(ਸਮਾਜ ਵੀਕਲੀ)
ਅੱਜ ਦੇ ਆਧੁਨਿਕਤਾ ਦੇ ਦੌਰ ਨੇ ਭਾਵੇਂ ਸਾਡੇ ਪੇਂਡੂ ਸਭਿਆਚਾਰ ਨੂੰ ਖਤਮ ਹੀ ਕਰ ਦਿੱਤਾ ਹੈ। ਪਰ ਕੁਝ ਚੀਜ਼ਾਂ ਅੈਸੀਆਂ ਹਾਲੇ ਵੀ ਆਪਣੀ ਹੋਂਦ ਨੂੰ ਬਰਕਰਾਰ ਰੱਖੀਂ ਬੈਠੀਆਂ ਹਨ। ਬੇਸ਼ਕ ਉਨ੍ਹਾਂ ਦੇ ਅਕਾਰ ਘਟਕੇ ਛੋਟੇ ਹੋ ਗਏ ਹਨ। ਕੁਝ ਅਜਿਹੇ ਪੁਰਾਣੇ ਸਭਿਆਚਾਰੀ ਚਿਂਨ੍ਹ ਜੋ ਅਲੋਪ ਹੋ ਗਏ ਹਨ ਉਨ੍ਹਾਂ ਨੂੰ ਤਾਂ ਅੱਜ ਦੀ ਪੀੜੀ ਨੂੰ ਗਿਆਨ ਹੀ ਨਹੀਂ। ਕਿ ਇਹ ਚੀਜ਼ਾਂ ਵੀ ਸਾਡੇ ਪਿੰਡ ਵਿੱਚ ਹੁੰਦੇ ਸੀ। ਉਨ੍ਹਾਂ ਦਾ ਕੀ ਨਾਮ ਸੀ। ਉਨ੍ਹਾਂ ਦੀ ਕੀ ਵਿਸੇਸ਼ਤਾ ਸੀ। ਨਾ ਪੁਰਾਣੇ ਖੂਹਾਂ ਦਾ ਪਤਾ, ਨਾ ਪੁਰਾਣੇ ਰੁਖਾਂ ਦਾ, ਨਾ ਪੁਰਾਣੇ ਪਿੰਡ ਦੇ ਦਰਵਾਜ਼ਿਆਂ ਦਾ, ਨਾ ਪੁਰਾਣੀਆਂ ਪਿੰਡ ਦੀਆਂ ਹਵੇਲੀਆਂ ਦਾ ਪਤਾ ਹੈ। ਇਸੇ ਤਰ੍ਹਾਂ ਸਾਡੇ ਪਿੰਡ ਵਿੱਚ ਦੋ ਟੋਭੇ ਹਨ।
ਇੱਕ ਦੱਖਣ ਵੱਲ ਅਤੇ ਦੂਜਾ ਪਿੰਡ ਦੇ ਉਤੱਰ ਵਾਲੇ ਪਾਛੇ। ਉੁਤੱਰ ਪਾਛੇ ਵਾਲਾ ਟੋਭਾ ਆਕਾਰ ਵਿੱਚ ਵੱਡਾ ਹੁੰਦਾ ਸੀ। ਇਸ ਟੋਭੇ ਨੂੰ ਇਹ ਸੁਭਾਗ ਪਰਾਪਤ ਸੀ ਕਿ ਇਸਦੇ ਕੰਢੇ ਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦੁਰ ਜੀ ਨੇ ਆਕੇ ਵਿਸਰਾਮ ਕੀਤਾ। ਇਥੇ ਹੀ ਗੁਰੂ ਸਾਹਿਬ ਜੀ ਦੀ ਘੋੜੀ ਸੂਈ ਸੀ। ਇਸ ਜਗ੍ਹਾ ਤੇ ਅੱਜ ਗੁਰੂਦਵਾਰਾ ਮੰਜੀ ਸਾਹਿਬ ਪਾਤਸ਼ਾਹੀ ਨੌਂਵੀਂ ਸਥਿਤ ਹੈ। ਇਸ ਟੋਭੇ ਦੇ ਇੱਕ ਪਾਛੇ ਪੀਰਖਾਨਾ ਅਤੇ ਮਸਜਿਦ ਹੈ। ਦੂਸਰੇ ਪਾਛੇ ਮਾਤਾ ਦਾ ਮੰਦਰ ਹੈ।
