਂ ਦੀਆਂ ਲਾਸ਼ਾਂ ਉਹਨਾਂ ਨਾਲ ਜਿਉਂਦੇ ਜੀ ਅਤੇ ਮਰਨ ਤੋਂ ਬਾਅਦ ਹੋਏ ਘਿਨਾਉਣੇ ਕਾਰੇ ਨੂੰ ਸਾਫ਼ ਬਿਆਨ ਕਰ ਰਹੀਆਂ ਸਨ। ਇਹ ਸੱਭ ਵੇਖ ਚੂਨੀਆਂ ਪਿੰਡ ਦੇ ਲੋਕ ਅਤੇ ਗੋਪਾਲ ਆਪਣੇ ਆਪੋ-ਆਪ ਵਹਿੰਦੇ ਹੰਝੂ ਨਾ ਰੋਕ ਸਕੇ। ਰੇਲ ਗੱਡੀ ਦੇ ਹਾਰਨ ਦੀ ਆਵਾਜ਼ ਆਈ। ਇਹ ਰੇਲ ਗੱਡੀ ਪਿੱਛੋਂ ਹੀ ਆ ਰਹੀ ਸੀ। ਰੇਲ ਲਾਸ਼ਾਂ ਨਾਲ ਭਰੀ ਪਈ ਸੀ। ਕੋਈ ਜਿਉਂਦਾ ਜਾਗਦਾ ਸ਼ਖ਼ਸ ਰੇਲ ਵਿੱਚ ਬੈਠਾ ਨਾ ਵਿਖਿਆ।

ਟਰੇਨ ਰੁਕੀ ਲੋਕਾਂ ਵਿੱਚ ਭਾਜੜਾਂ ਪੈ ਗਈਆਂ। ਉਸ ਸਮੇਂ ਆਪਣੇ ਆਪ ਨੂੰ ਬਚਾਉਣ ਦੀ ਕਾਹਲੀ ਵਿੱਚ ਲੋਕਾਂ ਨੇ ਉੱਥੇ ਪਏ ਅੱਧਮਰੇ ਜ਼ਖ਼ਮੀ ਲੋਕਾਂ ਦੀਆਂ ਜਾਨਾਂ ਦੀ ਪਰਵਾਹ ਨਾ ਕਰਦੇ ਹੋਏ ਉਹਨਾਂ ਉੱਤੋਂ ਦੀ ਹੁੰਦੇ ਹੋਏ ਟਰੇਨ ਤੇ ਚੜਨ ਦੀ ਕਾਹਲੀ ਕੀਤੀ। ਜਗ੍ਹਾ ਬਣਾਉਣ ਲਈ ਲੋਕ ਗੱਡੀ ਵਿੱਚ ਪਈਆਂ ਲਾਸ਼ਾਂ ਨੂੰ ਹੇਠਾਂ ਸੁੱਟਣ ਲੱਗੇ।ਆਪਨੇ ਆਪ ਨੂੰ ਮਰਨੋਂ ਬਚਾਉਣ ਦੀ ਜੰਗ ਵਿੱਚ ਉਹਨਾਂ ਦੀ ਇਨਸਾਨੀਅਤ ਹੀ ਸ਼ਾਇਦ ਮਰ ਗਈ ਸੀ। ਚੂਨੀਆਂ ਪਿੰਡ ਦੇ ਮੁਸਲਮਾਨ ਸਾਥੀਆਂ ਨੇ ਗੋਪਾਲ ਨੂੰ ਹਿਫ਼ਾਜ਼ਤ ਨਾਲ ਟਰੇਨ ਵਿੱਚ ਬਿਠਾਇਆ ਅਤੇ ਨਮ ਅੱਖਾਂ ਨਾਲ ਗੋਪਾਲ ਨੂੰ ਉੱਥੋਂ ਵਿਦਾਇਗੀ ਦਿੱਤੀ।

ਅਪਣੇ ਆਲੇ-ਦੁਆਲੇ ਲਾਸ਼ਾਂ ਦੇ ਢੇਰ ਵੇਖ ਗੋਪਾਲ ਦੇ ਮਨ ਵਿੱਚ ਆਪਣੇ ਪਰਿਵਾਰ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਖਿਆਲ ਆ ਰਹੇ ਸਨ। ਲਾਸ਼ਾਂ ਵਿੱਚੋਂ ਆ ਰਹੀ ਮੁਸ਼ਕ ਜੋ ਨਾ ਸਹਿਣਯੋਗ ਸੀ ਨੇ ਗੋਪਾਲ ਦੀ ਤਬੀਅਤ ਨਾਸਾਜ਼ ਕਰ ਦਿੱਤੀ। ਦੋਹਾਂ ਪਾਸਿਓਂ ਉਜੜੇ ਹੋਰ ਲੋਕਾਂ ਵਾਂਗ ਹੀ ਗੋਪਾਲ ਲਈ ਵੀ ਇਹ ਮੰਜ਼ਰ ਅਵਿਸ਼ਵਾਸ ਯੋਗ ਸੀ। ਅਚਾਨਕ ਗੱਡੀ ਰੁਕਣ ਦੇ ਸ਼ੋਰ ਨੇ ਗੋਪਾਲ ਦੀ ਸੋਚ ਨੂੰ ਤੋੜਿਆ। ਉਸਦਿਆਂ ਕੰਨਾਂ ਵਿੱਚ ਚੀਕ-ਚਿਹਾੜੇ ਦੀ ਆਵਾਜ਼ ਗੂੰਜ ਰਹੀ ਸੀ।

