ਜੇਐੱਨਯੂ ਦੇਸ਼-ਧ੍ਰੋਹ ਕੇਸ: ਕੇਜਰੀਵਾਲ ਸਰਕਾਰ ਨੇ ਕਨ੍ਹੱਈਆ ਤੋਂ ਪੁੱਛਗਿੱਛ ਬਾਰੇ ਨਹੀਂ ਲਿਆ ਫ਼ੈਸਲਾ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ਉਨ੍ਹਾਂ ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਵਿਦਿਆਰਥੀ ਯੂਨੀਅਨ ਦੇ ਸਾਬਕਾ ਪ੍ਰਧਾਨ ਕਨ੍ਹੱਈਆ ਕੁਮਾਰ ਤੇ ਹੋਰਨਾਂ ਤੋਂ ਦੇਸ਼-ਧਰੋਹ ਮਾਮਲੇ ਵਿੱਚ ਪੁੱਛ-ਪੜਤਾਲ ਕਰਨ ਦੀ ਇਜਾਜ਼ਤ ਦੇਣ ਸਬੰਧੀ ਅਜੇ ਕੋਈ ਫ਼ੈਸਲਾ ਨਹੀਂ ਲਿਆ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ ਦਾ ਗ੍ਰਹਿ ਵਿਭਾਗ ਇਸ ਮਾਮਲੇ ’ਚ ਹੁਣ ਤੱਕ ਇਕੱਤਰ ਜਾਣਕਾਰੀ ’ਤੇ ਗੌਰ ਕਰਨ ਮਗਰੋਂ ਇਸ ਸਬੰਧੀ ਢੁੱਕਵਾਂ ਫੈਸਲਾ ਲਏਗਾ। ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਕੇਸ ਵਿੱਚ ‘ਆਪ’ ਸਰਕਾਰ ’ਤੇ ਕਿਸੇ ਤਰ੍ਹਾਂ ਦਾ ਦਬਾਅ ਨਹੀਂ ਹੈ ਤੇ ਨਾ ਹੀ ਸਰਕਾਰ ਵੱਲੋਂ ਕੋਈ ਸਿਆਸੀ ਦਖ਼ਲ ਦਿੱਤਾ ਜਾ ਰਿਹੈ। ਸਰਕਾਰ ਵੱਲੋਂ ਇਸ ਮਾਮਲੇ ’ਚ ਪੁੱਛ-ਪੜਤਾਲ ਲਈ ਪ੍ਰਵਾਨਗੀ ਦੇਣ ਸਬੰਧੀ ਰਿਪੋਰਟਾਂ ਨੂੰ ਉਨ੍ਹਾਂ ਮਹਿਜ਼ ‘ਅਫ਼ਵਾਹ’ ਕਰਾਰ ਦਿੱਤਾ। ਚੇਤੇ ਰਹੇ ਕਿ ਪੁਲੀਸ ਨੇ ਇਸ ਮਾਮਲੇ ਵਿੱਚ ਕੁਮਾਰ ਸਮੇਤ ਹੋਰਨਾਂ ਤੋਂ ਪੁੱਛ-ਪੜਤਾਲ ਲਈ ਦਿੱਲੀ ਸਰਕਾਰ ਤੋਂ ਪ੍ਰਵਾਨਗੀ ਮੰਗੀ ਹੈ। ਕਨ੍ਹੱਈਆ ਕੁਮਾਰ ਤੇ ਹੋਰਨਾਂ ’ਤੇ ਦੋਸ਼ ਹੈ ਕਿ 9 ਫਰਵਰੀ 2016 ਨੂੰ ਜੇਐੱਨਯੂ ਕੈਂਪਸ ਵਿੱਚ ਇਕ ਇਕੱਠ ਦੀ ਅਗਵਾਈ ਕਰਦਿਆਂ ਉਨ੍ਹਾਂ ਦੇਸ਼ ਵਿਰੋਧੀ ਨਾਅਰੇ ਲਾਏ। ਪੁਲੀਸ ਵੱਲੋਂ ਇਸ ਸਾਲ 14 ਜਨਵਰੀ ਨੂੰ ਇਸ ਸਬੰਧ ਵਿੱਚ ਅਦਾਲਤ ’ਚ ਚਾਰਜਸ਼ੀਟ ਦਾਇਰ ਕੀਤੀ ਗਈ ਸੀ।

Previous articleਸੇਰੇਨਾ ਦੀਆਂ ਨਜ਼ਰਾਂ ਰਿਕਾਰਡ ਦੀ ਬਰਾਬਰੀ ’ਤੇ
Next articleਚੰਡੀਗੜ੍ਹ-ਕੋਚੁਵੱਲੀ ਐਕਸਪ੍ਰੈੱਸ ’ਚ ਅੱਗ ਲੱਗੀ