HOME ਸੰਦਲ ਜਾਂ ਚੰਦਨ ਦਾ ਸ਼ਰਬਤ

ਸੰਦਲ ਜਾਂ ਚੰਦਨ ਦਾ ਸ਼ਰਬਤ

ਵੈਦ ਬਲਵਿੰਦਰ ਸਿੰਘ ਢਿੱਲੋ

ਵੈਦ ਦੀ ਕਲਮ ਤੋਂ

  (ਸਮਾਜ ਵੀਕਲੀ)   ਗਰਮੀ ਨੇ ਦਸਤਕ ਦੇ ਦਿੱਤੀ ਹੈ। ਇਹ ਅੱਗੇ ਵਧਦੀ ਹੀ ਜਾਣੀ ਹੈ। ਜਿਉਂ ਜਿਉਂ ਇਹਨੇ ਵਧਣਾ ਤਿਉਂ ਤਿਉਂ ਪਿਆਸ ਨੇ ਸਾਨੂੰ ਪ੍ਰੇਸ਼ਾਨ ਕਰਨਾ। ਫਿਰ ਸਾਡੇ ਯਾਦ ਆਉਂਦੇ ਨੇ ਸ਼ਰਬਤ। ਭਾਵੇਂ ਬਜਾਰ ਵਿਚ ਬਹੁਤ ਚੰਗੇ ਤੇ ਵਧੀਆ ਸ਼ਰਬਤ ਵੀ ਮਿਲਦੇ।ਪਰ ਬਹੁਤ ਗਰੀਬ ਲੋਕਾਂ ਦੀ ਉਹਨਾਂ ਤੱਕ ਪਹੁੰਚ ਨਾ ਹੋਣ ਕਾਰਨ, ਫਿਰ ਸ਼ਰਬਤ ਦੀ ਜਗ੍ਹਾ ਜਹਿਰ ਪਰੋਸਣ ਵਾਲੇ ਵੀ ਤਿਆਰ ਰਹਿੰਦੇ ਨੇ
        ਅੱਜ ਮੈਂ ਜਿਸ ਸ਼ਰਬਤ ਦੀ ਗੱਲ ਕਰਨ ਜਾ ਰਿਹਾ ਹਾਂ,ਇਹ ਸਵਾਦ ਤਾਂ ਬੇਸ਼ਕ ਬਜਾਰੀ ਸ਼ਰਬਤਾਂ ਦੇ ਸਾਹਮਣੇ ਘੱਟ ਹੈ। ਪਰ ਤੁਹਾਡੇ ਲੀਵਰ ਦੀ ਗਰਮੀ ਦੇ ਨਾਲ ਦਿਲ ਅਤੇ ਦਿਮਾਗ ਨੂੰ ਜਿੰਨੀ ਠੰਢ ਇਹ ਪਹੁੰਚਦੀ ਕਰੇਗਾ। ਬਜਾਰ ਦਾ ਕੋਈ ਸ਼ਰਬਤ ਨਹੀਂ ਕਰ ਸਕਦਾ। ਕਿਉਂਕਿ ਬਜਾਰ ਵਾਲੇ ਸ਼ਰਬਤ ਉੱਤੇ ਲਿਖਿਆ ਤਾਂ ਬਹੁਤ ਕੁਛ ਹੁੰਦਾ ਹੈ। ਪਰ ਪਾਇਆ ਉਸ ਮਾਤਰਾ ਵਿਚ ਨਹੀਂ ਹੁੰਦਾ। ਹੁਣ ਜਦ ਆਪਾਂ ਇਹ ਸ਼ਰਬਤ ਬਣਾਉਂਦੇ ਹਾਂ, ਇਹਨੂੰ ਬੇਸ਼ਕ ਦਵਾਈ ਸਮਝ ਕੇ ਇੱਕ ਵਾਰ ਦਿਨ ਵਿਚ ਇਸਤੇਮਾਲ ਕਰ ਲਵੋ। ਬਾਕੀ ਸਮਾ ਦੂਸਰੇ ਸਵਾਦੀ ਵੀ ਪੀ ਸਕਦੇ ਹੋ।
ਬਣਾਉਣ ਲਈ ਸਮਾਂਨ ਤੇ ਵਿਧੀ
