ਚੰਡੀਗੜ੍ਹ, 19 ਜੁਲਾਈ, 2020 (ਸਮਾਜਵੀਕਲੀ) : ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ ਪੀ ਸਿੰਘ ਬਦਨੌਰ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਨੇ ਪ੍ਰਸ਼ਾਸਨ ਨਾਲ ਸਹਿਯੋਗ ਨਾ ਕੀਤਾ ਅਤੇ ਕੋਰੋਨਾ ਸਬੰਧੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਾ ਕੀਤੀ ਤਾਂ ਫਿਰ ਸ਼ਹਿਰ ਵਿਚ ਮੁੜ ਕਰਫਿਊ ਲੱਗ ਸਕਦਾ ਹੈ।
ਉਹਨਾਂ ਨੇ ਰੋਜ਼ਾਨਾ ਵਾਰ ਰੂਮ ਵਿਚ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਇਹ ਚੇਤਾਵਨੀ ਦਿੱਤੀ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਉਹਨਾਂ ਦੇ ਸਲਾਹਕਾਰ ਮਨੋਜ ਪਰੀਦਾ ਤੇ ਹੋਰ ਉਚ ਅਧਿਕਾਰੀ ਸ਼ਾਮਲ ਸਨ।
ਮੀਟਿੰਗ ਵਿਚ ਪੀ ਜੀ ਆਈ ਦੇ ਡਾਇਰੈਕਟਰ ਡਾ. ਜਗਤ ਰਾਮ, ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਦੇ ਡਾਇਰੈਕਟਰ ਡਾ. ਬੀ ਐਸ ਚਵਾਨ, ਡਾਇਰੈਕਟਰ ਹੈਲਕ ਸਰਵਿਸਿਜ਼ ਡਾ ਜੀ ਦੀਵਾਨ ਨੇ ਕੋਰੋਨਾ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ। ਡਿਪਟੀ ਕਮਿਸ਼ਨਰ ਮੁਹਾਲੀ, ਡਿਪਟੀ ਕਮਿਸ਼ਨਰ ਪੰਚਕੁਲਾ ਤੇ ਡਿਪਟੀ ਕਮਿਸ਼ਨਰ ਚੰਡੀਗੜ੍ਹ ਨੇ ਵੀ ਕੋਰੋਨਾ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ।
ਸ਼ਾਸਕ ਨੇ ਕੇਸਾਂ ਦੀ ਗਿਣਤੀ ਵਧਣ ‘ਤ ਚਿੰਤਾ ਪ੍ਰਗਟ ਕਰਦਿਆਂ ਲੋਕਾਂ ਨੂੰ ਕੋਰੋਨਾ ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਵੀ ਅਪੀਲ ਕੀਤੀ ਤੇ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖਣ ਤੇ ਘਰਾਂ ਵਿਚ ਰਹਿਣ ਦੀ ਵੀ ਅਪੀਲ ਕੀਤੀ ਤੇ ਨਾਲ ਹੀ ਕਿਹਾ ਕਿ ਜੇਕਰ ਲੋਕਾਂ ਨੇ ਅਪੀਲ ਨਾ ਮੰਨੀ ਤੇ ਨਿਯਮਾਂ ਦੀ ਪਾਲਣਾ ਨਾ ਕੀਤੀ ਤਾਂ ਫਿਰ ਸ਼ਹਿਰ ਵਿਚ ਮੁੜ ਕਰਫਿਊ ਲਗਾਇਆ ਜਾ ਸਕਦਾ ਹੈ।