ਵਿਸ਼ਵ ਕੱਪ ਵਿੱਚ ਚੰਗੀਆਂ ਵਿਕਟਾਂ ਮਿਲਣ ਦੀ ਉਮੀਦ: ਜਡੇਜਾ

ਹਰਫ਼ਨਮੌਲਾ ਰਵਿੰਦਰ ਜਡੇਜਾ ਨੂੰ ਉਮੀਦ ਹੈ ਕਿ ਵਿਸ਼ਵ ਕੱਪ ਦੌਰਾਨ ਕੇਨਿੰਗਟਨ ਓਪਨ ਦੀ ਪਿੱਚ ਦੇ ਮੁਕਾਬਲੇ ਬਿਹਤਰ ਪਿੱਚਾਂ ’ਤੇ ਮੈਚ ਹੋਣਗੇ। ਓਵਲ ਦੀ ਪਿੱਚ ’ਤੇ ਅਭਿਆਸ ਮੈਚ ਵਿੱਚ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੇ ਭਾਰਤੀ ਬੱਲੇਬਾਜ਼ੀ ਦੀਆਂ ਧੱਜੀਆਂ ਉਡਾ ਦਿੱਤੀਆਂ ਸਨ। ਜਡੇਜਾ ਹੀ ਅਜਿਹਾ ਭਾਰਤੀ ਬੱਲੇਬਾਜ਼ ਸੀ, ਜਿਸ ਨੇ ਇਸ ਮੈਚ ਵਿੱਚ ਆਪਣਾ ਨੀਮ-ਸੈਂਕੜਾ ਪੂਰਾ ਕੀਤਾ, ਪਰ ਇਸ ਹਰਫ਼ਨਮੌਲਾ ਨੇ ਕਿਹਾ ਕਿ ਫ਼ਿਕਰ ਵਾਲੀ ਕੋਈ ਗੱਲ ਨਹੀਂ ਹੈ। ਜਡੇਜਾ ਨੇ ਮੈਚ ਮਗਰੋਂ ਕਿਹਾ, ‘‘ਇਹ ਇੰਗਲੈਂਡ ਦੀਆਂ ਆਮ ਹਾਲਤਾਂ ਵਰਗਾ ਸੀ।

ਵਿਕਟ ਸ਼ੁਰੂ ਵਿੱਚ ਨਰਮ ਸੀ, ਪਰ ਮੈਚ ਅੱਗੇ ਵਧਣ ਕਾਰਨ ਇਹ ਬਿਹਤਰ ਹੁੰਦੀ ਗਈ। ਸਾਨੂੰ ਉਮੀਦ ਹੈ ਕਿ ਵਿਸ਼ਵ ਕੱਪ ਦੌਰਾਨ ਇਨ੍ਹੀ ਜ਼ਿਆਦਾ ਘਾਹ ਵਾਲੀਆਂ ਵਿਕਟਾਂ ਨਹੀਂ ਮਿਲਣਗੀਆਂ ਅਤੇ ਉਹ ਬੱਲੇਬਾਜ਼ੀ ਲਈ ਅਨੁਕੂਲ ਹੋਣਗੇ।’’ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ, ਪਰ ਉਸ ਦੀ ਟੀਮ ਗੇਂਦਬਾਜ਼ਾਂ ਦੇ ਅਨੁਕੂਲ ਹਾਲਤਾਂ ਵਿੱਚ 179 ਦੌੜਾਂ ’ਤੇ ਢੇਰ ਹੋ ਗਈ। ਨਿਊਜ਼ੀਲੈਂਡ ਨੇ ਆਸਾਨੀ ਨਾਲ ਮੈਚ ਜਿੱਤ ਲਿਆ। ਜਡੇਜਾ ਨੇ ਕਿਹਾ, ‘‘ਇਹ ਸਾਡਾ ਪਹਿਲਾ ਮੈਚ ਹੈ। ਇਹ ਸਿਰਫ਼ ਇੱਕ ਮੈਚ ਸੀ ਅਤੇ ਅਸੀਂ ਇੱਕ ਖ਼ਰਾਬ ਪਾਰੀ, ਖ਼ਰਾਬ ਮੈਚ ਦੇ ਆਧਾਰ ’ਤੇ ਖਿਡਾਰੀਆਂ ਦਾ ਮੁਲੰਕਣ ਨਹੀਂ ਕਰ ਸਕਦੇ। ਇਸ ਲਈ ਬੱਲੇਬਾਜ਼ੀ ਇਕਾਈ ਵਜੋਂ ਚਿੰਤਾ ਦੀ ਕੋਈ ਗੱਲ ਨਹੀਂ।’’ ਜਡੇਜਾ ਨੇ ਕਿਹਾ ਕਿ ਜਦੋਂ ਉਹ 20ਵੇਂ ਓਵਰ ਵਿੱਚ ਕ੍ਰੀਜ਼ ’ਤੇ ਉਤਰਿਆ ਤਾਂ ਉਸ ਦਾ ਟੀਚਾ ਬੱਲੇਬਾਜ਼ੀ ਲਈ ਮਿਲੇ ਇਸ ਮੌਕੇ ਦਾ ਫ਼ਾਇਦਾ ਉਠਾਉਣਾ ਸੀ। ਜਡੇਜਾ ਨੇ ਕਿਹਾ, ‘‘ਮੈਨੂੰ ਪਤਾ ਸੀ ਕਿ ਜੇਕਰ ਮੈਂ ਸ਼ੁਰੂਆਤੀ ਓਵਰ ਝੱਲ ਜਾਂਦਾ ਹਾਂ ਤਾਂ ਹੌਲੀ-ਹੌਲੀ ਮੇਰੇ ਲਈ ਕੰਮ ਆਸਾਨ ਹੋ ਜਾਵੇਗਾ। ਮੈਂ ਸ਼ੁਰੂ ਵਿੱਚ ਆਪਣੇ ਸ਼ਾਟ ਸੀਮਤ ਰੱਖੇ। ਇਸ ਦਾ ਫ਼ਾਇਦਾ ਹੋਇਆ।’’ ਜਡੇਜਾ ਨੇ ਕਿਹਾ, ‘‘ਸਾਨੂੰ ਪਤਾ ਸੀ ਕਿ ਹਾਲਾਤ ਤੇਜ਼ ਗੇਂਦਬਾਜ਼ਾਂ ਦੇ ਅਨੁਕੂਲ ਹਨ ਅਤੇ ਇਸ ਲਈ ਅਸੀਂ ਉਲਟ ਹਾਲਤਾਂ ਵਿੱਚ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਕਿਉਂਕਿ ਜੇਕਰ ਅਜਿਹੀਆਂ ਹਾਲਤਾਂ ਵਿੱਚ ਖੇਡਿਆ ਜਾਵੇਗਾ ਤਾਂ ਅਸਲ ਮੈਚਾਂ ਵਿੱਚ ਸਾਡੇ ਲਈ ਸੌਖਾ ਹੋਵੇਗਾ।’’ ਜਡੇਜਾ ਨੇ 50 ਗੇਂਦਾਂ ’ਤੇ 54 ਦੌੜਾਂ ਬਣਾਈਆਂ।

Previous articleਵਿਸ਼ਵ ਕੱਪ ਨਿਸ਼ਾਨੇਬਾਜ਼ੀ: ਸੌਰਭ ਨੇ ਸੋਨ ਤਗ਼ਮਾ ਜਿੱਤਿਆ
Next articleਵਾਡਰਾ ਦੀ ਜ਼ਮਾਨਤ ਬਾਰੇ ਸੁਣਵਾਈ ਅੱਜ