ਪੰਜ ਲਿਟਰ ਪਾਣੀ
ਪੰਜ ਕਿਲੋ ਖੰਡ ਮੋਟਾ ਦਾਣਾ।
ਸੌ ਗ੍ਰਾਮ ਚੰਦਨ ਬੂਰ ਜਾ ਚੰਦਨ ਪਾਊਡਰ (ਸਫੈਦ)
 ਪੰਜ ਲਿਟਰ ਪਾਣੀ ਪਤੀਲੇ ਵਿਚ ਪਾਕੇ ਉਬਲਣਾ ਰੱਖ ਦਿਓ। ਥੋੜਾ ਗਰਮ ਹੁੰਦੇ ਹੀ ਖੰਡ ਪਾਉਣੀ ਸ਼ੁਰੂ ਕਰ ਦਿਓ ਤੇ ਕੜਛੀ ਨਾਲ ਹਿਲਾਉਂਦੇ ਰਹੋ। ਜਦ ਤੱਕ ਖੰਡ ਪੂਰੀ ਤਰਾਂ ਘੁਲ ਨਹੀਂ ਜਾਂਦੀ। ਹੁਣ ਖੰਡ ਨੂੰ ਪੂਰੀ ਤਰਾਂ ਉੱਬਲਣ ਦਿਓ, ਜਦ ਤੱਕ ਇਕ ਤਾਰ ਦੀ ਚਾਸ਼ਨੀ ਜਿਹੀ ਨਹੀਂ ਬਣ ਜਾਂਦੀ। ਚਾਸ਼ਨੀ ਨਹੀਂ ਬਣੇਗੀ, ਤਾਂ ਵੀ ਕੋਈ ਗੱਲ ਨਹੀਂ। ਬਸ ਖੰਡ ਉੱਬਲਣੀ ਵਧੀਆ ਚਾਹੀਦੀ ਹੈ। ਜਦ ਖੰਡ ਚੰਗੀ ਤਰਾਂ ਉੱਬਲ ਜਾਵੇ ਤਾਂ ਅੱਗ ਬਿਲਕੁਲ ਮੱਠੀ, ਮੱਧਮ ਕਰ ਦੇਣੀ ਹੈ। ਅੱਗ ਬੰਦ ਵੀ ਕਰ ਸਕਦੇ ਹੋ। ਫਿਰ ਇਸ ਪਾਣੀ ਵਿਚ ਹੌਲੀ ਹੌਲੀ ਚੰਦਨ ਪਾਊਡਰ ਮਿਲਾਉਣਾ ਹੈ। ਧਿਆਨ ਰੱਖਣਾ, ਪਾਊਡਰ ਦੀਆਂ ਸੁੱਕੀਆਂ ਗੰਢਾਂ ਜਿਹੀਆਂ ਬਣਨਗੀਆਂ। ਪਰ ਹਿਲਾਉਣ ਨਾਲ ਘੁਲ ਵੀ ਆਸਾਨੀ ਨਾਲ ਹੀ ਜਾਣਗੀਆਂ। ਫਿਰ ਇਸ ਨੂੰ ਮੱਧਮ ਅੱਗ ਤੇ ਹੀ ਸਿਰਫ ਚਾਰ ਪੰਜ ਮਿੰਟ ਹੀ ਉਬਾਲਣ ਹੈ। ਮੈਂ ਇੱਕ ਵਾਰ ਫਿਰ ਕਹਿ ਰਿਹਾ ਹਾਂ, ਕਿ ਇੱਕਦਮ ਉੱਬਲਦੇ ਖੰਡ ਵਾਲੇ ਪਾਣੀ ਵਿਚ ਪਾਊਡਰ ਨਾ ਸੁੱਟ ਦੇਣਾ, ਨਹੀਂ ਤਾਂ ਪੂਰੇ ਦਾ ਪੂਰਾ ਪਾਣੀ ਪਤੀਲੇ ਵਿਚੋਂ ਬਾਹਰ ਹੋਵੇਗਾ। ਅੱਗ ਹੌਲੀ ਕਰਕੇ ਥੋੜਾ ਥੋੜ੍ਹਾ ਪਕਾਉਣਾ ਹੈ। ਸਿਰਫ ਪੰਜ ਮਿੰਟ ਬਹੁਤ ਹੈ।
