ਵਿਦਰੋਹੀ ਕੱਕੇ

ਰੋਮੀ ਘੜਾਮੇਂ ਵਾਲ਼ਾ

(ਸਮਾਜ ਵੀਕਲੀ)

ਕਦੇ ਧਾੜਵੀਆਂ ਨਾਲ਼ ਕੱਕਾ ਸਿੱਝੀ ਕਿਰਪਾਨ।
ਨਾਲ਼ੇ ਤੀਰ ਸੀ ਵਰ੍ਹਾਉਂਦਾ ਯਾਰੋ ਕੱਕੇ ਤੋਂ ਕਮਾਨ।

ਫੇਰ ਕੱਕਾ ਕਾਰਤੂਸ ਨਾਲ਼ ਭਗਤ, ਸਰਾਭੇ,
ਰਹੇ ਗਦਰੀ, ਊਧਮ ਹੋਰੀਂ ਮਾਰਦੇ ਮੈਦਾਨ।

ਵਿੱਚ ਡਿਜ਼ੀਟਲ ਯੁੱਗ ਕੱਕਾ ਕੈਮਰਾ ਏ ਛਾਇਆ,
‘ਨ੍ਹੇਰੀ ਵਾਂਗਰਾਂ ਉਡਾ ਕੇ ਮੁੱਦੇ ਕਰਦਾ ਹੈਰਾਨ।

ਕਾਰਤੂਸ, ਕਿਰਪਾਨ ਤੇ ਕਮਾਨ ਵਾਲ਼ੇ ਕੱਕੇ,
ਹੁਣ ਕਰ ਦਿੱਤੇ ਸਖ਼ਤ ਕਾਨੂੰਨ ਨੇ ਬੇਜਾਨ।

ਕੱਕਾ ਕੈਮਰੇ ਦੇ ਕੋਲੋਂ ਵੀ ਚਾਲਾਕ ਅਪਰਾਧੀ,
ਬਚ ਸਕਦਾ ਬੇਸ਼ੱਕ ਯਾਰੋ ਹੋ ਕੇ ਸਾਵਧਾਨ।

ਪਰ ਲਾਉਂਦੀ ਰਹੀ ਮੱਥੇ ਜਿਹੜੀ ਬਾਬਰਾਂ ਦੇ ਨਾਲ਼,
ਸੀਗੀ, ਹੈਗੀ ਅਤੇ ਰਹੂ ਕੱਕਾ ਕਲਮ ਮਹਾਨ।

ਫੇਰ ਕਰ ਕੇ ਸਫ਼ਰ ਜੀ ਜ਼ਫ਼ਰਨਾਮੇ ਉੱਤੇ,
ਪਾ ਕੇ ਤਖਤਾਂ ਨੂੰ ਵਖ਼ਤ ਸੀ ਹੋਈ ਬਲਵਾਨ।

ਕਰ ਬੈਠੀਂ ਨਾ ਘੜਾਮੇਂ ਕਿਤੇ ਰੋਮੀਆਂ ਵੇ ਖੂੰਢੀ,
ਚੰਦ ਛਿੱਲੜਾਂ ਦੇ ਲਈ ਕਿਤੇ ਵੇਚ ਕੇ ਈਮਾਨ।

ਪੈਸਾ ਝੱਲਿਆ ਬਥੇਰਾ ਹੁੰਦਾ ਕੰਜਰਾਂ ਕੋਲ਼ੇ ਵੀ,
ਪਰ ਵੇਖਿਆ ਏ ਕਿਤੇ ਹੋਵੇ ਮਾਣ ਸਨਮਾਨ।

ਬਾਕੀ ਮਰਜ਼ੀ ਏ ਤੇਰੀ ਸਾਡਾ ਕੰਮ ਸਮਝਾਉਣਾ,
ਹੋਣਾ ਬਾਈ ਜੀ ਕਿ ਲੋਕਾਂ ਵਿੱਚ ਦੱਲਾ ਪ੍ਰਵਾਨ।

ਰੋਮੀ ਘੜਾਮੇਂ ਵਾਲ਼ਾ

9855281105

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੱਕਮਾ ਚੁੱਲ੍ਹਾ
Next articleਦੋਸਤਾਂ ਦੀ ਦੁਨੀਆਂ : ਸ਼ਿਮਲਾ ਤੋਂ ਵਾਪਸੀ