ਲੰਡਨ (ਸਮਾਜ ਵੀਕਲੀ): ਕਈ ਭਾਰਤੀ ਵਿਦਿਆਰਥੀਆਂ ਸਮੇਤ ਲਗਪਗ 200 ਤੋਂ ਵੱਧ ਵਿਦੇਸ਼ੀ ਵਿਦਿਆਰਥੀਆਂ ਨੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੂੰ ਇੱਕ ਪੱਤਰ ਲਿਖ ਕੇ ਅੰਗਰੇਜ਼ੀ ਭਾਸ਼ਾ ਦੇ ਲਾਜ਼ਮੀ ਟੈਸਟ ’ਚ ਗੜਬੜ ਕਰਨ ਦੇ ਦੋਸ਼ੀ ਗਰਦਾਨੇ ਜਾਣ ਦੇ ਮਾਮਲੇ ’ਚ ਨਿਆਂ ਦੀ ਮੰਗ ਕੀਤੀ ਹੈ। ਇਸ ਸਕੈਂਡਲ ਦਾ ਸਬੰਧ ਛੇ ਵਰ੍ਹੇ ਪਹਿਲਾਂ ਹੋਏ ‘ਟੈਸਟ ਆਫ ਇੰਗਲਿਸ਼ ਫਾਰ ਇੰਟਰਨੈਸ਼ਨਲ ਕਮਿਊਨੀਕੇਸ਼ਨ’ (ਟੀਓਈਆਈਸੀ) ਨਾਲ ਹੈ, ਜਿਸ ਕਾਰਨ ਲਗਪਗ 34,000 ਕੌਮਾਂਤਰੀ ਵਿਦਿਆਰਥੀ ਪ੍ਰਭਾਵਿਤ ਹੋਏ ਦੱਸੇ ਜਾਂਦੇ ਹਨ।
ਇਹ ਟੈਸਟ ਕੁਝ ਵਿਦਿਆਰਥੀਆਂ ਦੇ ਵੀਜ਼ਾ ਕੇਸਾਂ ’ਚ ਲਾਜ਼ਮੀ ਸ਼ਰਤ ਹੁੰਦਾ ਹੈ। ਇਸ ਸਕੈਂਡਲ ਵਿੱਚ ਫਸੇ ਕਈ ਵਿਦਿਆਰਥੀ ਭਾਰਤੀ ਹਨ ਜੋ ਲਗਾਤਾਰ ਖ਼ੁਦ ਨੂੰ ਨਿਰਦੋਸ਼ ਸਾਬਤ ਕਰਨ ਦਾ ਯਤਨ ਕਰ ਰਹੇ ਹਨ ਤੇ ਇਸ ਵਾਸਤੇ ਮੌਕਾ ਦੇਣ ਦੀ ਮੰਗ ਲਈ ਸਰਕਾਰ ਨੂੰ ਹਰ ਪੱਖੋਂ ਸਹਿਯੋਗ ਦੇ ਰਹੇ ਹਨ। ਇਸ ਪੱਤਰ ’ਚ ਵਿਦਿਆਰਥੀਆਂ ਨੇ ਲਿਖਿਆ ਹੈ,‘ਅਸੀਂ ਨਿਰਦੋਸ਼ ਸੀ ਪਰ ਸਾਡੇ ਵੀਜ਼ਿਆਂ ਨੂੰ ਜਾਂ ਤਾਂ ਇਨਕਾਰ ਕਰ ਦਿੱਤਾ ਗਿਆ ਜਾਂ ਇਹ ਰੱਦ ਕਰ ਦਿੱਤੇ ਗਏ ਤੇ ਸਰਕਾਰ ਨੇ ਸਾਨੂੰ ਆਪਣਾ ਪੱਖ ਰੱਖਣ ਦਾ ਕੋਈ ਮੌਕਾ ਨਹੀਂ ਦਿੱਤਾ। ਸਾਡੇ ਭਵਿੱਖ ਤਬਾਹ ਹੋ ਗਏ ਅਤੇ ਸਾਨੂੰ ਲੰਮੀ ਕਾਨੂੰਨੀ ਲੜਾਈ ਲੜਨ ਲਈ ਮਜਬੂਰ ਹੋਣਾ ਪਿਆ।
ਅਸੀਂ ਤੁਹਾਨੂੰ ਇਸ ਲਈ ਪੱਤਰ ਲਿਖਿਆ ਹੈ ਕਿਉਂਕਿ ਤੁਸੀਂ ਇਸ ਗਲਤ ਨੂੰ ਸਹੀ ਕਰਨ, ਸਾਡੀ ਨਜ਼ਰਬੰਦੀ ਦਾ ਸਮਾਂ ਸਮਾਪਤ ਕਰਨ ਅਤੇ ਸਾਨੂੰ ਵਾਪਸ ਭੇਜਣ ਤੇ ਮਾਨਸਿਕ ਪੀੜਾ ਖ਼ਤਮ ਕਰਨ ਦੇ ਸਮਰੱਥ ਹੋ। ਇੱਕ ਮੁਫ਼ਤ ਅਤੇ ਪਾਰਦਰਸ਼ੀ ਸਕੀਮ, ਜੋ ਗ੍ਰਹਿ ਵਿਭਾਗ ਤੋਂ ਸੁਤੰਤਰ ਹੋਵੇ, ਰਾਹੀਂ ਸਾਨੂੰ ਖ਼ੁਦ ਨੂੰ ਨਿਰਦੋਸ਼ ਸਾਬਤ ਕਰਨ ਦਾ ਮੌਕਾ ਦਿਓ, ਜਿਸ ਰਾਹੀਂ ਅਸੀਂ ਆਪਣੇ ਕੇਸਾਂ ਦੀ ਪੁਨਰ-ਸਮੀਖਿਆ ਕਰਵਾ ਸਕੀਏ ਅਤੇ ਆਪਣੇ ਨਾਂ ਤੋਂ ਇਹ ਕਲੰਕ ਮਿਟਾਸਕੀਏ।’ਇਨ੍ਹਾਂ ਵਿਦਿਆਰਥੀਆਂ ਨੇ ਕਰੋਨਾਵਾਇਰਸ ਮਹਾਮਾਰੀ ਕਾਰਨ ਇਨ੍ਹਾਂ ਦੀ ਸਥਿਤੀ ਹੋਰ ਖਰਾਬ ਹੋਣ ਬਾਰੇ ਵੀ ਦੱਸਿਆ ਹੈ।