ਲੰਡਨ- ਇਥੇ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਰਵਾਇਤੀ ਵਿਰੋਧੀ ਦੋ ਧਿਰਾਂ ਵਿਚਾਲੇ ਝੜਪ ਹੋ ਗਈ। ਸਕੌਟਲੈਂਡ ਯਾਰਡ ਨੇ ਅਮਨ ਭੰਗ ਕਰਨ ਦੇ ਦੋਸ਼ ਵਿੱਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਨੂੰ ਮਗਰੋਂ ਬਿਨਾਂ ਕਿਸੇ ਕਾਰਵਾਈ ਦੇ ਰਿਹਾਅ ਕਰ ਦਿੱਤਾ ਗਿਆ। ਯੂਕੇ ਆਧਾਰਿਤ ਕਸ਼ਮੀਰੀਆਂ ਤੇ ਖ਼ਾਲਿਸਤਾਨੀ ਪੱਖੀ ਜਥੇਬੰਦੀਆਂ ਅਤੇ ਮੋਦੀ ਪੱਖੀ ਜਥੇਬੰਦੀਆਂ ਦਰਮਿਆਨ ਹੋਈ ਝੜੱਪ ਦੌਰਾਨ ਦੋਵੇਂ ਧਿਰਾਂ ਨੇ ਨਾਅਰੇਬਾਜ਼ੀ ਕੀਤੀ। ਮੋਦੀ ਪੱਖੀ ਜਥੇਬੰਦੀਆਂ ਨੇ ਜਿੱਥੇ ਮੋਦੀ ਸਰਕਾਰ ਦੇ ਹੱਕ ਵਿੱਚ ਨਾਅਰੇ ਲਾਏ, ਉਥੇ ਦੂਜੇ ਪਾਸੇ ਕਸ਼ਮੀਰੀਆਂ ਤੇ ਖਾਲਿਸਤਾਨੀਆਂ ਨੇ ਭਾਰਤ ਦੇ ਵਿਰੋਧ ਵਿੱਚ ਨਾਅਰੇਬਾਜ਼ੀ ਕੀਤੀ। ਜਾਣਕਾਰੀ ਅਨੁਸਾਰ ਭਾਰਤ ਵਿੱਚ ਘੱਟਗਿਣਤੀ ਭਾਈਚਾਰਿਆਂ ’ਤੇ ਹੁੰਦੇ ਤਸ਼ੱਦਦ ਖ਼ਿਲਾਫ਼ ਰੋਸ ਜਤਾਉਣ ਦੇ ਇਰਾਦੇ ਨਾਲ ਭਾਰਤੀ ਮਿਸ਼ਨ ਦੇ ਬਾਹਰ ਇਕੱਤਰ ਹੋਏ ਓਵਰਸੀਜ਼ ਪਾਕਿਸਤਾਨੀ ਵੈਲਫੇਅਰ ਕੌਂਸਲ (ਓਪੀਡਬਲਿਊਸੀ) ਤੇ ਸਿੱਖਸ ਫਾਰ ਜਸਟਿਸ ਦੇ ਮੈਂਬਰ ‘ਫਰੈਂਡਜ਼ ਆਫ਼ ਇੰਡੀਆ ਸੁਸਾਇਟੀ ਯੂਕੇ’ ਸਮੇਤ ਹੋਰਨਾਂ ਜਥੇਬੰਦੀਆਂ ਦੇ ਮੈਂਬਰਾਂ ਨਾਲ ਖਹਿਬੜ ਪਏ। ਝੜੱਪ ਦੌਰਾਨ ਹਾਲਾਂਕਿ ਕਿਸੇ ਸੱਟ-ਫੇਟ ਤੋਂ ਬਚਾਅ ਰਿਹਾ ਤੇ ਪੁਲੀਸ ਮੁਲਾਜ਼ਮਾਂ ਨੇ ਵਿੱਚ ਪੈ ਕੇ ਦਰਜਨਾਂ ਪ੍ਰਦਰਸ਼ਨਕਾਰੀਆਂ ਨੂੰ ਕੰਟਰੋਲ ਕੀਤਾ। ਉਧਰ ਦੋਵਾਂ ਧਿਰਾਂ ਨੇ ਸੋਸ਼ਲ ਮੀਡੀਆ ’ਤੇ ਝੜੱਪ ਦੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੇ ਕਰਦਿਆਂ ਇਕ ਦੂਜੇ ’ਤੇ ਅਮਨਪੂਰਵਕ ਚੱਲ ਰਹੇ ਰੋਸ ਪ੍ਰਦਰਸ਼ਨਾਂ ਨੂੰ ਹਿੰਸਕ ਬਣਾਉਣ ਦਾ ਦੋਸ਼ ਲਾਇਆ ਹੈ।