ਲੋਈ

ਅਸ਼ੀਸ਼ ਬਜਾਜ

(ਸਮਾਜ ਵੀਕਲੀ)

ਅੱਜ ਜੀਤ ਸਿੰਘ ਦੇ ਵੱਡੇ ਭਰਾ, ਬੀਰੂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਏ, ਜਿਸ ਕਾਰਣ ਘਰ ਦਾ ਮਹੌਲ ਕੁਝ ਗਮਗੀਨ ਏ, ਘਰ ਵਿੱਚ ਰਿਸ਼ਤੇਦਾਰਾਂ, ਗੁਆਂਢੀਆਂ, ਦੋਸਤਾਂ, ਮਿੱਤਰਾਂ, ਸਕੇ-ਸਬੰਧੀਆਂ ਦਾ ਆਓਣ ਜਾਣ ਲੱਗਾ ਹੋਇਆ ਏ, ਘਰ ਦੇ ਵਿਹੜੇ ਵਿੱਚ ਸੱਥਰ ਵਿਛਿਆ ਏ, ਜੀਤ ਸਿੰਘ ਵਿਹੜੇ ਵਿੱਚ ਵਿਛੀ ਦਰੀ ਤੇ ਬੈਠਾ ਏ, ਆਉਣ ਜਾਣ ਵਾਲੇ ਹੱਥ ਜੋੜ ਜੀਤ ਨੂੰ ਮਿਲਦੇ, ਬੈਠਦੇ , ਦੁੱਖ ਸਾਝਾਂ ਕਰਦੇ  , ਉਸ ਦੇ ਭਰਾ ਬੀਰੂ ਬਾਰੇ ਕੁਝ ਗੱਲਾਂ ਕਰਦੇ ਅਤੇ ਦੁੱਖ ਵਿੱਚ ਸ਼ਰੀਕ ਹੋ ਕੁਝ ਸਮਾਂ ਬੈਠਦੇ ਫ਼ੇਰ ਚਲੇ ਜਾਂਦੇ ,  ਜੀਤ ਵੀ ਹੱਥ ਜੋੜ ਲੋਕਾਂ ਨੂੰ ਵਿਦਾ ਕਰਦਾ, ਬੀਰੂ ਆਪਣੇ ਭਰਾ ਦੀਆਂ ਸਿਫ਼ਤਾ ਕਰਦਾ ਕਰਦਾ ਭਾਵੁਕ ਹੋ ਜਾਂਦਾ, ਉੱਚੀ ਉੱਚੀ ਰੋਦਾਂ, ਲੋਕੀ ਉਸ ਨੂੰ ਪਾਣੀ ਪਿਲਾਉਂਦੇ…ਅਤੇ ਚੁੱਪ ਕਰਾਓਦੇਂ… ਓਹ ਚੁੱਪ ਕਰਦਾ ਫ਼ੇਰ ਗੱਲਾਂ ਕਰਦਾ…..
ਵੀਰ ਹੀ ਨਾਲ ਤਾਂ ਬਹੁਤ ਪਿਆਰ ਸੀ ਮੇਰਾ” …..
ਬਾਪੂ ਜੀ ਤੋਂ ਬਾਅਦ ਉਨ੍ਹਾਂ ਨੇ ਹੀ ਮੈਨੂੰ ਸਾਭਿਆ, ਮੈਨੂੰ ਪੜਾਇਆ ਲਿਖਾਇਆ”….. “ਉਨ੍ਹਾਂ ਵਰਗਾ ਇਨਸਾਨ ਨਹੀਂ ਬਣ ਸਕਦਾ ਕੋਈ”….”ਇਨਸਾਨੀਅਤ ਦੀ ਮਿਸਾਲ ਸੀ ਮੇਰਾ ਵੀਰ ਬੀਰੂ”….. ਹਾਏ ਓ ਰੱਬਾ….. ” ਨਹੀਂ ਦੇ ਸਕਦਾ ਮੈਂ ਉਸ ਦਾ ਦੇਣਾ…. ਮੁੜ ਆ ਮੇਰਿਆ ਵੀਰਿਆ.. ” ਮਕਾਨ ਬਨਾਉਣ ਲੱਗਿਆ ਮੈਨੂੰ ਸੱਤ ਲੱਖ ਰੁਪਏ ਦਿੱਤੇ ਸਨ…” ਕਹਿੰਦਾ ਸੀ “ਲੋਨ ਨਹੀਂ ਲੈਣਾ ਤੂੰ , ਜਦ ਤੀਕ ਮੈਂ ਬੈਠਾ ਹਾਂ ” …… ਰੌਣ ਦੀ ਆਵਾਜ਼ ਆਓਦੀਂ…. ਹਾਏ ਵੇ ਮੇਰਿਆ ਭਰਾਵਾ…..।
ਵਿੱਚੋਂ ਸਮਾਂ ਮਿਲਦੇ ਹੀ ਜੀਤ ਸੱਥਰ ਤੇ ਬੈਠਾ ਕੁਝ ਫੋਨ ਕਾਲ ਵੀ ਕਰ ਲੈਂਦਾ,
(ਪਹਿਲੀ ਕਾਲ)
ਹੈਲੋ….
ਓਹ ਭਿੰਦੀ….ਓਹ ਮੈਂ….ਬੋਲਦਾ ਮੈਂ…..
ਹਾਂ ਜੀ ਬਾਪੂ ਜੀ
ਪੁੱਤਰ ਤੇਰਾ ਤਾਇਆ ….!!!…….ਤਾਇਆ ਪੂਰਾ ਹੋ ਗਿਆ ….
!!……ਹਾਏ….. ਕੀ. ….ਇਹ ਕਿਵੇਂ ਹੋ ਗਿਆ, ਬਾਪੂ ਜੀ?
ਹਾਏ ਤਾਇਆ ਜੀ  ….. ਕੀ ਹੋ ਗਿਆ ਸੀ ਉਨ੍ਹਾਂ ਨੂੰ
ਕਿਵੇਂ ਹੋ ਗਿਆ? ?
ਪੁੱਤਰ……ਰਾਤ ਅਟੈਕ ਆ ਗਿਆ ਸੀ
ਪੁੱਤਰ ਬਿਮਾਰ ਤਾਂ ਪਹਿਲਾਂ ਤੋਂ ਹੀ ਚਲਦੇ ਪਏ ਸੀ
ਚੰਗੇ ਭਲੇ ਦਾਲ ਫੁਲਕਾ ਖਾਦਾ ਏ… ਬਸ  ਰਾਤ 11ਵਜੇ ਦਰਦ ਹੋਇਆ ਸੀ…..
ਹੌਸਲਾ ਰੱਖ ਪੁੱਤ
ਤੂੰ ਇੰਜ ਕਰੀ ਪੁੱਤਰ ਸੰਸਕਾਰ ਤੇ ਪਹੁੰਚ ਜਾਵੀਂ
ਦੁਪਹਿਰੇ ਇੱਕ ਵਜੇ
ਅੱਛਾ ਜੀ