ਉਸਨੇ ਅੰਦਾਜ਼ਾ ਲਾ ਲਿਆ ਕਿ ਹੋ ਸਕਦਾ ਹੈ ਫਿਰ ਉਹ ਭੜਕੀ ਭੀੜ ਹੋਣੀ ਹੈ ਜਿਸ ਨੇ ਆਪਣੇ ਪਰਿਵਾਰਾਂ ਦੀ ਮੌਤ ਦਾ ਬਦਲਾ ਲੈਣ ਦੀ ਉਮੀਦ ਵਿੱਚ ਟਰੇਨ ਰੋਕ ਕੇ ਪਹਿਲਾਂ ਤੋਂ ਹੀ ਉਜੜੇ ਲੋਕਾਂ ਨੂੰ ਫਿਰ ਤੋਂ ਉਜਾੜਨ ਦਾ ਫ਼ੈਸਲਾ ਕਰ ਲਿਆ ਹੈ। ਉਸ ਦੀ ਸੋਚੀ ਗੱਲ ਬਿਲਕੁਲ ਸੱਚ ਹੋਈ। ਉਸਦੇ ਨਾਲ ਦੇ ਡੱਬੇ ਵਿੱਚੋਂ ਚੀਕ-ਚਿਹਾੜਾ ਹੋਰ ਤੇਜ਼ ਹੋ ਗਿਆ ਸੀ। ਜਿਹਨਾਂ ਵਿੱਚ ਜ਼ਿਆਦਾ ਆਵਾਜ਼ਾਂ ਔਰਤਾਂ ਦੀ ਕੁਰਲਾਹਟਾਂ ਦੀ ਸੀ। ਭੜਕੀ ਭੀੜ ਦੇ ਦਿਮਾਗ ਵਿੱਚ ਜਿਵੇਂ ਕ਼ਤਲ ਕਰਨ ਦਾ ਖੂਨ ਹੀ ਸਵਾਰ ਸੀ।

ਉਹ ਕਿਸੇ ਬੱਚੇ, ਬੁੱਢੇ ਅਤੇ ਔਰਤ ਨੂੰ ਵੀ ਨਹੀਂ ਬਖਸ਼ ਰਹੇ ਸਨ। ਗੋਪਾਲ ਜਿਸ ਡੱਬੇ ਵਿੱਚ ਸਵਾਰ ਸੀ। ਉਹ ਸਾਰਾ ਲਾਸ਼ਾਂ ਨਾਲ ਭਰਿਆ ਹੋਇਆ ਸੀ। ਜਿਵੇਂ ਵਪਾਰ ਲਈ ਲਿਜਾਈਆਂ ਵਸਤਾਂ ਨੂੰ ਤੁਣ-ਤੁਣ ਕੇ ਭਰਿਆ ਜਾਂਦਾ ਹੈ। ਗੋਪਾਲ ਵੀ ਕਿਵੇਂ ਨਾ ਕਿਵੇਂ ਇੱਕ ਪੈਰ ਦੇ ਸਹਾਰੇ ਨਾਲ ਥੋੜੀ ਜਹੀ ਬਚਦੀ ਜਗ੍ਹਾ ਵਿੱਚ ਖੜਾ ਸੀ। ਜੇ ਉਹ ਚਾਹੁੰਦਾ ਤਾਂ ਉਹਨਾਂ ਲਾਸ਼ਾਂ ਨੂੰ ਸਟੇਸ਼ਨ ਤੇ ਸੁੱਟ ਕੇ ਬੈਠਣ ਲਈ ਜਗ੍ਹਾ ਬਣਾ ਲੈਂਦਾ। ਪਰ ਉਸ ਦੇ ਜ਼ਮੀਰ ਨੇ ਉਸਨੂੰ ਆਹ ਕਰਨ ਦੀ ਇਜਾਜ਼ਤ ਨਹੀਂ ਸੀ ਦਿੱਤੀ। ਲਾਸ਼ਾਂ ਨਾਲ ਭਰਿਆ ਡੱਬਾ ਵੇਖ ਕੇ ਔਰਤਾਂ ਨੇ ਇਸ ਡੱਬੇ ਵਿੱਚ ਚੜ੍ਹਨ ਤੋਂ ਸੰਕੋਚ ਕੀਤਾ।

