ਮੈਡੀਕਲ ਸਟੋਰ ਦੇ ਮਾਲਕ ਕੋਲੋਂ ਨਸ਼ੀਲੇ ਪਦਾਰਥ ਤੇ 90 ਲੱਖ ਦੀ ਡਰੱਗ ਮਨੀ ਬਰਾਮਦ

ਫ਼ਰੀਦਕੋਟ ਪੁਲੀਸ ਨੇ ਇੱਥੋਂ ਦੀ ਫਰੈਂਡਜ਼ ਮੈਡੀਕਲ ਏਜੰਸੀ ਦੇ ਮਾਲਕ ਦੇ ਘਰ ਅਤੇ ਦੁਕਾਨ ’ਤੇ ਛਾਪਾ ਮਾਰ ਕੇ 70 ਹਜ਼ਾਰ ਦੇ ਕਰੀਬ ਨਸ਼ੀਲੀਆਂ ਗੋਲੀਆਂ, ਟੀਕੇ ਅਤੇ ਸ਼ੀਸ਼ੀਆਂ ਬਰਾਮਦ ਕੀਤੀਆਂ ਹਨ। ਪੁਲੀਸ ਨੇ ਛਾਪੇ ਦੌਰਾਨ 90 ਲੱਖ ਰੁਪਏ ਦੀ ਡਰੱਗ ਮਨੀ (ਨਕਦੀ) ਅਤੇ 89 ਗ੍ਰਾਮ ਸੋਨਾ ਵੀ ਬਰਾਮਦ ਕੀਤਾ ਹੈ।
ਜ਼ਿਲ੍ਹਾ ਪੁਲੀਸ ਮੁਖੀ ਰਾਜ ਬਚਨ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਫਰੈਂਡਜ਼ ਮੈਡੀਕਲ ਏਜੰਸੀ ਦੇ ਮਾਲਕ ਰਾਜੇਸ਼ ਕੁਮਾਰ ਖ਼ਿਲਾਫ਼ ਨਸ਼ਾ ਤਸਕਰੀ ਦੇ ਪਹਿਲਾਂ ਵੀ ਚਾਰ ਕੇਸ ਦਰਜ ਹਨ। ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਮੈਡੀਕਲ ਸਟੋਰ ਮਾਲਕ ਨਸ਼ੀਲੀਆਂ ਗੋਲੀਆਂ ਵੇਚਦਾ ਹੈ। ਇਸ ’ਤੇ ਪੁਲੀਸ ਟੀਮ ਨੇ ਮੈਡੀਕਲ ਸਟੋਰ ਅਤੇ ਇਸ ਦੇ ਸੰਚਾਲਕ ਦੇ ਘਰ ਦੀ ਤਲਾਸ਼ੀ ਲਈ ਤਾਂ 90 ਲੱਖ ਰੁਪਏ ਨਕਦ (ਡਰੱਗ ਮਨੀ), ਨੋਟ ਗਿਣਨ ਵਾਲੀ ਮਸ਼ੀਨ, ਕਰੀਬ 70 ਹਜ਼ਾਰ ਨਸ਼ੀਲੀਆਂ ਗੋਲੀਆਂ ਤੇ ਟੀਕੇ ਬਰਾਮਦ ਹੋਏ।
ਐੱਸਐੱਸਪੀ ਨੇ ਕਿਹਾ ਕਿ ਡਰੱਗ ਮਨੀ ਬਰਾਮਦ ਹੋਣ ਤੋਂ ਬਾਅਦ ਆਮਦਨ ਕਰ ਵਿਭਾਗ ਨੂੰ ਵੀ ਇਸ ਦੀ ਸੂਚਨਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੁਲੀਸ ਪੜਤਾਲ ਕਰ ਰਹੀ ਹੈ ਕਿ ਇਸ ਮੈਡੀਕਲ ਸਟੋਰ ਵਿਚ ਇੰਨੀ ਵੱਡੀ ਮਾਤਰਾ ਵਿਚ ਨਸ਼ਾ ਕਿੱਥੋਂ ਆ ਰਿਹਾ ਸੀ ਅਤੇ ਇਹ ਮੈਡੀਕਲ ਸਟੋਰ ਅੱਗੇ ਕਿਹੜੇ ਲੋਕਾਂ ਨੂੰ ਨਸ਼ਾ ਸਪਲਾਈ ਕਰਦਾ ਸੀ।
ਪੁਲੀਸ ਨੇ ਮੈਡੀਕਲ ਸਟੋਰ ਦੇ ਸੰਚਾਲਕ ਰਾਜੇਸ਼ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਦਾ ਪੁਲੀਸ ਰਿਮਾਂਡ ਦਿੱਤਾ ਅਤੇ ਬਰਾਮਦ ਕੀਤੀ ਗਈ ਡਰੱਗ ਮਨੀ ਨੂੰ ਸਰਕਾਰੀ ਖ਼ਜ਼ਾਨੇ ਅਤੇ ਨਸ਼ੀਲੀਆਂ ਗੋਲੀਆਂ ਨੂੰ ਥਾਣਾ ਮਾਲਖਾਨਾ ਵਿਚ ਜਮ੍ਹਾਂ ਕਰਵਾਉਣ ਦੀ ਹਦਾਇਤ ਕੀਤੀ ਹੈ।

Previous articleਲੋਕਾਂ ਨੇ ਹੌਲਦਾਰ ਤੇ ਸਾਥੀ ਨੂੰ ਦਰੱਖ਼ਤ ਨਾਲ ਬੰਨ੍ਹ ਕੇ ਕੁੱਟਿਆ
Next articleIndian, Pak officials to meet on Friday over Kartarpur