ਲੌਕਡਾਊਨ ਵਿੱਚ ਛੋਟਾਂ ਦੇਣ ਬਾਰੇ ਵਿਚਾਰਾਂ

ਪੜਾਅਵਾਰ ਮਿਲੇਗੀ ਰਾਹਤ; ਕਰੋਨਾ ਪ੍ਰਭਾਵਿਤ ਇਲਾਕਿਆਂ ਨੂੰ ਕੇਸਾਂ ਦੇ ਆਧਾਰ ’ਤੇ ਲਾਲ, ਸੰਤਰੀ ਅਤੇ ਹਰੇ ਜ਼ੋਨਾਂ ਵਿੱਚ ਵੰਡਣ ਦੀ ਤਿਆਰੀ

ਨਵੀਂ ਦਿੱਲੀ  (ਸਮਾਜਵੀਕਲੀ)  – ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚ ਦੇਸ਼ ’ਚ ਕਰੋਨਾਵਾਇਰਸ ਦੇ 918 ਸੱਜਰੇ ਮਾਮਲੇ ਸਾਹਮਣੇ ਆਏ ਹਨ ਅਤੇ 34 ਮੌਤਾਂ ਹੋਈਆਂ ਹਨ। ਇਨ੍ਹਾਂ ਸੱਜਰੇ ਕੇਸਾਂ ਨਾਲ ਦੇਸ਼ ਵਿਚ ਕਰੋਨਾ ਪਾਜ਼ੇਟਿਵ ਕੇਸਾਂ ਦੀ ਕੁੱਲ ਗਿਣਤੀ 8,447 ਹੋ ਗਈ ਹੈ ਜਦੋਂ ਕਿ ਇਸ ਮਹਾਮਾਰੀ ਕਾਰਨ ਮਰਨ ਵਾਲਿਆਂ ਦੀ ਕੁੱਲ ਗਿਣਤੀ 273 ਹੋ ਗਈ ਹੈ। ਮੰਤਰਾਲੇ ਨੇ ਕਿਹਾ ਕਿ ਜੇਕਰ ਕਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਵੱਡੀ ਪੱਧਰ ’ਤੇ ਉਭਾਰ ਆਉਂਦਾ ਹੈ ਤਾਂ ਸਰਕਾਰ ਸਥਿਤੀ ਤੋਂ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ।

ਉਧਰ, ਕੇਂਦਰ ਸਰਕਾਰ ਵੱਲੋਂ ਲੌਕਡਾਊਨ ਵਿੱਚ ਕੁਝ ਛੋਟਾਂ ਦੇਣ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਰਾਜਾਂ ਦੀ ਸਹਿਮਤੀ ਨਾਲ ਪੜਾਅਵਾਰ ਆਰਥਿਕ ਗਤੀਵਿਧੀਆਂ ਮੁੜ ਤੋਂ ਸ਼ੁਰੂ ਕਰਨ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਕੇਂਦਰ ਵੱਲੋਂ ਉਤਪਾਦਨ, ਮਜ਼ਦੂਰੀ ਤੇ ਲੌਜਿਸਟਿਕ ਬਾਰੇ ਜਾਣਕਾਰੀ ਮੰਗੀ ਗਈ ਹੈ। ਇਹ ਪੁੱਛਿਆ ਗਿਆ ਹੈ ਕਿ ਜੇਕਰ ਪੰਜ ਪ੍ਰਮੁੱਖ ਖੇਤਰਾਂ ਦੀਆਂ ਗਤੀਵਿਧੀਆਂ 15 ਦਿਨਾਂ ਵਿੱਚ ਸ਼ੁਰੂ ਕਰ ਦਿੱਤੀਆਂ ਜਾਣ ਤਾਂ ਇਸ ਦਾ ਕੀ ਨਤੀਜਾ ਨਿਕਲੇਗਾ।

ਇਨ੍ਹਾਂ ਪੰਜ ਪ੍ਰਮੁੱਖ ਖੇਤਰਾਂ ਵਿੱਚ ਕੱਪੜਾ, ਕੈਮੀਕਲ, ਇਲੈਕਟ੍ਰੌਨਿਕ, ਸਟੀਲ ਤੇ ਦਵਾਈਆਂ ਸ਼ਾਮਲ ਹਨ। ਰਾਜਾਂ ਨੂੰ ਜ਼ਿਲ੍ਹਿਆਂ, ਕਸਬਿਆਂ ਤੇ ਸ਼ਹਿਰਾਂ ਨੂੰ ਕੇਸਾਂ ਦੇ ਅਧਾਰ ’ਤੇ ਲਾਲ, ਸੰਤਰੀ ਤੇ ਹਰੇ ਜ਼ੋਨਾਂ ਵਿੱਚ ਵੰਡਣਾ ਹੋਵੇਗਾ। ਇਸ ਤੋਂ ਇਲਾਵਾ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਰਾਜਾਂ ਨਾਲ ਸ਼ਾਹਰਾਹਾਂ ਦੇ ਨਿਰਮਾਣ ਪ੍ਰਾਜੈਕਟ ਮੁੜ ਸ਼ੁਰੂ ਕਰਨ ਬਾਰੇ ਗੱਲਬਾਤ ਚੱਲ ਰਹੀ ਹੈ।

ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਸਿਹਤ ਮੰਤਰਾਲੇ ਦੇ ਜੁਆਇੰਟ ਸਕੱਤਰ ਲਵ ਅਗਰਵਾਲ ਨੇ ਕਿਹਾ, ‘‘ਸਰਕਾਰ ਵੱਲੋਂ ਸਰਕਾਰੀ ਤੇ ਨਿੱਜੀ ਮੈਡੀਕਲ ਕਾਲਜਾਂ ਵਿੱਚ ਕੋਵਿਡ-19 ਦੇ ਟੈਸਟ ਕਰਨ ਦੀ ਸਮਰੱਥਾ ਵਧਾਈ ਜਾ ਰਹੀ ਹੈ। ਉਨ੍ਹਾਂ ਕਿਹਾ, ‘‘ਕਰੋਨਾਵਾਇਰਸ ਦੇ ਕੁੱਲ ਕੇਸਾਂ ਦੀ ਗਿਣਤੀ ਵਧ ਕੇ 8,447 ਹੋ ਗਈ ਹੈ ਅਤੇ ਮੌਤਾਂ ਦੀ ਗਿਣਤੀ 273 ਤੱਕ ਪਹੁੰਚ ਚੁੱਕੀ ਹੈ। ਪਿਛਲੇ 24 ਘੰਟਿਆਂ ਵਿੱਚ 918 ਨਵੇਂ ਕੇਸ ਸਾਹਮਣੇ ਆ ਚੁੱਕੇ ਹਨ ਅਤੇ 34 ਮੌਤਾਂ ਹੋ ਚੁੱਕੀਆਂ ਹਨ।

ਚੰਗੀ ਖ਼ਬਰ ਇਹ ਹੈ ਕਿ 765 ਲੋਕ ਠੀਕ ਹੋ ਚੁੱਕੇ ਹਨ ਅਤੇ ਹਸਪਤਾਲਾਂ ਤੋਂ ਉਨ੍ਹਾਂ ਦੀ ਛੁੱਟੀ ਹੋ ਚੁੱਕੀ ਹੈ। ਜੇਕਰ ਕੇਸਾਂ ਦੀ ਗਿਣਤੀ ਵਿੱਚ ਵੱਡੀ ਪੱਧਰ ’ਤੇ ਉਭਾਰ ਆਉਂਦਾ ਹੈ ਤਾਂ ਸਰਕਾਰ ਸਥਿਤੀ ਤੋਂ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ।’’ ਉੱਧਰ, ਪੀਟੀਆਈ ਵੱਲੋਂ ਵੱਖ-ਵੱਖ ਰਾਜਾਂ ਤੋਂ ਇਕੱਠੇ ਕੀਤੇ ਗਏ ਅੰਕੜਿਆਂ ਅਨੁਸਾਰ ਦੇਸ਼ ਵਿੱਚ ਕੁੱਲ ਕੇਸਾਂ ਦੀ ਗਿਣਤੀ 8933 ਹੈ ਅਤੇ ਇਸ ਨਾਲ 296 ਮੌਤਾਂ ਹੋ ਚੁੱਕੀਆਂ ਹਨ। ਇਸ ਤਰ੍ਹਾਂ ਇਨ੍ਹਾਂ ਦੋਹਾਂ ਅੰਕੜਿਆਂ ’ਚ ਕਾਫੀ ਫ਼ਰਕ ਹੈ।

ਉਨ੍ਹਾਂ ਕਿਹਾ ਕਿ ਮੈਡੀਕਲ ਕਾਲਜਾਂ ਦੇ ਸਲਾਹਕਾਰ ਵਜੋਂ ਕੰਮ ਕਰਨ ਅਤੇ ਕਰੋਨਾਵਾਇਰਸ ਦੇ ਟੈਸਟਾਂ ਦੀ ਸਮਰੱਥਾ ਵਧਾਉਣ ਲਈ ਏਮਜ਼ ਤੇ ਐੱਨਆਈਐੱਮਐੱਚਏਐੱਨਐੱਸ ਸਣੇ 14 ਸੰਸਥਾਵਾਂ ਦੀ ਪਛਾਣ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਚੀਨ, ਜਪਾਨ ਅਤੇ ਕੋਰੀਆ ਵਿਚ ਮੁੜ ਤੋਂ ਕਰੋਨਾਵਾਇਰਸ ਦੇ ਕੇਸ ਸਾਹਮਣੇ ਆਉਣਾ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਸਮਾਜਿਕ ਦੂਰੀ ਦੀ ਅਹਿਮੀਅਤ ’ਤੇ ਜ਼ੋਰ ਦਿੰਦਿਆਂ ਇਸ ਨੂੰ ਜਾਨਲੇਵਾ ਵਾਇਰਸ ਖ਼ਿਲਾਫ਼ ਸਮਾਜਿਕ ਦਵਾਈ ਕਰਾਰ ਦਿੱਤਾ। ਸਰਕਾਰ ਵੱਲੋਂ ਉਠਾਏ ਗਏ ਕਦਮਾਂ ਬਾਰੇ ਉਨ੍ਹਾਂ ਕਿਹਾ ਕਿ ਮੁੱਢਲਾ ਸਿਹਤ ਢਾਂਚੇ ਦੀ ਸਮਰੱਥਾ ਵਧਾਉਣ ਵੱਲ ਧਿਆਨ ਦਿੱਤਾ ਜਾ ਰਿਹਾ ਹੈ, ਜਿਸ ਵਿੱਚ ਸਮਰਪਿਤ ਹਸਪਤਾਲ, ਆਈਸੋਲੇਸ਼ਨ ਬੈੱਡ, ਆਈਸੀਯੂ ਬੈੱਡ ਤੇ ਇਕਾਂਤਵਾਸ ਸਹੂਲਤਾਂ ਸ਼ਾਮਲ ਹਨ।

Previous articleIndia to get going again: 15 industries, street vendors to be allowed
Next articleਨਿਹੰਗ ਸਿੰਘ ਨੇ ਥਾਣੇਦਾਰ ਦਾ ਗੁੱਟ ਵੱਢਿਆ