ਜਦੋਂ ਗੋਪਾਲ ਨੂੰ ਇਹ ਅੰਦੇਸ਼ਾ ਹੋ ਗਿਆ ਕਿ ਉਹ ਭੜਕੀ ਹੋਈ ਭੀੜ ਹੁਣ ਉਸ ਦੇ ਡੱਬੇ ਵਿੱਚ ਆਵੇਗੀ ਤਾਂ ਉਸਨੇ ਲਾਸ਼ਾਂ ਵਿੱਚੋਂ ਆ ਰਹੀ ਬਦਬੂ ਦੀ ਪਰਵਾਹ ਨਾ ਕਰਦੇ ਹੋਏ ਆਪਣੇ ਆਪ ਨੂੰ ਇਹਨਾਂ ਲਾਸ਼ਾਂ ਦੇ ਵਿੱਚ ਲੁਕੋ ਲਿਆ। ਆਹ ਗੱਲ ਲਿਖਦਿਆਂ ਮੇਰੇ ਲੂਹ-ਕੰਢੇ ਖੜੇ ਹੋ ਗਏ ਹਨ। ਕਿਹੋ ਜਿਹਾ ਹੋਣਾਂ ਇਹ ਮੰਜ਼ਰ ਜਿਥੇ ਇਨਸਾਨ ਹੀ ਇਨਸਾਨ ਦੀ ਜਾਨ ਦਾ ਪਿਆਸਾ ਬਣਿਆ ਹੋਇਆ ਸੀ। ਬਦਲੇ ਦੀ ਭਾਵਨਾ ਦੋਹਾਂ ਪਾਸਿਓਂ ਇੰਝ ਮਾਰੂ ਹੋਈ ਪਈ ਸੀ ਕਿ ਮਨੁੱਖ ਵਿੱਚੋਂ ਇਨਸਾਨੀਅਤ ਹੀ ਮੁੱਕ ਚੁੱਕੀ ਸੀ।

ਉਹ ਭੀੜ ਗੋਪਾਲ ਦੇ ਡੱਬੇ ਵਿੱਚ ਆਈ, ਲਾਸ਼ਾਂ ਨਾਲ ਭਰੇ ਇਸ ਡੱਬੇ ਵਿੱਚੋਂ ਆਉਂਦੀ ਭਿਅੰਕਰ ਬਦਬੂ ਨੂੰ ਨਾ ਬਰਦਾਸ਼ਤ ਕਰਦੀ ਹੋਈ ਉਹ ਭੀੜ ਬਾਹਰੋਂ ਹੀ ਮੁੜ ਗਈ। ਜਦੋਂ ਤੱਕ ਪੈਰਾਂ ਦੀ ਆਵਾਜ਼ ਮੱਧਮ ਨਹੀਂ ਹੋਈ ਗੋਪਾਲ ਅਸਹਿਣਯੋਗ ਬਦਬੂ ਨੂੰ ਸਹਿਣ‌ ਕਰਦਾ ਉਹਨਾਂ ਲਾਸ਼ਾਂ ਦੇ ਵਿੱਚ ਹੀ ਫਸਿਆ ਰਿਹਾ। ਫਿਰ ਇਹੋ ਵਰਤਾਰਾ ਦੋ-ਤਿੰਨ ਜਗ੍ਹਾ ਹੋਰ ਵਾਪਰਿਆ। ਅੰਤ ਜਦੋਂ ਟਰੇਨ ਹਿੰਦੂਸਤਾਨ ਦੀ ਸੀਮਾਂ ਵਿੱਚ ਆ ਕੇ ਰੁਕੀ ਤਾਂ ਗੋਪਾਲ ਸਮੇਤ ਹੋਰ ਲੋਕਾਂ ਨੂੰ ਸੁਖ ਦਾ‌ ਸਾਹ ਆਇਆ।

ਗੋਪਾਲ ਆਪਣੇ ਪਰਿਵਾਰ ਨੂੰ ਮਿਲਣ ਲਈ ਬਹੁਤ ਕਾਹਲਾ ਪੈ ਰਿਹਾ ਸੀ। ਅਜੀਬ-ਅਜੀਬ ਜਿਹੇ ਖ਼ਿਆਲ ਉਸਦੇ ਮਨ ਨੂੰ ਘੇਰੀ ਬੈਠੇ ਸਨ। ਭਾਰਤ ਦੀ ਸੀਮਾਂ ਤੇ ਪੈਂਦੇ ਸਟੇਸ਼ਨ ਦੇ ਹਾਲਾਤ ਵੀ ਪਾਕੀਸਤਾਨ ਦੇ ਹਾਲਾਤਾਂ ਵਰਗੇ ਹੀ ਸਨ। ਬਿਨ੍ਹਾਂ ਕਪੜਿਆਂ ਤੋਂ ਔਰਤਾਂ ਦੀਆਂ ਲਾਸ਼ਾਂ, ਬੱਚਿਆਂ, ਬਜ਼ੁਰਗਾਂ ਅਤੇ ਨੌਜਵਾਨਾਂ ਦੀਆਂ ਲਾਸ਼ਾਂ ਨਾਲ ਸਾਰਾ ਸਟੇਸ਼ਨ ਭਰਿਆ ਪਿਆ ਸੀ। ਕੁੱਤੇ ਲਾਸਾਂ ਨੂੰ ਨੌਚ-ਨੌਚ ਕੇ ਖਾ ਰਹੇ  ਸਨ। ਗਿੱਦ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੀਆਂ ਸਨ।

ਅੱਜ ਭਾਵੇਂ ਧਰਮ ਦੇ ਆਧਾਰ ਤੇ ਦੇਸ਼ ਦੀ ਵੰਡ ਹੋ ਗਈ ਸੀ। ਪਰ ਦੋਹਾਂ ਪਾਸਿਆਂ ਦੇ ਕੁੱਝ ਕੱਟੜ ਲੋਕ ਅਤੇ ਦੋਹਾਂ ਪਾਸਿਆਂ ਦੇ ਕੁੱਤਿਆਂ ਦਾ ਵਰਤਾਵ ਇੱਕੋ ਹੀ ਸੀ। ਇੱਕ ਟਰੇਨ ਲਾਸ਼ਾਂ ਨਾਲ ਭਰੀ ਪਾਕਿਸਤਾਨ ਜਾਨ ਨੂੰ ਤਿਆਰ ਖੜੀ ਸੀ। ਲੋਕ ਜੋ ਆਪ ਉਧਰੋਂ ਭੁੱਖੇ ਪਿਆਸੇ ਬੱਚ-ਬਚਾ ਕੇ ਆਏ ਸਨ। ਉਹਨਾਂ ਤੇ ਹੋਏ ਜ਼ੁਲਮ ਦਾ ਬਦਲਾ ਲੈਣ ਲਈ ਆਪਣੀਆਂ ਧੀਆਂ-ਭੈਣਾਂ ਤੇ ਹੋਈ ਬਰਬਰਤਾ ਦਾ ਬਦਲਾ ਲੈਣ ਲਈ, ਤੜਫਦੀਆਂ ਅਤੇ ਮਰ ਚੁੱਕੀਆਂ ਔਰਤਾਂ ਨੂੰ ਆਪਣੀ ਹਵਸ਼ ਦੀ ਸ਼ਿਕਾਰ ਬਣਾਉਣ ਵਿੱਚ ਰੁੱਝ ਗਏ।

ਵਿਰੋਧ ਦਾ ਨਤੀਜਾ ਮੌਤ ਸੀ। ਕਈ ਲੋਕ ਮਰਿਆਂ ਲੋਕਾਂ ਦੀਆਂ ਅਤੇ ਜਿਉਂਦੇ ਲੋਕਾਂ ਦੀਆਂ ਤਲਾਸ਼ੀਆਂ ਲੈਣ ਲੱਗੇ ਅਤੇ ਜੋ ਵੀ ਮਿਲਿਆ ਖੋ ਲਿਆਏ। ਗੋਪਾਲ ਤੋਂ ਇਹ ਸੱਭ ਮੰਜ਼ਰ ਨਾ ਵੇਖਿਆ ਗਿਆ, ਉਹ ਤਾਂ ਇਹਨਾਂ ਲਾਸ਼ਾਂ ਵਿੱਚੋਂ ਆਪਣੀ ਪਤਨੀ ਤੇ ਬੱਚਿਆਂ ਨੂੰ ਭਾਲ ਰਿਹਾ ਸੀ। ਪੂਰਾ ਇੱਕ ਦਿਨ ਉੱਥੇ ਹੀ ਬਿਤਾ ਕੇ ਮੌਤ ਦਾ ਦੂਹਰਾ ਮੰਜ਼ਰ ਆਪਣੀਆਂ ਅੱਖਾਂ ਨਾਲ ਵੇਖ ਉਹ ਆਪਣੀ ਮਨੋਸਥਿਤੀ ਗੁਆ ਬੈਠਾ ਸੀ। ਹੁਣ ਉਸਨੂੰ ਇਹ ਯਕੀਨ ਹੋ ਗਿਆ ਸੀ ਕਿ  ਉਸਦਾ ਪਰਿਵਾਰ ਸਹੀ ਸਲਾਮਤ ਨਹੀਂ ਹੋਵੇਗਾ।