(ਦੂਜੀ ਕਾਲ)
ਹੈਲੋ
ਓਹ  …. ਭਿੰਦੀ
ਤੂੰ ਚੱਲ ਪਿਆ
ਹਾਂ ਜੀ
ਬੱਸ ਆ ਗਿਆ ਪੰਜ ਮਿੰਟਾਂ ਵਿੱਚ
ਇੰਜ ਕਰੀ ਆਉਂਦਾ ਹੋਇਆ ਇੱਕ ਨਵੀਂ ਲੋਈ ਲੈਦਾਂ ਆਈ
ਤੇਰੇ ਤਾਏ ਤੇ ਪਾਵਾ ਗੇ ਪੁੱਤਰ
ਲੈ ਲਵੀਂ ਲੋਈ ……ਸਸਤੀ ਜਿਹੀ….. ਹਾਂ

(ਤੀਜੀ ਕਾਲ)
ਹਾਂ….. ਭਿੰਦੀ
ਲੈ ਲਈ ਸੀ ਲੋਈ
ਰੰਗ ਨੂੰ ਕੀ ਹੈ…… ਜਿਹੜਾ ਮਿਲੇ,…. ਲੈ ਲਵੀਂ
ਸਸਤੀ ਜਿਹੀ ਲੈ ਲੈ
ਲੈ ਆ ਜਲਦੀ

(ਚੌਥੀ ਕਾਲ)
ਓਹ ਭਿੰਦੀ
ਤੂੰ ਕਿੱਥੇ ਰਹਿ ਗਿਆ
ਕੀ 350 ਰੁਪਏ ਦੀ ਲੋਈ
ਓਹਨੂੰ ਕਹਿ ਕੋਈ ਸਸਤੀ ਵਿਖਾ……
350 ਰੁਪਏ ..ਏਸ ਨੇ ਤਾਂ ਲੁੱਟ ਮਚਾ ਰੱਖੀ ਏ
ਤੂੰ ਇੰਜ ਕਰ
ਅਗਰਵਾਲ ਵਾਲਿਆਂ ਤੋਂ ਲਿਆ
ਮੇਰੀ ਗੱਲ ਕਰਵਾ ਦੇਵੀਂ ਜਾ ਕੇ ….ਅਗਰਵਾਲ ਨਾਲ
ਜਲਦੀ ਕਰ ਪੁੱਤਰ ….. ਜਲਦੀ ਕਰ …. ਤੂੰ ਮੋਢਾ ਵੀ ਦੇਣਾ ਏ ਤਾਏ ਨੂੰ… ਜਲਦੀ ਕਰ

