ਵੈਨਕੂਵਰ: ਗੈਂਗਵਾਰ ਵਿੱਚ ਪੰਜਾਬੀ ਦੀ ਮੌਤ

ਵੈਨਕੂਵਰ (ਸਮਾਜ ਵੀਕਲੀ): ਚਾਰ ਦਿਨ ਪਹਿਲਾਂ ਵੈਨਕੂਵਰ ਹਵਾਈ ਅੱਡੇ ’ਤੇ ਮਾਰੇ ਗਏ ਗੈਂਗਸਟਰ ਕਰਮਨ ਗਰੇਵਾਲ ਦੇ ਕਤਲ ਦੇ ਕਥਿਤ ਬਦਲੇ ਵਜੋਂ ਬੀਤੀ ਸ਼ਾਮ ਵਿਰੋਧੀ ਗੈਂਗ ਬ੍ਰਦਰਜ਼ ਕੀਪਰ ਗੈਂਗ ਦੇ ਤਿੰਨ ਮੈਂਬਰਾਂ ’ਤੇ ਜਾਨਲੇਵਾ ਹਮਲਾ ਕੀਤਾ ਗਿਆ, ਜਿਸ ਵਿਚ ਜਸਕੀਰਤ ਕਾਲਕਟ (23) ਮਾਰਿਆ ਗਿਆ ਤੇ ਉਸ ਦੇ ਦੋ ਸਾਥੀ ਜ਼ਖ਼ਮੀ ਹੋ ਗਏ, ਜੋ ਕੋਲੰਬੀਆ ਹਸਪਤਾਲ ਵਿਚ ਦਾਖ਼ਲ ਹਨ। ਹਮਲਾ ਮੈਰੀਨ ਡਰਾਈਵ ਮੁੱਖ ਸੜਕ ਦੇ ਨਾਲ ਲਗਦੇ ਭੀੜ ਵਾਲੇ ਪਲਾਜ਼ੇ ਦੀ ਪਾਰਕਿੰਗ ਵਿੱਚ ਕੀਤਾ ਗਿਆ।

ਮੁਲਜ਼ਮ ਭੱਜਣ ਵਿੱਚ ਸਫ਼ਲ ਹੋ ਗਏ। ਪੁਲੀਸ ਦਾ ਕਹਿਣਾ ਹੈ ਕਿ ਹਮਲਾ ਮਿੱਥ ਕੇ ਕੀਤਾ ਗਿਆ। ਉਧਰ, ਜਾਣਕਾਰ ਸੂਤਰਾਂ ਦਾ ਮੰਨਣਾ ਹੈ ਕਿ ਇਹ ਗੈਂਗਵਾਰ ਬਦਲਾਖੋਰੀ ਦਾ ਨਤੀਜਾ ਹੈ। ਜ਼ਖ਼ਮੀਆਂ ਵਿਚ ਇਕ ਔਰਤ ਵੀ ਸ਼ਾਮਲ ਹੈ ਜਿਸ ਦੀ ਪਛਾਣ ਅਜੇ ਜਨਤਕ ਨਹੀਂ ਕੀਤੀ ਗਈ। ਜਸਕੀਰਤ ਕੁਝ ਦਿਨ ਪਹਿਲਾਂ ਹੀ ਜੇਲ੍ਹ ਵਿੱਚੋਂ ਜਮਾਨਤ ’ਤੇ ਆਇਆ ਸੀ।

ਬਰਨਬੀ ਆਰਸੀਐੱਮਪੀ ਦੇ ਬੁਲਾਰੇ ਬਰੈਟ ਕਨਿੰਘਮ ਅਨੁਸਾਰ ਕੈਕਟਸ ਕਲੱਬ ਮੂਹਰੇ ਕਰੀਬ 20 ਗੋਲੀਆਂ ਚੱਲੀਆਂ। ਘਟਨਾ ਤੋਂ ਘੰਟੇ ਕੁ ਬਾਅਦ ਸਰੀ ਦੇ ਦੱਖਣੀ ਪਾਸੇ ਕਾਰ ਨੂੰ ਅੱਗ ਲਾਈ ਗਈ, ਜਿਸ ਬਾਰੇ ਸਮਝਿਆ ਜਾਂਦਾ ਹੈ ਕਿ ਮੁਲਜ਼ਮ ਉਸੇ ਕਾਰ ਵਿਚ ਭੱਜੇ ਹੋਣਗੇ। ਗੋਲੀਬਾਰੀ ਤੋਂ ਬਾਅਦ ਵਰਤੀ ਕਾਰ ਨੂੰ ਸਾੜ ਦੇਣਾ ਇਥੋਂ ਦੇ ਗੈਂਗਸਟਰਾਂ ਦਾ ਵਰਤਾਰਾ ਹੈ। ਪੰਜਾਬੀ ਗੈਂਗਸਟਰਾਂ ਵਿੱਚ ਪਿਛਲੇ ਮਹੀਨੇ ਬ੍ਰਦਰਜ਼ ਕੀਪਰ ਦੇ ਹਰਬ ਧਾਲੀਵਾਲ ਦੇ ਕਤਲ ਨਾਲ ਸ਼ੁਰੂ ਹੋਈ ਬਦਲਾਖੋਰੀ ਵਜੋਂ ਇਹ ਪੰਜਵਾਂ ਮਾਮਲਾ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇਜ਼ਰਾਇਲੀ ਹਵਾਈ ਹਮਲੇ ’ਚ 10 ਫਲਸਤੀਨੀਆਂ ਦੀ ਮੌਤ
Next articleਪਰਕਸ ਤੇ ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