ਉਹ ਵੀ ਇਸ‌ ਭੀੜ ਹੱਥੋਂ ਮਰ-ਮੁੱਕ ਗਿਆ ਹੋਣਾ। ਅਗਲੇ ਦਿਨ ਝੂਠੀ ਜਹੀ ਆਸ ਲੈ ਕੇ ਗੋਪਾਲ ਅਲੀਗੜ੍ਹ ਵੱਲ ਨੂੰ ਆਪਣੇ ਸੁਹਰੇ ਪਿੰਡ ਤੁਰ ਪਿਆ। ਦੋ‌ ਦਿਨ ਦੇ ਲੰਮੇ ਸਫ਼ਰ ਨੂੰ ਭੁੱਖੇ ਪਿਆਸੇ ਗੋਪਾਲ ਨੇ ਪੂਰਾ ਕੀਤਾ ਅਤੇ ਆਪਣੇ ਸੁਹਰੇ ਪਿੰਡ ਪਹੁੰਚ ਕੇ ਉਸਨੇ ਜੋ ਵੇਖਿਆ ਉਸ ਸਭ ਨੇ ਉਸਦੀ ਭੁੱਖ-ਪਿਆਸ ਅਤੇ ਉਦਾਸੀ ਸੱਭ ਕੁੱਝ ਦੂਰ ਕਰ ਦਿੱਤੀ ਸੀ।ਉਸਦਾ ਪਰਿਵਾਰ ਸਹੀ ਸਲਾਮਤ ਸੀ। ਸਾਰਾ ਪਰਿਵਾਰ ਮਿਲ ਕੇ ਬਹੁਤ ਰੋਇਆ।

ਬਾਆਦ ਵਿੱਚ ਜਦੋਂ ਗੱਲਾਂ ਚੱਲ ਪਈਆਂ ਤਾਂ ਗੋਪਾਲ ਨੂੰ ਉਸਦੇ ਪਰਿਵਾਰ ਨੇ ਦੱਸਿਆ ਕੇ ਉਹਨਾਂ ਦਾ ਇੱਕ ਸਾਥੀ ਜੋ ਉਹਨਾਂ ਦੇ ਖ਼ਾਸ ਰਿਸਤੇ ਵਿੱਚੋਂ ਸੀ। ਟਰੇਨ ਵਿੱਚ ਨਾ ਚੱੜ੍ਹ ਸਕਣ‌ ਕਰਕੇ ਉੱਥੇ ਹੀ ਰਹਿ ਗਿਆ ਸੀ‌। ਜਿਸ ਨੂੰ ਸੁਣ ਕੇ ਗੋਪਾਲ ਨੂੰ ਬਹੁਤ ਧੱਕਾ ਲੱਗਿਆ। ਕਈ ਦਿਨ ਆਪਣੇ ਸੁਹਰੇ ਰਹਿੰਦੇ ਗੋਪਾਲ ਨੂੰ ਹੁਣ ਹੋਰ ਉੱਥੇ ਰਹਿਣਾ ਵਾਜ਼ਿਬ ਨਾ ਲੱਗਿਆ। ਗੋਪਾਲ ਨੇ ਉਸ ਸਮੇਂ ਉੱਥੋਂ ਦੇ ਰਾਜੇ ਤੱਕ ਪਹੁੰਚ ਕੀਤੀ ਆਪਣੀ ਸਾਰੀ ਵਿਅਥਾ ਸੁਣਾਈ ਤੇ ਰਾਜੇ ਤੋਂ ਮਦਦ ਦੀ ਗੁਹਾਰ ਲਗਾਈ।

ਰਾਜੇ ਵੱਲੋਂ ਗੋਪਾਲ ਨੂੰ ਅਲੀਗੜ੍ਹ ਦੇ ਹੀ ਇੱਕ ਪਿੰਡ ‘ਘਬਾਣੇ’ ਵਿੱਚ ਖੇਤੀ ਅਤੇ ਰਹਿਣ ਯੋਗ ਜ਼ਮੀਨ ਦੇਣ ਦੀ ਪੇਸ਼ਕਸ਼ ਕੀਤੀ। ਜਿਸ ਵਿੱਚੋਂ ਗੋਪਾਲ ਨੇ ਸਿਰਫ਼ ਰਹਿਣ ਲਈ ਘਰ ਦੀ ਪੇਸ਼ਕਸ਼ ਨੂੰ ਹੀ ਪ੍ਰਵਾਨ ਕੀਤਾ। ਕੁੱਝ ਸਮਾਂ ਗੋਪਾਲ ਆਪਣੇ ਪਰਿਵਾਰ ਨਾਲ ਉੱਥੇ ਰਿਹਾ। ਇੱਕ ਉੱਥੇ ਨਵਾਂ ਮਾਹੌਲ ਹੋਣ‌ ਕਰਕੇ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਥੋੜੀ ਔਖੀ ਸੀ। ਦੁਜਾ ਉਹ ਸਾਰੇ ਖੂਨ-ਖ਼ਰਾਬੇ ਦਾ ਮੰਜ਼ਰ ਹਰ ਸਮੇਂ ਗੋਪਾਲ ਦੀਆਂ ਅੱਖਾਂ ਅੱਗੇ ਘੁੰਮਦਾ ਰਹਿੰਦਾ ਸੀ।

