ਖਾਰਾ : (ਸਮਾਜਵੀਕਲੀ-ਹਰਪ੍ਰੀਤ ਸਿੰਘ ਬਰਾੜ) ਲੋੜਵੰਦ ਲੋਕਾਂ ਦੀ ਮਦਦ ਦੇ ਲਈ ਹਮੇਸ਼ਾ ਮੋਹਰੀ ਰਹਿਣ ਵਾਲੇ ਅਤੇ ਮਨੁੱਖਤਾ ਦੀ ਸੇਵਾ ਨੂੰ ਸਭ ਤੋਂ ਵੱਡਾ ਧਰਮ ਮੰਨਣ ਵਾਲੇ ਫਰੀਦਕੋਟ ਜਿਲ੍ਹੇ ਦੇ ਪਿੰਡ ਖਾਰਾ ਦੇ ਉੱਘੇ ਸਮਾਜ ਸੇਵੀ ਅਤੇ ਬਹੁਤ ਹੀ ਸ਼ਾਂਤੀਪਸੰਦ ਵਸਨੀਕ ਸ਼੍ਰੀ ਬੂਟਾ ਸਿੰਘ ਬਰਾੜ ਦਾ ਮੰਨਣਾ ਹੈ ਕਿ ਭਾਰਤ ਸਮੇਤ ਕਈ ਦੇਸ਼ਾਂ ਵਿਚ ਜਨ ਸੰਖਿਆ ਨੇ ਆਪਣੀਆਂ ਸਾਰੀਆਂ ਹੱਦਾਂ ਨੂੰ ਪਾਰ ਕਰ ਲਿਆ ਹੈ ਅਤੇ ਨਤੀਜ਼ਨ ਅਸੀਂ ਚੰਗੀ ਸਿੱਖਿਆ ਦਰ, ਬਦਹਾਲ ਸਿਹਤ ਸੇਵਾਵਾਂ ਅਤੇ ਪੇਂਡੂ ਖੇਤਰਾਂ ‘ਚ ਬੁਨਿਆਦੀ ਸਹੂਲਤਾਂ ਦੀ ਕਮੀਂ ਨਾਲ ਜੂਝ ਰਹੇ ਹਾਂ। ਇਹ ਦੱਸਣਯੋਗ ਹੈ ਕਿ ਕਰੋਨਾ ਵਾਇਰਸ ਦੀ ਸ਼ੁਰੂਆਤ ਤੋਂ ਹੀ ਸ਼ੀ੍ ਬੂਟਾ ਸਿੰਘ ਜੀ ਨੇ ਵਾਇਰਸ ਦੇ ਫੈਲਾਅ ਅਤੇ ਇਸ ਸਬੰਧਤ ਆਂਕੜਿਆਂ ‘ਤੇ ਖਾਸ ਨਜਰ ਬਣਾਈ ਹੋਈ ਹੈ। ਉਨ੍ਹਾਂ ਦੱਸਿਆ ਕਿ ਜਨਸੰਖਿਆ ਦੇ ਮਾਮਲੇ ‘ਚ ਭਾਰਤ ਦੁਨੀਆਂ ਵਿਚੋਂ ਦੂਜੇ ਨੰਬਰ ‘ਤੇ ਹੈ। ਅੱਜ ਭਾਰਤ ਸਮੇਤ ਪੂਰੀ ਦੁਨੀਆਂ ਕਰੋਨਾ ਦੀ ਮਾਰ ਝੱਲ ਰਹੀ ਹੈ। ਸਾਡੇ ਦੇਸ਼ ‘ਚ ਸੰਘਣੀ ਅਬਾਦੀ ਹੈ ਅਤੇ ਅਬਾਦੀ ਦੇ ਹਿਸਾਬ ਨਾਲ ਸਿਹਤ ਸਹੂਲਤਾਂ ਅਤੇ ਹੋਰ ਲੋੜੀਂਦੇ ਬੁਨਿਆਦੀ ਸਾਧਨਾ ਦੀ ਬਹੁਤ ਕਮੀਂ ਹੈ। ਜੇਕਰ ਦੇਸ਼ ‘ਚ ਅਬਾਦੀ ‘ਤੇ ਕੰਟਰੋਲ ਨਹੀਂ ਹੁੰਦਾ ਤਾਂ ਆਉਣ ਵਾਲੇ ਸਮੇਂ ‘ਚ ਹੋਰ ਵੀ ਭਿਆਨਕ ਹਲਾਤ ਪੈਦਾ ਹੋ ਜਾਣਗੇ।
ਸ਼੍ਰੀ ਬਰਾੜ ਨੇ ਗੱਲਬਾਤ ਦੌਰਾਨ ਖਾਸ ਜ਼ਿਕਰ ਕੀਤਾ ਕਿ ਜੇਕਰ ਭਾਰਤ ਨੇ ਕੋਰਨਾ ਅਤੇ ਇਸ ਵਰਗੀਆਂ ਹੋਰ ਮਹਾਂਮਾਰੀਆਂ ‘ਤੇ ਜਿੱਤ ਹਾਸਲ ਕਰਨੀ ਹੈ ਤਾਂ ਸਭ ਤੋਂ ਪਹਿਲਾਂ ਅਬਾਦੀ ‘ਤੇ ਕਾਬੂ ਪਾਉਣ ਲਈ ਇਸ ਸਖਤ ਕਾਨੂੰਨ ਲਿਆਉਣਾ ਪਵੇਗਾ। ਦੇਸ਼ ਵਿਚ ਬੇਰੋਜ਼ਗਾਰੀ , ਅਨਪੜ੍ਹਤਾ, ਗਰੀਬੀ ਅਤੇ ਭੁੱਖਮਰੀ ਆਦਿ ਸਾਰੀਆਂ ਸਮੱਸਿਆਵਾਂ ਦੀ ਮੂਲ ਜੜ੍ਹ ਹੱਦੋਂ ਵੱਧ ਅਬਾਦੀ ਹੀ ਹੈ।