ਇੰਝ ਲਗਦਾ ਹੈ ਜਿੰਵੇਂ ਇਹ ਟੋਭਾ ਸਾਂਝੀਵਾਲਤਾ ਦਾ ਸੰਦੇਸ਼ ਦੇ ਰਿਹਾ ਹੋਵੇ। ਪੁਰਾਣੇ ਸਮੇਂ , ਇਸ ਟੋਭੇ ਦੇ ਦੋ ਪਾਛੇ ਦੇ ਕੰਢਿਆਂ ਤੇ ਇੱਕ ਵੱਡੀ ਅਤੇ ਸੰਘਣੀ ਵੇਲ ਹੁੰਦੀ ਸੀ। ਉਸ ਵੇਲ ਦੇ ਪੱਤੇ ਅੱਜ ਕੱਲ ਦੀਆਂ ਥਾਲੀਆਂ ਜਿਡੇ ਗੋਲ ਗੋਲ ਹੁੰਦੇ ਸਨ। ਪਿੰਡ ਵਿੱਚ ਜਦੋਂ ਕਿਸੇ ਦੇ ਘਰ ਵਿਆਹ ਸਾਦੀ ਹੁੰਦੀ, ਜਾਂ ਦੁੱਖ ਸੁੱਖ ਦੇ ਭੋਗ ਹੁੰਦੇ ਤਾਂ ਇਨ੍ਹਾਂ ਪੱਤਿਆਂ ਤੇ ਹੀ ਭੋਜਨ ਖਵਾਇਆ ਜਾਂਦਾ। ਨੇੜੇ ਦੇ ਪਿੰਡਾਂ ਦੇ ਲੋਕ ਵੀ ਲੋੜ ਵੇਲੇ ਇਨ੍ਹਾਂ ਪੱਤਿਆਂ ਨੂੰ ਲੈਕੇ ਜਾਂਦੇ ਸਨ।
ਇਹ ਟੋਭਾ ਜਿਥੇ ਪਿੰਡ ਦੇ ਪਛੂਆਂ ਨੂੰ ਪਾਣੀ ਪਿਆਊਣ ਦਾ ਇੱਕ ਸੋਮਾ ਸੀ ਉਥੇ ਪਿੰਡ ਦੀਆਂ ਔਰਤਾਂ ਲਈ ਕੱਪੜੇ ਧੋਣ ਦਾ ਇੱਕ ਵੱਡਾ ਸਾਧਨ ਸੀ। ਕਈ ਵਾਰ ਜਦੋਂ ਭਾਰੀ ਮਾਤਰਾ ਵਿੱਚ ਔਰਤਾਂ ਇਕੱਠੀਆਂ ਹੋਕੇ ਕੱਪੜੇ ਧੋਣ ਆਉਂਦੀਆਂ ਤਾਂ ਮਾਹੌਲ ਵਿਆਹ ਵਰਗਾ ਬਣ ਜਾਂਦਾ। ਗਰਮੀਆਂ ਵਿੱਚ ਸਿਖਰ ਦੁਪਿਹਰੇ ਹਾਲੀਆਂ ਪਾਲੀਆਂ ਲਈ ਨਹਾਉਣ ਦਾ ਸੋਮਾ ਸੀ ਇਹ ਟੋਭਾ। ਭਾਵੇਂ ਅੱਜ ਵੀ ਇਹ ਟੋਭਾ ਮੌਜੂਦ ਹੈ। ਪਰ ਇਸਦੀ ਹਾਲਤ ਵਧੀਆ ਨਹੀਂ ਰਹੀ।
ਕਈ ਵਾਰ ਇੰਝ ਲਗਦਾ ਹੈ ਕਿ ਇਹ ਕਹਿ ਰਿਹਾ ਹੋਵੇ ਕਿ ਅੱਜ ਕਿਧਰ ਮੱਝਾਂ ਗਈਆਂ ਕਿਧਰ ਪਾਲੀ ਗਏ। ਜਦੋਂ ਕਿਤੇ ਦੋ, ਚਾਰ ਮੱਝਾਂ ਆ ਜਾਂਦੀਆਂ ਨੇ। ਮੈਨੂੰ ਸਕੂਨ ਮਿਲ ਜਾਂਦੈ।
ਅੱਜ ਲੋੜ ਹੈ ਇਨ੍ਹਾਂ ਪੁਰਾਣੇ ਸੋਮਿਆਂ ਨੂੰ ਸੰਭਾਲਣ ਦੀ।
ਮੁਖਤਿਆਰ ਅਲੀ
ਸ਼ਾਹਪੁਰ ਕਲਾਂ।
98728.96450
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly