ਵਿਸ਼ਵ ਕੱਪ ਨਿਸ਼ਾਨੇਬਾਜ਼ੀ: ਸੌਰਭ ਨੇ ਸੋਨ ਤਗ਼ਮਾ ਜਿੱਤਿਆ

ਭਾਰਤ ਦੇ ਨੌਜਵਾਨ ਨਿਸ਼ਾਨੇਬਾਜ਼ ਸੌਰਭ ਚੌਧਰੀ ਨੇ ਉਮੀਦ ਅਨੁਸਾਰ ਪ੍ਰਦਰਸ਼ਨ ਕਰਦਿਆਂ ਜਰਮਨੀ ਦੇ ਮਿਊਨਿਖ਼ ਵਿੱਚ ਚੱਲ ਰਹੇ ਆਈਐੱਸਐੱਸਐੱਫ ਵਿਸ਼ਵ ਕੱਪ ਵਿੱਚ ਪੁਰਸ਼ਾਂ ਦੇ ਦਸ ਮੀਟਰ ਏਅਰ ਪਿਸਟਲ ਵਿੱਚ ਅੱਜ ਨਵੇਂ ਵਿਸ਼ਵ ਰਿਕਾਰਡ ਨਾਲ ਸੋਨ ਤਗ਼ਮਾ ਜਿੱਤਿਆ, ਜਦੋਂਕਿ ਰਾਹੀ ਸਰਨੋਬਤ ਨੇ ਮਹਿਲਾਵਾਂ ਦੇ 25 ਮੀਟਰ ਪਿਸਟਲ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤ ਕੇ ਓਲੰਪਿਕ ਕੋਟਾ ਹਾਸਲ ਕਰ ਲਿਆ। ਭਾਰਤ ਹੁਣ ਮਿਉਨਿਖ਼ ਵਿਸ਼ਵ ਕੱਪ ਵਿੱਚ ਤਿੰਨ ਸੋਨ ਤਗ਼ਮੇ ਲੈ ਕੇ ਚੋਟੀ ’ਤੇ ਹੈ। ਚੀਨ ਇੱਕ ਸੋਨੇ, ਇੱਕ ਚਾਂਦੀ ਅਤੇ ਤਿੰਨ ਕਾਂਸੀ ਲੈ ਕੇ ਦੂਜੇ ਸਥਾਨ ’ਤੇ ਹੈ।
ਮੇਰਠ ਦੇ ਰਹਿਣ ਵਾਲੇ 17 ਸਾਲ ਦੇ ਚੌਧਰੀ ਨੇ ਫਾਈਨਲ ਵਿੱਚ 246.3 ਦਾ ਸਕੋਰ ਬਣਾਇਆ। ਇਸ ਤਰ੍ਹਾਂ ਉਸ ਨੇ ਫਰਵਰੀ ਮਹੀਨੇ ਨਵੀਂ ਦਿੱਲੀ ਵਿੱਚ ਵਿਸ਼ਵ ਕੱਪ ਦੌਰਾਨ ਬਣਾਏ ਗਏ 245 ਅੰਕਾਂ ਦੇ ਆਪਣੇ ਹੀ ਪਿਛਲੇ ਰਿਕਾਰਡ ਵਿੱਚ ਸੁਧਾਰ ਕੀਤਾ ਹੈ।
ਚੌਧਰੀ ਪਹਿਲਾਂ ਹੀ ਟੋਕੀਓ ਓਲੰਪਿਕ ਲਈ ਕੋਟਾ ਹਾਸਲ ਕਰ ਚੁੱਕਿਆ ਹੈ। ਭਾਰਤ ਦਾ ਮਿਊਨਿਖ਼ ਵਿਸ਼ਵ ਕੱਪ ਵਿੱਚ ਇਹ ਦੂਜਾ ਸੋਨ ਤਗ਼ਮਾ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਅਪੂਰਵੀ ਚੰਦੇਲਾ ਨੇ ਮਹਿਲਾਵਾਂ ਦੇ ਦਸ ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਸੋਨੇ ਦਾ ਤਗ਼ਮਾ ਹਾਸਲ ਕੀਤਾ ਸੀ।
