ਕੌਂਸਲ ਪ੍ਰਧਾਨ ਨੇ ਰਾਤ ਨੂੰ ਕਢਵਾਈ ਸੀਵਰੇਜ ਦੀ ਗਾਰ

ਨਗਰ ਕੌਸਲ ਅਮਲੋਹ ਦੀ ਪ੍ਰਧਾਨ ਕਿਰਨ ਸੂਦ ਵੱਲੋਂ ਰਾਤ ਸਮੇਂ ਸਫ਼ਾਈ ਸੇਵਕਾਂ ਦੀ ਟੀਮ ਨੂੰ ਨਾਲ ਲੈ ਕੇ ਸ਼ਹਿਰ ਦੇ ਮੇਨ ਬਾਜ਼ਾਰ ਦੇ ਸੀਵਰੇਜ ਦੀ ਸਫ਼ਾਈ ਕਰਵਾ ਕੇ ਗੰਦਾ ਗਾਰਾ ਕਢਵਾਇਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸ੍ਰੀਮਤੀ ਸੂਦ ਨੇ ਕਿਹਾ ਕਿ ਸ਼ਹਿਰ ਦੇ ਮੁੱਖ ਬਾਜ਼ਾਰ ਵਿੱਚ ਰਾਤ ਵੇਲੇ ਗਾਰ ਕਢਵਾਈ ਗਈ ਤਾਂ ਜੋ ਦਿਨ ਸਮੇਂ ਆਉਣ ਵਾਲੇ ਲੋਕਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਸੀਵਰੇਜ ਦੀ ਸਫ਼ਾਈ ਲਈ ਮਸ਼ੀਨ ਮੰਡੀ ਗੋਬਿੰਦਗੜ੍ਹ ਕੌਂਸਲ ਤੋਂ ਮੰਗਵਾਈ ਜਾਂਦੀ ਹੈ ਅਤੇ ਕਈ ਵਾਰ ਇਹ ਮਸ਼ੀਨ ਕਾਫ਼ੀ ਦਿਨਾਂ ਬਾਅਦ ਆਉਂਦੀ ਹੈ, ਜਿਸ ਕਰਕੇ ਉਨ੍ਹਾਂ ਵੱਲੋਂ ਸੀਵਰੇਜ ਦੀ ਸਫ਼ਾਈ ਲਈ ਕੈਮਬੀ ਮਸ਼ੀਨ, ਟੈਂਕਰ ਲਿਆਦਾ ਜਾ ਰਿਹਾ ਹੈ ਅਤੇ ਸ਼ਹਿਰ ਦੀਆਂ ਛੋਟੀਆਂ ਗਲੀਆਂ ਵਿੱਚ ਸਫ਼ਾਈ ਕਰਨ ਲਈ ਛੋਟੀਆਂ ਮਸ਼ੀਨਾ ਵੀ ਲਿਆਂਦੀਆਂ ਜਾਣਗੀਆਂ। ਇਨ੍ਹਾਂ ਮਸ਼ੀਨਾ ਦੀ ਕੀਮਤ 40 ਲੱਖ ਦੇ ਕਰੀਬ ਬਣਦੀ ਹੈ ਅਤੇ ਇਹ ਮਸ਼ੀਨਾਂ ਆਉਣ ਨਾਲ ਕਦੇ ਵੀ ਸੀਵਰੇਜ ਜਾਮ ਦੀ ਸਮੱਸਿਆ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਬੇਸ਼ੱਕ ਪਿਛਲੇ 20 ਸਾਲਾਂ ਤੋਂ ਸਰਕਾਰਾਂ ਵੱਲੋਂ ਕਰੋੜਾ ਰੁਪਏ ਦੀ ਲਾਗਤ ਨਾਲ ਸ਼ਹਿਰ ਅੰਦਰ ਸੀਵਰੇਜ ਤਾ ਪਾਇਆ ਗਿਆ ਪਰ ਉਸਦੀ ਸਫ਼ਾਈ ਲਈ ਮਸ਼ੀਨਾ ਲਿਆਉਣ ਸਬੰਧੀ ਕਿਸੇ ਵੱਲੋਂ ਨਹੀਂ ਸੋਚਿਆ ਗਿਆ। ਇਸ ਕਰਕੇ ਹੁਣ ਕੌਂਸਲਰਾਂ ਦੀ ਸਹਿਮਤੀ ਨਾਲ ਮਤੇ ਪਵਾਕੇ ਇਹ ਮਸ਼ੀਨਾਂ ਜਲਦ ਲਿਆਂਦੀਆਂ ਜਾਣਗੀਆਂ। ਕੌਸਲ ਪ੍ਰਧਾਨ ਕਿਰਨ ਸੂਦ ਨੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਖਾਲੀ ਲਿਫਾਫੇ ਅਤੇ ਕੂੜੇ ਸੀਵਰੇਜ ਵਿੱਚ ਨਾ ਸੁੱਟਣ ਕਿਉਂਕਿ ਜਦੋਂ ਅੱਜ ਸਫ਼ਾਈ ਕੀਤੀ ਗਈ ਉਸ ਵਿਚੋਂ ਵੱਡੀ ਮਾਤਰਾਂ ਵਿੱਚ ਲਿਫਾਫੇ ਵੀ ਨਿਕਲੇ ਹਨ, ਜਿਹੜੇ ਕਿ ਸੀਵਰੇਜ ਨੂੰ ਜਾਮ ਕਰਦੇ ਹਨ। ਇਸ ਮੌਕੇ ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਹੈਪੀ ਪਜ਼ਨੀ, ਕਾਂਗਰਸ ਆਗੂ ਹੈਪੀ ਸੂਦ, ਸਾਬਕਾ ਕੌਸਲਰ ਕੁਲਦੀਪ ਦੀਪਾ, ਕੌਸਲਰ ਹੈਪੀ ਸੇਢਾ ਅਤੇ ਰਾਜਾ ਰਾਮ ਆਦਿ ਮੌਜੂਦ ਸਨ।

Previous articleਵਿਧਾਇਕ ਨੇ ਐਸਐਮਓ ਨੂੰ ਲਾਇਆ ਟੀਕਾ
Next articleਬੋਲਟ ਤੇ ਗ੍ਰੈਂਡਹੋਮ ਦੇ ਤੂਫਾਨ ’ਚ ਉਡਿਆ ਭਾਰਤ