ਲੋਕਾਂ ਨੇ ਹੌਲਦਾਰ ਤੇ ਸਾਥੀ ਨੂੰ ਦਰੱਖ਼ਤ ਨਾਲ ਬੰਨ੍ਹ ਕੇ ਕੁੱਟਿਆ

ਧਰਮਕੋਟ ਦੀ ਭੱਟੀ ਬਸਤੀ ਵਿਚ ਲੰਘੀ ਰਾਤ ਰੋਹ ਵਿਚ ਆਏ ਲੋਕਾਂ ਵਲੋਂ ਨਸ਼ਾ ਤਸਕਰੀ ਦੇ ਸ਼ੱਕ ਵਿਚ ਹੌਲਦਾਰ ਤੇ ਉਸ ਦੇ ਸਾਥੀ ਨੂੰ ਦਰੱਖ਼ਤ ਨਾਲ ਬੰਨ੍ਹ ਕੇ ਕੁੱਟ ਮਾਰ ਕੀਤੇ ਜਾਣ ਦੀ ਵੀਡੀਓ ਵਾਇਰਲ ਹੋਈ ਹੈ। ਇਸ ਵੀਡੀਓ ਵਿਚ ਲੋਕ ਹੌਲਦਾਰ ਅਤੇ ਉਸ ਦੇ ਸਾਥੀ ਉੱਤੇ ਨਸ਼ਾ ਤਸਕਰੀ ਦੇ ਦੋਸ਼ ਲਾ ਰਹੇ ਹਨ। ਇਸ ਮਾਮਲੇ ਸਬੰਧੀ ਥਾਣਾ ਧਰਮਕੋਟ ਪੁਲੀਸ ਨੇ ਹੌਲਦਾਰ ਤੇ ਉਸ ਦੇ ਸਾਥੀ ਖ਼ਿਲਾਫ਼ ਮਹਿਲਾ ਨਾਲ ਛੇੜਛਾੜ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ ਜਦਕਿ ਹੌਲਦਾਰ ਦੀ ਸ਼ਿਕਾਇਤ ਉੱਤੇ ਲੋਕਾਂ ਖ਼ਿਲਾਫ਼ ਬੰਦੀ ਬਣਾ ਕੇ ਕੁੱਟਮਾਰ ਕਰਨ ਤੇ ਡਿਊਟੀ ’ਚ ਵਿਘਨ ਦੀਆਂ ਧਰਾਵਾਂ ਤਹਿਤ ਪਰਚਾ ਦਰਜ ਕੀਤਾ ਹੈ।
ਡੀਐੱਸਪੀ ਯਾਦਵਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਦੋਵਾਂ ਧਿਰਾਂ ਖ਼ਿਲਾਫ਼ ਕੇਸ ਦਰਜ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੜਤਾਲ ਦੌਰਾਨ ਕੋਈ ਹੋਰ ਤੱਥ ਸਾਹਮਣੇ ਆਇਆ ਤਾਂ ਉਸ ਦੀ ਜਾਂਚ ਕਰਕੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਪੁਲੀਸ ਮੁਤਾਬਕ ਥਾਣਾ ਧਰਮਕੋਟ ਮੁਖੀ ਕਸ਼ਮੀਰ ਸਿੰਘ ਨੂੰ ਜਾਣਕਾਰੀ ਮਿਲੀ ਸੀ ਕਿ ਭੱਟੀ ਬਸਤੀ, ਧਰਮਕੋਟ ’ਚ ਦਿਲਬਾਗ ਸਿੰਘ ਨਾਮ ਦੇ ਵਿਅਕਤੀ ਦੇ ਘਰ ਹੌਲਦਾਰ ਦਲਬੀਰ ਸਿੰਘ ਅਤੇ ਉਸ ਦੇ ਸਾਥੀ ਦਰਸ਼ਨ ਸਿੰਘ ਵਾਸੀ ਪਿੰਡ ਰੇੜਵਾਂ ਨੂੰ ਬੰਦੀ ਬਣਾਇਆ ਹੋਇਆ ਹੈ। ਇਸ ਸੂਚਨਾ ਦੇ ਆਧਾਰ ਉੱਤੇ ਪੁਲੀਸ ਨੇ ਛਾਪਾ ਮਾਰਿਆ ਅਤੇ ਦੋਵਾਂ ਨੂੰ ਮੁਕਤ ਕਰਵਾਇਆ। ਪੁਲੀਸ ਮੁਤਾਬਕ ਮੁੱਢਲੀ ਜਾਂਚ ’ਚ ਪਤਾ ਲੱਗਿਆ ਹੈ ਕਿ ਉਕਤ ਦਿਲਬਾਗ ਸਿੰਘ ਦਾ ਆਪਣੀ ਕਿਰਾਏਦਾਰ ਮਹਿਲਾ ਜਸਵੀਰ ਕੌਰ ਵਾਸੀ ਨੂਰਪੁਰ ਹਕੀਮਾਂ ਨਾਲ ਝਗੜਾ ਚੱਲਦਾ ਹੈ। ਹੌਲਦਾਰ ਦਲਬੀਰ ਸਿੰਘ ਤੇ ਉਸ ਦਾ ਸਾਥੀ ਦਰਸ਼ਨ ਸਿੰਘ ਰਾਤ ਕਰੀਬ 8 ਵਜੇ ਇਸ ਮਹਿਲਾ ਦੇ ਘਰ ਬੈਠ ਕੇ ਸ਼ਰਾਬ ਪੀ ਰਹੇ ਸਨ। ਇਸ ਦੌਰਾਨ ਰੋਹ ’ਚ ਆਏ ਲੋਕਾਂ ਨੇ ਉਨ੍ਹਾਂ ’ਤੇ ਨਸ਼ਾ ਤਸਕਰੀ ਦੇ ਦੋਸ਼ ਲਾਉਂਦਿਆਂ ਉਨ੍ਹਾਂ ਨੂੰ ਦਰੱਖ਼ਤ ਨਾਲ ਬੰਨ੍ਹ ਕੇ ਕੁੱਟ ਮਾਰ ਕੀਤੀ ਅਤੇ ਵੀਡੀਓ ਵੀ ਬਣਾਈ, ਜੋ ਪੁਲੀਸ ਨੇ ਕਬਜ਼ੇ ’ਚ ਲਈ ਹੈ। ਪੁਲੀਸ ਮੁਤਾਬਕ ਥਾਣਾ ਧਰਮਕੋਟ ’ਚ ਤਾਇਨਾਤ ਹੌਲਦਾਰ ਦਲਬੀਰ ਸਿੰਘ ਅਤੇ ਦਰਸ਼ਨ ਸਿੰਘ ਵਾਸੀ ਰੇੜਵਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 354/451/506/323/34 ਤਹਿਤ ਐਫ਼ਆਈਆਰ ਦਰਜ ਕੀਤੀ ਗਈ ਹੈ। ਉਨ੍ਹਾਂ ਉੱਤੇ ਦੋਸ਼ ਹੈ ਕਿ ਉਨ੍ਹਾਂ ਨੇ ਦਿਲਬਾਗ ਸਿੰਘ ਦੇ ਘਰ ’ਚ ਦਾਖ਼ਲ ਹੋ ਕੇ ਔਰਤਾਂ ਦੀ ਕੁੱਟਮਾਰ ਅਤੇ ਖਿੱਚ-ਧੂਹ ਕੀਤੀ। ਦੂਜੇ ਪਾਸੇ ਹੌਲਦਾਰ ਦਲਬੀਰ ਸਿੰਘ ਦੀ ਸ਼ਿਕਾਇਤ ਉੱਤੇ ਦਿਲਬਾਗ ਸਿੰਘ ਅਤੇ ਉਸ ਦੇ ਦੋ ਪੁੱਤਰਾਂ ਗੁਰਦੇਵ ਸਿੰਘ ਤੇ ਮਨਪ੍ਰੀਤ ਸਿੰਘ ਸਣੇ ਕੁਝ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 379/342/353/186/323/148/149 ਤਹਿਤ ਕੇਸ ਦਰਜ ਕਰਕੇ ਪੁਲੀਸ ਨੇ ਦਿਲਬਾਗ ਸਿੰਘ ਤੇ ਮਨਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਮੁਤਾਬਕ ਹੌਲਦਾਰ ਦਾ ਦੋਸ਼ ਹੈ ਕਿ ਉਹ ਦਰਖ਼ਾਸਤ ਨੋਟ ਕਰਵਾਉਣ ਲਈ ਦਿਲਬਾਗ ਸਿੰਘ ਦੇ ਘਰ ਸਹਮਣੇ ਪੁੱਜਿਆ ਤਾਂ ਉਨ੍ਹਾਂ ਨੇ ਉਸ ਦੇ ਮੋਟਰਸਾਈਕਲ ਦੀ ਚਾਬੀ ਕੱਢ ਲਈ। ਉਨ੍ਹਾਂ ਨੇ ਉਸ ਨੂੰ ਜਬਰੀ ਖਿੱਚ ਕੇ ਘਰ ਦੇ ਅੰਦਰ ਲਿਜਾ ਕੇ ਦਰੱਖਤ ਨਾਲ ਬੰਨ੍ਹ ਕੇ ਉਸ ਦੀ ਕੁੱਟ ਮਾਰ ਕੀਤੀ। ਉਨ੍ਹਾਂ ਨੇ ਉਸ ਦੀ ਵਰਦੀ ਪਾੜ ਦਿੱਤੀ ਅਤੇ ਉਸ ਦਾ ਪਰਸ ਵੀ ਕੱਢ ਲਿਆ, ਜਿਸ ਵਿੱਚ 7 ਹਜ਼ਾਰ ਰੁਪਏ ਸਨ।

Previous articleਅਮਰੀਕਾ ਵਿੱਚ ਬਜ਼ੁਰਗ ਸਿੱਖ ਦੀ ਚਾਕੂ ਮਾਰ ਕੇ ਹੱਤਿਆ
Next articleਮੈਡੀਕਲ ਸਟੋਰ ਦੇ ਮਾਲਕ ਕੋਲੋਂ ਨਸ਼ੀਲੇ ਪਦਾਰਥ ਤੇ 90 ਲੱਖ ਦੀ ਡਰੱਗ ਮਨੀ ਬਰਾਮਦ