(ਪੰਜਵੀਂ ਕਾਲ)
ਓ ਭਿੰਦੀ… ਆ ਜਾ ਹੁਣ
ਕੀ 340 ਰੁਪਏ ਮੰਗਦੈ ਲੋਈ ਦੇ
ਏਸ ਨੂੰ ਕਹਿ ,  ਵੇਖ ਕੇ ਲਾ ਰੇਟ
ਮੇਰੀ ਗੱਲ ਕਰਵਾ
ਓ… ਅਗਰਵਾਲ ਸਾਬ .. ਵੇਖ ਕੇ ਲਾਓ, ਕੋਈ ਪਹਿਲੀ ਵਾਰ ਥੋੜਾ ਆਏ ਹਾਂ ਤੁਹਾਡੀ ਦੁਕਾਨ ਤੇ……. ਗਾਹਕ ਬਨਾਉਣ ਵਾਲੀ ਗੱਲ ਕਰੀ ਦੀ ਏ….. ਫ਼ੇਰ ਵੀ ਆਉਂਦੇ ਰਹਿਣਾ ਏ ਲੋਈ ਲੈਣ…. ਕੋਈ ਨੀ 320 ਰੁਪਏ ਲੈ ਲਵੋ।
.ਕਰਾਓ ਮੁੰਡੇ  ਨਾਲ ਮੇਰੀ ਗੱਲ
ਭਿੰਦੀ 320 ਰੁਪਏ ਦੇ ਦੇ ਪੁੱਤਰ
ਥੋੜਾ ਜਲਦੀ ਕਰ……
ਤੂੰ ਏਦਾਂ ਕਰੀ ਸਿੱਧਾ ਸ਼ਮਸ਼ਾਨ ਹੀ ਆ ਜਾ
ਅਸੀਂ ਘਰੋਂ ਚੱਲ ਪਏ ਹਾਂ
ਕੋਈ ਨੀ ਮੋਢਾ ਤੇਰਾ ਓਥੇ ਹੀ ਲਵਾ ਦਿਆਂ ਗੇ
ਆ ਜਾ ਆ ਜਾ ਜਲਦੀ ਲੋਈ ਲੈਕੇ ਪਹੁੰਚ

( ਛੇਵੀਂ ਕਾਲ)
ਓਹ ਭਿੰਦੀ…. ਕਿਥੇ ਮਰ ਗਿਆ ਤੂੰ….. ਅਪੜਿਆ ਨੀ ਅਜੇ
ਕੀ  ਕੀ 330 ਮੰਗਦੈ ਲੋਈ ਦੇ
ਤੂੰ 325 ਦੇ ਦੇ     , ਬਾਕੀ ਮੈਂ ਬਾਅਦ ਵਿੱਚ ਕਰ ਲਵਾਂਗਾ
ਤੂੰ ਜਲਦੀ ਕਰ ਪੁੱਤਰ
ਤਾਏ ਨੂੰ ਦਾਗ ਤੂੰ  ਹੀ ਦੇਣੀ ਏ ਪੁੱਤਰ
ਜਲਦੀ ਕਰ ਪੁੱਤਰ , ਲੋਈ ਲੈ ਕੇ ਪਹੁੰਚ
ਆ ਗਿਆ ਜੀ ਆ ਗਿਆ