ਦਸ ਮੀਟਰ ਏਅਰ ਪਿਸਟਲ ਵਿੱਚ ਰੂਸ ਦੇ ਆਰਤਮ ਚੇਰਸੁਨੋਵ ਨੇ ਚਾਂਦੀ ਅਤੇ ਚੀਨ ਦੇ ਵੇਈ ਪੇਂਗ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਚੌਧਰੀ ਨੇ ਫਾਈਨਲ ਵਿੱਚ ਪਹਿਲੇ ਸ਼ਾਟ ਵਿੱਚ 9.3 ਦਾ ਸਕੋਰ ਬਣਾਇਆ, ਪਰ ਇਸ ਮਗਰੋਂ ਲਗਾਤਾਰ ਪੰਜ ਸ਼ਾਟ ਵਿੱਚ 10.1 ਦਾ ਸਕੋਰ ਬਣਾਇਆ। ਪਹਿਲੇ ਗੇੜ ਦੇ ਸ਼ਾਟ ਮਗਰੋਂ ਉਹ ਚੇਰਸੁਨੋਵ ਤੋਂ 0.6 ਅੰਕ ਪਿੱਛੇ ਚੱਲ ਰਿਹਾ ਸੀ।
ਦੂਜੇ ਗੇੜ ਦੇ ਛੇ ਸ਼ਾਟ ਵਿੱਚ ਹਾਲਾਂਕਿ ਉਸ ਨੇ ਲੀਡ ਹਾਸਲ ਕਰ ਲਈ। ਇਸ ਵਿੱਚ ਉਸ ਨੇ ਤਿੰਨ ਸ਼ਾਟ ਵਿੱਚ ਦਸ ਤੋਂ ਘੱਟ ਅੰਕ ਬਣਾਏ, ਪਰ ਦੋ ਸ਼ਾਟ 10.7 ਦੇ ਲਗਾਏ। ਭਾਰਤੀ ਨਿਸ਼ਾਨੇਬਾਜ਼ ਨੇ ਇਸ ਮਗਰੋਂ ਹਰੇਕ ਐਲਿਮਿਨੇਸ਼ਨ ਵਿੱਚ ਲੀਡ ਬਣਾਈ ਰੱਖੀ। ਉਸ ਨੇ ਅਖ਼ੀਰ ਵਿੱਚ 10.3 ਦੇ ਦੋ ਸ਼ਾਟ ਮਾਰੇ, ਜਦਕਿ ਇੱਕ ਸ਼ਾਟ 10.7 ਦਾ ਲਗਾਇਆ।
ਚੌਧਰੀ ਦਾ ਅੰਤਿਮ ਸ਼ਾਟ 10.6 ਦਾ ਸੀ, ਜਿਸ ਕਾਰਨ ਉਹ ਖ਼ੁਦ ਦਾ ਰਿਕਾਰਡ ਤੋੜਨ ਵਿੱਚ ਸਫਲ ਰਿਹਾ। ਭਾਰਤ ਦੇ ਸ਼ਹਿਜ਼ਾਰ ਰਿਜ਼ਵੀ ਨੇ ਵੀ ਇਸ ਮੁਕਾਬਲੇ ਵਿੱਚ ਹਿੱਸਾ ਲਿਆ। ਉਸ ਨੇ ਫਾਈਨਲ ਵਿੱਚ ਥਾਂ ਬਣਾਈ, ਪਰ ਅਖ਼ੀਰ ਵਿੱਚ 177.6 ਅੰਕ ਲੈ ਕੇ ਉਸ ਨੂੰ ਪੰਜਵੇਂ ਸਥਾਨ ਨਾਲ ਸਬਰ ਕਰਨਾ ਪਿਆ। ਭਾਰਤ ਕੋਲ ਪਹਿਲਾਂ ਪੰਜ ਕੋਟਾ ਸਥਾਨ ਹਨ। ਸੌਰਭ ਚੌਧਰੀ ਤੋਂ ਇਲਾਵਾ ਅਪੂਰਵੀ, ਅੰਜੁਮ ਮੌਦਗਿਲ, ਅਭਿਸ਼ੇਕ ਵਰਮਾ ਅਤੇ ਦਿਵਿਆਂਸ਼ ਸਿੰਘ ਪੰਵਾਰ ਨੇ ਕੋਟੇ ਹਾਸਲ ਕੀਤੇ ਹਨ।

Previous articleਰਾਹੁਲ ਅਸਤੀਫ਼ੇ ’ਤੇ ਅੜੇ; ਕਾਂਗਰਸ ਵਿਚ ਬੇਚੈਨੀ
Next articleਵਿਸ਼ਵ ਕੱਪ ਵਿੱਚ ਚੰਗੀਆਂ ਵਿਕਟਾਂ ਮਿਲਣ ਦੀ ਉਮੀਦ: ਜਡੇਜਾ