ਵਿਸ਼ਵ ਕੱਪ: ਵੈਸਟ ਇੰਡੀਜ਼ ਵੱਲੋਂ ਜਿੱਤ ਨਾਲ ਵਿਦਾਇਗੀ

ਆਖਰੀ ਲੀਗ ਮੁਕਾਬਲੇ ’ਚ ਅਫ਼ਗ਼ਾਨਿਸਤਾਨ ਨੂੰ 23 ਦੌੜਾਂ ਨਾਲ ਹਰਾਇਆ; ਹੋਪ ਨੇ 92 ਗੇਂਦਾਂ ਵਿੱਚ ਖੇਡੀ 77 ਦੌੜਾਂ ਦੀ ਪਾਰੀ

ਵੈਸਟ ਇੰਡੀਜ਼ ਨੇ ਅੱਜ ਇਥੇ ਵਿਸ਼ਵ ਕੱਪ ਦੇ ਆਪਣੇ ਆਖਰੀ ਲੀਗ ਮੁਕਾਬਲੇ ’ਚ ਅਫ਼ਗ਼ਾਨਿਸਤਾਨ ਨੂੰ 23 ਦੌੜਾਂ ਦੀ ਸ਼ਿਕਸਤ ਦਿੰਦਿਆਂ ਜਿੱਤ ਨਾਲ ਵਿਦਾਇਗੀ ਲਈ। ਵਿੰਡੀਜ਼ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਛੇ ਵਿਕਟਾਂ ਦੇ ਨੁਕਸਾਨ ਨਾਲ 311 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦਿਆਂ ਅਫ਼ਗ਼ਾਨਿਸਤਾਨ ਦੀ ਟੀਮ ਨਿਰਧਾਰਿਤ 50 ਓਵਰਾਂ ਵਿੱਚ 288 ਦੌੜਾਂ ਹੀ ਬਣਾ ਸਕੀ। ਅਫ਼ਗ਼ਾਨ ਟੀਮ ਲਈ ਵਿਕਟ ਕੀਪਰ ਬੱਲੇਬਾਜ਼ ਇਕਰਾਮ ਅਲੀ ਖ਼ਿਲ ਨੇ 86 ਤੇ ਰਹਿਮਤ ਸ਼ਾਹ ਨੇ 62 ਦੌੜਾਂ ਦਾ ਯੋਗਦਾਨ ਪਾਇਆ। ਅਸਗਰ ਅਫ਼ਗਾਨ ਤੇ ਨਜੀਬੁੱਲ੍ਹਾ ਨੇ ਕ੍ਰਮਵਾਰ 40 ਤੇ 31 ਦੌੜਾਂ ਦਾ ਯੋਗਦਾਨ ਪਾਇਆ। ਵੈਸਟ ਇੰਡੀਜ਼ ਲਈ ਕਾਰਲੋਸ ਬ੍ਰੈਥਵੇਟ ਨੇ ਚਾਰ ਅਤੇ ਕੇਮਾਰ ਰੋਚ ਨੇ ਤਿੰਨ ਵਿਕਟ ਲਏ। ਵੈਸਟ ਇੰਡੀਜ਼ ਦੀ ਟੀਮ ਨੌਂ ਮੈਚਾਂ ਵਿੱਚ ਦੋ ਜਿੱਤਾਂ ਤੇ ਛੇ ਹਾਰਾਂ ਨਾਲ ਨੌਵੇਂ ਸਥਾਨ ’ਤੇ ਰਹੀ। ਉਧਰ ਅਫ਼ਗ਼ਾਨ ਟੀਮ ਪੂਰੇ ਵਿਸ਼ਵ ਕੱਪ ਦੌਰਾਨ ਇਕ ਵੀ ਮੈਚ ਜਿੱਤਣ ਵਿੱਚ ਨਾਕਾਮ ਰਹੀ, ਹਾਲਾਂਕਿ ਟੀਮ ਨੇ ਕੁਝ ਚੰਗੀਆਂ ਟੀਮਾਂ ਖ਼ਿਲਾਫ਼ ਚੰਗੀ ਖੇਡ ਦਾ ਮੁਜ਼ਾਹਰਾ ਜ਼ਰੂਰ ਕੀਤਾ। ਸਿਖ਼ਰਲੇ ਤੇ ਮੱਧਕ੍ਰਮ ਦੇ ਬੱਲੇਬਾਜ਼ਾਂ ਦੇ ਯੋਗਦਾਨ ਨਾਲ ਵੈਸਟਇੰਡੀਜ਼ ਨੇ ਵਿਸ਼ਵ ਕੱਪ ਵਿੱਚ ਆਪਣੇ ਆਖ਼ਰੀ ਲੀਗ ਮੈਚ ’ਚ ਅਫ਼ਗਾਿਨਸਤਾਨ ਖ਼ਿਲਾਫ਼ ਅੱਜ ਇੱਥੇ ਛੇ ਵਿਕਟਾਂ ’ਤੇ 311 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੇ ਵੈਸਟ ਇੰਡੀਜ਼ ਨੇ ਕ੍ਰਿਸ ਗੇਲ ਦਾ ਵਿਕਟ ਛੇਵੇਂ ਓਵਰ ’ਚ ਗੁਆ ਦਿੱਤਾ ਸੀ ਪਰ ਉਸ ਦੇ ਬਾਕੀ ਬੱਲੇਬਾਜ਼ਾਂ ਨੇ ਚੰਗੀਆਂ ਪਾਰੀਆਂ ਖੇਡੀਆਂ। ਸ਼ਾਈ ਹੋਪ (92 ਗੇਂਦਾਂ ’ਤੇ 77 ਦੌੜਾਂ), ਈਵਿਨ ਲੂਈਸ (78 ਗੇਂਦਾਂ ’ਤੇ 58 ਦੌੜਾਂ) ਅਤੇ ਚੰਗੀ ਫਾਰਮ ’ਚ ਚੱਲ ਰਹੇ ਨਿਕੋਲਸ ਪੂਰਨ (43 ਗੇਂਦਾਂ ’ਤੇ 58 ਦੌੜਾਂ) ਨੇ ਅਰਧ ਸੈਂਕੜਾ ਮਾਰਿਆ ਜਦੋਂਕਿ ਕਪਤਾਨ ਜੈਸਨ ਹੋਲਡਰ ਨੇ 45 ਅਤੇ ਸ਼ਿਮਰੋਨ ਹੈੱਟਮੇਅਰ ਨੇ 39 ਦੌੜਾਂ ਦਾ ਯੋਗਦਾਨ ਦਿੱਤਾ। ਪੂਰਨ, ਹੋਲਡਰ ਅਤੇ ਕਾਰਲੋਸ ਬਰੈੱਥਵੇਟ (ਚਾਰ ਗੇਂਦਾਂ ’ਤੇ ਨਾਬਾਦ 14 ਦੌੜਾਂ) ਦੀਆਂ ਕੋਸ਼ਿਸ਼ਾਂ ਸਦਕਾ ਵੈਸਟ ਇੰਡੀਜ਼ ਨੇ ਆਖ਼ਰੀ ਦਸ ਓਵਰਾਂ ’ਚ 111 ਦੌੜਾਂ ਬਣਾਈਆਂ। ਅਫ਼ਗਾਨਿਸਤਾਨ ਵੱਲੋਂ ਰਾਸ਼ਿਦ ਖਾਨ (52 ’ਤੇ ਇਕ ਵਿਕਟ) ਮੁੜ ਤੋਂ ਪ੍ਰਭਾਵ ਛੱਡਣ ’ਚ ਨਾਕਾਮ ਰਿਹਾ। ਦੌਲਤ ਜ਼ਾਦਰਾਨ ਨੇ ਦੋ ਵਿਕਟਾਂ ਲਈ 73 ਦੌੜਾਂ ਦਿੱਤੀਆਂ। ਮੁਜੀਬ ਉਰ ਰਹਿਮਾਨ (52 ਦੌੜਾਂ ਤੇ ਕੋਈ ਵਿਕਟ ਨਹੀਂ) ਨੇ ਚੰਗੀ ਸ਼ੁਰੂਆਤ ਕੀਤੀ ਪਰ ਬਾਅਦ ਵਿੱਚ ਉਹ ਵੀ ਪ੍ਰਭਾਵੀ ਨਹੀਂ ਰਿਹਾ। ਮੁਹੰਮਦ ਨਬੀ ਤੇ ਸਈਦ ਸ਼ਿਰਜਾਦ ਨੇ ਵੀ ਇਕ-ਇਕ ਵਿਕਟ ਲਈ। ਵੈਸਟ ਇੰਡੀਜ਼ ਤੇ ਅਫ਼ਗਾਨਿਸਤਾਨ ਦੋਵੇਂ ਵਿਸ਼ਵ ਕੱਪ ਸੈਮੀ ਫਾਈਨਲ ਦੀ ਦੌੜ ਤੋਂ ਪਹਿਲਾਂ ਹੀ ਬਾਹਰ ਹੋ ਚੁੱਕੇ ਹਨ ਅਤੇ ਉਨ੍ਹਾਂ ਦੀਆਂ ਨਜ਼ਰਾਂ ਜਿੱਤ ਨਾਲ ਅੰਤ ਕਰਨ ’ਤੇ ਟਿਕੀਆਂ ਹਨ।ਦਸ ਟੀਮਾਂ ਦੇ ਟੂਰਨਾਮੈਂਟ ’ਚ ਵੈਸਟ ਇੰਡੀਜ਼ ਨੌਵੇਂ ਤੇ ਅਫ਼ਗਾਨਿਸਤਾਨ ਦਸਵੇਂ ਸਥਾਨ ’ਤੇ ਹੈ। ਗੇਲ ਮੁੜ ਤੋਂ ਕੈਰੇਬਿਆਈ ਟੀਮ ਨੂੰ ਆਸ ਮੁਤਾਬਕ ਸ਼ੁਰੂਆਤ ਨਹੀਂ ਦੇ ਸਕਿਆ। ਉਸ ਨੇ ਸੰਭਲ ਕੇ ਬੱਲੇਬਾਜ਼ੀ ਕੀਤੀ ਪਰ 18 ਗੇਂਦਾਂ ’ਤੇ ਸੱਤ ਦੌੜਾਂ ਹੀ ਬਣਾ ਸਕਿਆ ਅਤੇ ਦੌਲਤ ਜ਼ਾਦਰਾਨ ਦੀ ਗੇਂਦ ’ਤੇ ਵਿਕਟ ਪਿੱਛੇ ਕੈਚ ਦੇ ਬੈਠਾ।

Previous articleਕੈਪਟਨ ਨੇ ਮੁਲਾਜ਼ਮ ਮੰਗਾਂ ਦੇ ਨਿਬੇੜੇ ਦੀਆਂ ਸੰਭਾਵਨਾਵਾਂ ਤਲਾਸ਼ੀਆਂ
Next articleਸਲਮਾਨ ਖ਼ਾਨ ਨੂੰ ਨਿੱਜੀ ਤੌਰ ’ਤੇ ਪੇਸ਼ ਹੋਣ ਦੇ ਹੁਕਮ