(ਸੱਤਵੀਂ ਕਾਲ)
ਓ ਭਿੰਦਿਆ
…. ਆ ਜਾ, ਆ ਜਾ ….ਬਸ ਰਹਿਨ ਦੇ ਲੋਈ,
ਤਾਏ ਨੂੰ ਤਾਂ ਚਿਖਾ ਤੇ ਰੱਖ ਲਿਆ ਏ ਪੁੱਤਰ
ਸਰ ਗਿਆ ਪੁੱਤਰ.. ਲੋਈ ਰਹਿਣ ਦੇ
….. ਆ ਜਾ ਜਲਦੀ
ਲੋਈ ਦਾ ਕੀ ਕਰਾਂ ….ਫੇਰ ਬਾਪੂ ਜੀ
ਰਹਿਣ ਦੇ ਪੁੱਤਰ, ਲੋਈ ਤਾਂ ਰਹਿਣ ਦੇ
ਵਾਪਿਸ ਕਰ ਆ
ਤਾਏ ਤੇਰੇ ਨੂੰ ਦਾਗ ਦੇਣ ਲੱਗੇ ਨੇ ਪੁੱਤਰ
ਤੂੰ ਆ ਜਾ ਜਲਦੀ
ਮੱਥਾ ਟੇਕ ਲੈ ਪੁੱਤਰ
ਆ ਜਾ ਜਲਦੀ
…… ਹਾਏ ਮੇਰਾ ਵੀਰ… ਬੀਰੂ ਮੈਨੂੰ ਛੱਡ ਗਿਆ ਓਏ
ਹਾਏ… ਮੇਰਾ ਵੀਰ
(( ਰਿਸ਼ਤੇਦਾਰਾਂ ਨੇ ਬੀਰੂ  ਦੀ ਚਿਖਾ ਨੂੰ ਦਾਗ ਦਿੱਤੀ ))
ਜੀਤ ਨੂੰ ਚੁੱਪ ਕਰਵਾਇਆ
ਸਭ ਨੀਲੀ ਛੱਤਰੀ ਵਾਲੇ ਦੇ ਰੰਗ ਨੇ ਜੀਤ ਸਿਆਂ
ਸਭ ਓਸ ਦੀ ਮਰਜ਼ੀ
ਓਹਦੇ ਅੱਗੇ ਕਾਹਦਾ ਜੋਰ
ਚੱਲ ਘਰ ਚਲ ਜੀਤਿਆ
(… ਸ਼ਮਸ਼ਾਨ ਦੇ ਬਾਹਰ ਭਿੰਦੀ ਹਫਿਆ ਹੋਇਆ ਪਹੁਚਿਆ)
ਓ… ਭਿੰਦਿਆ  … ਤੇਰਾ ਤਾਇਆ , ਮੇਰਾ ਵੀਰ
…..ਛੱਡ ਗਿਆ ਸਾਨੂੰ…..ਹਾਏ ਓ ਰੱਬਾ
ਮੇਰਾ ਵੀਰ
ਮੇਰਾ ਸਭ ਕੁਝ
ਮੈਨੂੰ ਕੱਲਿਆਂ ਛੱਡ ਗਿਆ
ਹਾਏ ਓ ਰੱਬਾ
ਆ ਜਾ ਭਿੰਦਿਆ , ਦਾਗ ਦੇ ਦਿੱਤੀ ਏ ਤੇਰੇ ਤਾਇਆ ਜੀ ਨੂੰ , ਪੁੱਤਰ
ਕੋਈ ਨੀ ਭੋਗ ਤੇ ਮੱਥਾ ਟੇਕ ਲਵੀਂ ਪੁੱਤਰਾ
ਹਾਏ ਓ ਰੱਬਾ
ਮੇਰਾ ਵੀਰ

ਅਸ਼ੀਸ਼ ਬਜਾਜ
9872656002

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇਲਾਕੇ ਦੇ ਪਿੰਡਾਂ ‘ਚ ਕਣਕ ਦੇ ਬਚੇ ਹੋਏ ਨਾੜ ਨੂੰ ਅੱਗ ਲਗਾਉਣਾ ਬਾਦਸਤੂਰ ਜਾਰੀ
Next articleਪੀਂਘਾਂ ਸੋਚ ਦੀਆਂ ਸਾਹਿਤ ਮੰਚ ਵੱਲੋਂ ਕਵਿਤਾ ਮੁਕਾਬਲਾ ਕਰਵਾਇਆ ਗਿਆ ਅਯਾਲੀ ਖੁਰਦ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਵਿਖੇ ਅਤੇ ਕਵਿਤਾ ਮੁਕਾਬਲੇ ਨੂੰ ਸਪਾਂਸਰ ਕੀਤਾ ਯੂਕੋ ਬੈਂਕ ਹਬੜਕਲਾਂ ਬ੍ਰਾਂਚ ਵੱਲੋਂ ਇਸ ਕਵਿਤਾ ਮੁਕਾਬਲੇ ਦਾ ਜੋ ਆਕਰਸ਼ਣ ਦਾ ਕੇਂਦਰ ਸੀ, ਉਹ ਸੀ ਅਯਾਲੀ ਖੁਰਦ ਸਕੂਲ, ਸਕੂਲ ਦੇ ਅਧਿਆਪਕ ਅਤੇ ਸਕੂਲ ਦੇ ਵਿਦਿਆਰਥੀ