ਘਰੇਲੂ ਸਥਿਤੀ ਠੀਕ ਹੋਈ ਗੋਪਾਲ ਨੇ ਆਪਣੇ ਦੋਹੇ ਬੱਚੇ ਸੱਤਪਾਲ ਅਤੇ ਰਾਜ ਪਾਲ ਦਾ ਵਿਆਹ ਕੀਤਾ ਅਤੇ ਪਰਿਵਾਰ ਸਮੇਤ ਉੱਤਰ ਪ੍ਰਦੇਸ਼ ਦੇ ਜ਼ਿਲੇ ਅਲੀਗੜ੍ਹ ਦੇ ਪਿੰਡ ਘਬਾਣੇ (ਜੋ ਹੁਣ ਅਲੀਗੜ੍ਹ ਦੀ ਇੱਕ ਤਹਿਸੀਲ ਹੈ) ਨੂੰ ਛੱਡ ਕੇ ਪੰਜਾਬ ਦੇ ਸ਼ਹਿਰ ਪਟਿਆਲਾ ਵਿੱਚ ਆ ਗਏ। ਇੱਥੇ ਆ ਕੇ ਗੋਪਾਲ ਨੇ ਜੀ ਤੋੜ ਮਿਹਨਤ ਕੀਤੀ। ਖੇਤੀ ਯੋਗ ਜ਼ਮੀਨ ਮਿਲਣ ਦੀ ਪੇਸ਼ਗੀ ਨੂੰ ਠੁਕਰਾਇਆ ਅਤੇ ਉਹਨਾਂ ਸਮਿਆਂ ਵਿੱਚ ਆਪਣੇ ਦੋਹਾਂ ਪੁੱਤਰਾਂ ਨੂੰ ਇਸ ਕਾਬਿਲ ਬਣਾਇਆ ਕੇ ਉਹ ਦੋਵੇ ਵੱਖ-ਵੱਖ ਸਰਕਾਰੀ ਮਹਿਕਮਿਆਂ ਵਿੱਚ ਭਰਤੀ ਹੋ ਗਏ।

ਵੱਡਾ ਮੁੰਡਾ ਸਤਪਾਲ ਵਾਟਰ ਸਪਲਾਈ ਦੇ ਮਹਿਕਮੇ ਵਿੱਚ ਭਰਤੀ ਹੋਇਆ ਤੇ ਛੋਟਾ ਮੁੰਡਾ ਰਾਜਪਾਲ ਜੇਲ ਪੁਲਿਸ ਵਿੱਚ। ਇਹ ਸਭ ਕੁੱਝ ਗੋਪਾਲ ਦਾਸ ਯਾਨੀ ਕਿ ਮੇਰੇ ਪੜ੍ਹ-ਦਾਦਾ ਦੇ ਸੰਸਕਾਰਾਂ ਦਾ ਹੀ ਅਸਰ ਸੀ ਕੀ ਅੱਗੇ ਇਹਨਾਂ ਦੋਹਾਂ ਭਰਾਵਾਂ ਦੇ ਪੁੱਤਰ ਯਾਨੀ ਕਿ ਮੇਰੇ ਪਿਤਾ ਅਤੇ ਮੇਰੇ ਤਾਏ-ਚਾਚੇ ਵੀ ਇਹਨਾਂ ਮਹਿਕਮਿਆਂ ਵਿੱਚ ਭਰਤੀ ਹੋਏ।

ਸੱਤਪਾਲ ਦੇ ਦੋਨੋਂ ਮੁੰਡੇ ਵਾਟਰ ਸਪਲਾਈ ਮਹਿਕਮੇ ਵਿੱਚੋਂ ਹੀ ਰਜਿਸਟਰਾਰ ਅਤੇ ਸੀਨੀਅਰ ਅਸੀਸਟੈਂਟ ਵਜੋਂ ਰਿਟਾਇਰ ਹੋ ਚੁੱਕੇ ਹਨ। ਅਤੇ ਗੋਪਾਲ ਦਾਸ ਦੇ ਛੋਟੇ ਮੁੰਡੇ ਰਾਜਪਾਲ ਦੇ ਦੋਵੇ ਮੁੰਡੇ ਜੇਲ ਪੁਲਿਸ ਵਿੱਚ ਮੌਜੂਦਾ ਸਮੇਂ ਵਿੱਚ ਜੇਲ ਅਫ਼ਸਰ ਦੀ ਪੋਸਟ ਤੇ ਆਪਣੇ ਬਜ਼ੁਰਗਾਂ ਦੇ ਦਿੱਤੇ ਹੋਏ ਸੰਸਕਾਰਾਂ ਨੂੰ ਯਾਦ ਰੱਖਦਿਆਂ ਪੂਰੀ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾ ਰਹੇ ਹਨ।

