ਵਿਧਾਇਕ ਨੇ ਐਸਐਮਓ ਨੂੰ ਲਾਇਆ ਟੀਕਾ

ਵਿਧਾਇਕ ਅਮਿਤ ਵਿਜ ਨੇ ਅੱਜ ਸਿਵਲ ਹਸਪਤਾਲ ਦਾ ਦੌਰਾ ਕੀਤਾ। ਇਸ ਦੌਰਾਨ ਸ਼ੂਗਰ ਪੀੜਤ ਇੱਕ ਮਰੀਜ਼ ਨੇ ਵਿਧਾਇਕ ਨੂੰ ਪਰਚੀ ਦਿਖਾਉਂਦਿਆਂ ਸ਼ਿਕਾਇਤ ਕੀਤੀ ਕਿ ਉਸ ਨੂੰ ਹਸਪਤਾਲ ਵਿਚੋਂ ਦਵਾਈ ਨਹੀਂ ਮਿਲ ਰਹੀ। ਵਿਧਾਇਕ ਨੇ ਉਨ੍ਹਾਂ ਕੋਲ ਖੜੇ ਐਸ.ਐਮ.ਓ ਡਾ. ਭੁਪਿੰਦਰ ਸਿੰਘ ਨੂੰ ਉਹ ਪਰਚੀ ਫੜਾਉਂਦਿਆਂ ਮਰੀਜ਼ ਨੂੰ ਦਵਾਈ ਨਾ ਮਿਲਣ ਦਾ ਕਾਰਨ ਪੁੱਛਿਆ। ਐਸ.ਐਮ.ਓ. ਦੇ ਨੇੜੇ ਹੀ ਮਰੀਜ਼ ਨੂੰ ਪਰਚੀ ਲਿਖ ਕੇ ਦੇਣ ਵਾਲਾ ਡਾਕਟਰ ਵੀ ਖੜ੍ਹਾ ਸੀ ਜਿਸ ਨੂੰ ਐਸਐਮਓ ਨੇ ਉਹ ਪਰਚੀ ਫੜਾਉਣ ਦੀ ਕੋਸ਼ਿਸ਼ ਕੀਤੀ ਪਰ ਵਿਧਾਇਕ ਨੇ ਐਸਐਮਓ ਤੋਂ ਉਹ ਪਰਚੀ ਲੈ ਲਈ ਅਤੇ ਐਸਐਮਓ ਦੀ ਝਾੜ ਝੰਬ ਕੀਤੀ ਤੇ ਰਿਕਾਰਡ ਚੈੱਕ ਕਰਨ ਦੀ ਗੱਲ ਕਹੀ। ਉਹ ਡਾਕਟਰਾਂ ਸਮੇਤ ਹਸਪਤਾਲ ਦੇ ਦਵਾਈ ਵਿਤਰਣ ਕੇਂਦਰ ’ਤੇ ਪੁੱਜੇ ਅਤੇ ਅੰਦਰ ਜਾ ਕੇ ਦਵਾਈਆਂ ਵਾਲਾ ਰਜਿਸਟਰ ਚੈੱਕ ਕਰਨ ਲੱਗ ਪਏ। ਉਨ੍ਹਾਂ ਵੱਲੋਂ ਪੁੱਛਣ ’ਤੇ ਵਿਤਰਣ ਕੇਂਦਰ ਦੇ ਮੁਲਾਜ਼ਮ ਨੇ ਦੱਸਿਆ ਕਿ ਉਕਤ ਪਰਚੀ ਵਿੱਚ ਲਿਖੀਆਂ 4 ਦਵਾਈਆਂ ਵਿੱਚੋਂ 2 ਨਹੀਂ ਹਨ। ਮੁਲਾਜ਼ਮ ਦਾ ਕਹਿਣਾ ਸੀ ਕਿ ਬਾਕੀ ਦੋਨੋਂ ਦਵਾਈਆਂ ਵੀ ਸਟੋਰ ਵਿੱਚ ਪੁੱਜ ਗਈਆਂ ਹਨ ਤੇ ਦੇ ਦਿੱਤੀਆਂ ਜਾਣਗੀਆਂ। ਇੰਨਾ ਸੁਣਦੇ ਹੀ ਵਿਧਾਇਕ ਤੈਸ਼ ਵਿੱਚ ਆ ਗਏ। ਉਨ੍ਹਾਂ ਸਬੰਧਤ ਅਧਿਕਾਰੀਆਂ ਦੀ ਝਾਂੜ ਝੰਬ ਕਰਦਿਆਂ ਕਿਹਾ ਕਿ ਜਦੋਂ ਦਵਾਈ ਹਸਪਤਾਲ ਪੁੱਜ ਚੁੱਕੀਆਂ ਹਨ ਤਾਂ ਮਰੀਜ਼ ਨੂੰ ਕਿਉਂ ਨਹੀਂ ਦਿੱਤੀਆਂ ਗਈਆਂ। ਜਾਣਕਾਰੀ ਮਿਲੀ ਹੈ ਕਿ ਕਈ ਹੋਰ ਮਰੀਜ਼ਾਂ ਨੇ ਵੀ ਵਿਧਾਇਕ ਨੂੰ ਦਵਾਈ ਨਾ ਮਿਲਣ ਦੀ ਸ਼ਿਕਾਇਤ ਕੀਤੀ ਸੀ। ਵਿਧਾਇਕ ਨੇ ਹਸਪਤਾਲ ਪ੍ਰਬੰਧਕਾਂ ਨੂੰ ਨਿਰਦੇਸ਼ ਦਿੱਤਾ ਕਿ ਹਰ ਹਫਤੇ ਉਨ੍ਹਾਂ ਨੂੰ ਦਵਾਈਆਂ ਦੀ ਲਿਸਟ ਭੇਜੀ ਜਾਵੇ ਅਤੇ ਜਿਨ੍ਹਾਂ ਦਵਾਈਆਂ ਦੀ ਘਾਟ ਹੈ, ਉਹ ਦੱਸੀਆਂ ਜਾਣ ਤਾਂ ਜੋ ਉਹ ਸਰਕਾਰੀ ਪੱਧਰ ’ਤੇ ਪ੍ਰਬੰਧ ਕਰਵਾ ਕੇ ਦੇ ਸਕਣ।

Previous articleਡਾਇਰੈਕਟਰਾਂ ਦੇ ਜਾਅਲੀ ਦਸਤਖ਼ਤ ਕਰਨ ਵਾਲੇ ਕੇਸ ਉੱਤੇ ਮਿੱਟੀ ਪਾਉਣ ਲੱਗੀ ਪੁਲੀਸ
Next articleਕੌਂਸਲ ਪ੍ਰਧਾਨ ਨੇ ਰਾਤ ਨੂੰ ਕਢਵਾਈ ਸੀਵਰੇਜ ਦੀ ਗਾਰ