ਵਰਤਮਾਨ ਸਮੇਂ ਵਿੱਚ ਪੰਜਾਬ ਵਿੱਚ ਇਸ ਪਰਿਵਾਰ ਦੀ ਪੰਜਵੀਂ ਪੀੜ੍ਹੀ ਦੀ ਸ਼ੁਰੂਆਤ ਹੋ ਗਈ ਹੈ। ਮੈਂ ਚੋਥੀ ਪੀੜ੍ਹੀ ਦਾ ਗਵਾਹ ਬਣ ਕੇ ਆਪ ਸੱਭ ਸਾਹਮਣੇ ਆਪਣੇ ਬਜ਼ੁਰਗਾਂ ਦੇ ਇਤਿਹਾਸ ਨੂੰ ਬਿਆਨ ਕਰਨ ਦੀ ਇੱਕ ਨਿੱਕੀ ਜਿਹੀ ਕੋਸ਼ਿਸ਼ ਕਰ ਰਿਹਾ ਹਾਂ। ਇਸ ਪਰਿਵਾਰ ਦੇ ਚੋਥੀ ਪੀੜ੍ਹੀ ਦੇ ਨੌਜਵਾਨ ਵੀ ਜਿਆਦਾਤਰ ਸਰਕਾਰੀ ਮੁਲਾਜ਼ਮ ਹੀ ਹਨ। ਇਸ ਲਿਖਤ ਨੂੰ ਇੱਥੇ ਹੀ ਸਮੇਟਣ ਤੋਂ ਪਹਿਲਾਂ ‌ਮੈਂ ਇਹ ਦੱਸ ਦੇਣਾ ਜ਼ਰੂਰੀ ਸਮਝਦਾ ਹਾਂ ਜਿਸ ਨੂੰ ਆਪਣੇ ਦਾਦਾ ਜੀ ਤੋਂ ਸੁਣਦਿਆਂ ਬਚਪਨ ਵਿੱਚ ਅੱਖਾਂ ਵਿੱਚ ਪਾਣੀ ਆ ਜਾਂਦਾ ਸੀ ਤੇ ਇਸ ਸਮੇਂ ਲਿਖਣ ਲੱਗਿਆ ਮੇਰੀਆਂ ਅੱਖਾਂ ਵੀ ਨਮ ਹਨ।

ਪੜ੍ਹ-ਦਾਦਾ ਯਾਨੀ ਕਿ ਗੋਪਾਲ ਦਾਸ ਜੀ ਨੇ ਪਾਕਿਸਤਾਨ ਤੋਂ ਮਜ਼ਬੂਰੀ ਬਸ ਆ ਕੇ ਪਹਿਲਾਂ ਉੱਤਰ ਪ੍ਰਦੇਸ਼ ਦੇ ਜ਼ਿਲ੍ਹੇ ਅਲੀਗੜ੍ਹ ਵਿੱਖੇ ਉੱਥੇ ਦੇ ਰਾਜੇ ਤੋਂ ਖੇਤੀ ਯੋਗ ਜ਼ਮੀਨ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਫਿਰ ਪਟਿਆਲੇ ਆ ਕੇ ਵੀ ਖੇਤੀ ਯੋਗ ਜ਼ਮੀਨ ਲੈਣ ਤੋਂ ਮਨ੍ਹਾਂ ਕਰ ਦਿੱਤਾ। ਉਹ ਚਾਹੁੰਦੇ ਤਾਂ ਇੱਥੇ ਚੰਗੀ ਜ਼ਮੀਨ ਲੈ ਕੇ ਖੇਤੀ ਕਰ ਸਕਦੇ ਸਨ। ਚੰਗੀ ਜਮੀਨ ਜਾਇਦਾਦ ਬਣਾ ਸਕਦੇ ਸਨ।ਪਰ ਜਿਉਂਦੇ ਜੀ ਉਹਨਾਂ ਨੇ ਇੱਥੇ ਇੱਕ ਇੰਚ ਜਮੀਨ ਵੀ ਨਾ ਖਰੀਦੀ।ਇਸ ਵਿੱਚ ਉਹਨਾਂ ਦੀ ਕੋਈ ਗਲਤ ਮੰਸ਼ਾ ਨਹੀਂ ਸੀ।

ਬਸ ਉਹਨਾਂ ਨੂੰ ਇੱਕ ਵਿਸ਼ਵਾਸ ਸੀ ਕਿ ਇਹ ਲੜਾਈ ਅਤੇ ਇਹ ਵੰਡ ਕੁੱਝ ਚਿਰ ਦੀ ਹੀ ਹੈ। ਦੁਬਾਰਾ ਤੋਂ ਸਭ ਇਕੱਠੇ ਹੋ ਜਾਵਣਗੇ। ਫਿਰ ਤੋਂ ਸਾਰਾ ਭਾਰਤ ਇੱਕ ਹੋ ਜਾਵੇਗਾ। ਉਹ ਚੂਨੀਆਂ ਵਾਪਸ ਜਾਵਣਗੇ ਜਿੱਥੇ ਉਹਨਾਂ ਦੇ ਖੇਤ ਹਨ। ਜਿੱਥੇ ਉਹਨੂ ਦੇ ਡੰਗਰ ਪਸ਼ੂ ਹਨ।ਜਿੱਥੇ ਉਹਨਾਂ ਦੇ ਆਪਣੇ ਲੋਕ ਹਨ‌। ਜਿੱਥੇ ਉਹਨਾਂ ਤੋਂ ਵਿਛੜਿਆ ਉਹਨਾਂ ਦਾ ਕਰੀਬੀ ਸੀ। ਉਹਨਾਂ ਵੱਲੋਂ ਕਬਰਿਸਤਾਨ ਵਿੱਚ ਦੱਬੀ ਉਹਨਾਂ ਦੀ ਜਾਇਦਾਦ ਸੀ। ਪਰ ਉਹ ਇਹ ਨਹੀਂ ਜਾਣਦੇ ਸਨ ਕੀ ਇਹ ਬਟਵਾਰੇ ਦੀਆਂ ਲਕੀਰਾਂ ਐਨੀਆਂ ਡੁੰਘੀਆਂ ਖਿੱਚ ਗਈਆਂ ਹਨ।

ਜਿਹਨਾਂ ਨੂੰ ਮਿਟਾਉਣ ਦਾ ਬਲ ਹੁਣ ਕਿਸੇ ਕੋਲ ਨਹੀਂ ਰਿਹਾ। ਇਸੇ ਦੁੱਖ ਵਿੱਚ ਉਹ ਬੇਜ਼ਮੀਨੇ ਹੀ ਇਸ ਦੁਨੀਆਂ ਨੂੰ ਸਦੀਵੀ ਵਿਛੋੜਾ ਦੇ ਗਏ। ਹੁਣ ਉਹਨਾਂ ਦੇ ਦੋਹਾਂ ਪੁੱਤਰਾਂ ਦੇ ਮੋਢਿਆਂ ਤੇ ਸਾਰੀ ਜ਼ਿੰਮੇਵਾਰੀ ਆ ਗਈ ਤੇ ਉਹਨਾਂ ਨੇ ਸਭ ਕੁੱਝ ਸਿਫਰ ਤੋਂ ਸ਼ੁਰੂ ਕੀਤਾ ਤੇ ਜਿੱਥੇ ਅਸੀਂ ਅੱਜ ਖ਼ੜੇ ਹਾਂ ਉੱਥੇ ਤੱਕ ਪਹੁੰਚਣ ਦੇ ਕਾਬਿਲ ਬਣਾਇਆ। ਕਈ ਚਿਰਾਂ ਤੋਂ ਆਪਣੇ ਮਨ ਵਿੱਚ ਸੰਭਾਲੀ ਬੈਠਾ ਇਹਨਾਂ ਗੱਲਾਂ ਨੂੰ ਸ਼ਬਦਾਂ ਦਾ ਰੂਪ ਦੇ ਕੇ ਮੈਂ ਹੁਣ ਕੁੱਝ ਹਲਕਾ ਜਿਹਾ ਮਹਿਸੂਸ ਕਰ ਰਿਹਾ ਹਾਂ। ਮੇਰੇ ਬਜ਼ੁਰਗਾਂ ਵੱਲੋਂ ਦਿੱਤੀ ਮਿਹਨਤ ਕਰਨ ਦੀ ਦਾਤ ਨੂੰ ਮੈਂ ਖਿੜੇ ‌ਮੱਥੇ ਪ੍ਰਵਾਨ ਕਰਦਿਆਂ ਹੌਂਸਲੇ ਅਤੇ ਹਿੰਮਤ ਨਾਲ ਆਪਣੀ ਕਲਮ ਦਾ ਉਪਯੋਗ  ਸਮਾਜ ਦੀ ਭਲਾਈ ਅਤੇ ਚੰਗੀ ਸੇਧ ਦੇਣ  ਵਾਲੀਆਂ ਲਿਖਤਾਂ ਲਿਖਣ ਲਈ ਕਰਦਾ ਰਹਾਂਗਾ।

ਚਰਨਜੀਤ ਸਿੰਘ ਰਾਜੌਰ
ਫੋਨ ਨੰ: 8427929558

Previous articleआरसी अपने दलित लड़की की हत्या के रोग के तौर पर चक्का जाम
Next articleਇੱਕ ਦਹਾਕੇ ਤੋਂ ਪਰਾਲੀ ਨੂੰ ਅੱਗ ਨਾ ਲਾ ਕੇ ਹੁਕਮ ਸਿੰਘ ਨੇ ਕੀਤੀ ਮਿਸਾਲ ਕਾਇਮ