ਹੁਣ ਇਸਨੂੰ ਥੱਲੇ ਉਤਾਰ ਲਵੋ।ਇੱਕ ਵੱਡੇ ਬੱਠਲ ਜਾ ਪ੍ਰਾਤ ਵਿਚ ਪਾਣੀ ਭਰਕੇ ਇਸਨੂੰ ਰੱਖ ਦਿਓ। ਤਾਂ ਕਿ ਇਹ ਠੰਢਾ ਵੀ ਛੇਤੀ ਹੋ ਸਕੇ ਤੇ ਕੋਈ ਕੀੜੀਆਂ ਵਗੈਰਾ ਇਧਰ ਨਾ ਆਉਣ।
               ਇਸਨੂੰ ਥੱਲੇ ਉਤਾਰ ਕੇ ਬੇਸ਼ਕ ਥੋੜਾ ਥੋੜਾ ਹਿਲਾਉਂਦੇ ਰਹੋ। ਜਦ ਪੂਰਾ ਠੰਢਾ ਹੋ ਜਾਵੇ ਤਾਂ ਇਸਨੂੰ ਇੱਕ ਘੰਟੇ ਲਈ ਬਿਲਕੁਲ ਸ਼ਾਂਤ ਰੱਖ ਦੇਣਾ, ਹਿਲਾਉਣਾ ਨਹੀਂ। ਇਸ ਨਾਲ ਪਾਊਡਰ ਥੱਲੇ ਬੈਠ ਜਾਵੇਗਾ। ਫਿਰ ਇਸਨੂੰ ਹੌਲੀ ਹੌਲੀ ਉੱਪਰੋਂ ਨਿਤਾਰ ਕੇ ਦੂਸਰੇ ਬਰਤਨ ਵਿਚ ਭਰ ਲੈਣਾ ਹੈ ਜਾ ਬੋਤਲਾਂ ਵਿਚ ਸਿੱਧਾ ਭਰ ਲੈਣਾ।
ਥੱਲੇ ਬਚੀ ਹੋਈ ਪਾਊਡਰ ਦੀ ਗਾਦ ਕਿਸੇ ਕੰਮ ਦੀ ਨਹੀਂ ਸੁੱਟ ਦਿਓ ਜਾ ਡੰਗਰਾਂ ਦੇ ਖਾਣੇ ਵਿਚ ਮਿਲਾ ਦਿਓ
ਇਸ ਨੂੰ ਹੋਰ ਸੁਗੰਧਿਤ ਬਣਾਉਣ ਲਈ ਇਸ ਵਿਚ ਇੱਕ ਬੋਤਲ ਸ਼ਰਬਤ ਵੀ ਦੋ ਤਿੰਨ ਬੂੰਦਾ ਬਜਾਰ ਮਿਲਣ ਵਾਲੇ
ਕੇਵੜਾ,ਇਲੈਚੀ ਜਾ ਕਿਸੇ ਵੀ ਹੋਰ ਅਸੈਂਸ ਦੀਆਂ ਮਿਲਾ ਸਕਦੇ। ਹੁਣ ਇਸਨੂੰ ਪਾਣੀ ਵਿਚ ਮਿਲਾ ਕੇ ਸਵਾਦ ਅਨੁਸਾਰ ਦਿਨ ਵਿਚ ਦੋ ਵਾਰ ਪੀਓ। ਗਰਮੀ ਕਿਵੇਂ ਉੱਡਦੀ ਹੈ, ਇਹ ਦੋ ਦਿਨ ਵਿਚ ਹੀ ਪਤਾ ਚੱਲ ਜਾਵੇਗਾ।
ਤੁਹਾਨੂੰ ਵਧੀਆ ਸ਼ਰਬਤ ਦੀ ਇੱਕ ਬੋਤਲ ਸੱਠ ਰੁਪਏ ਤੋਂ ਵੀ ਘੱਟ ਵਿਚ ਘਰ ਤਿਆਰ ਮਿਲ ਰਹੀ ਤਾਂ ਬਜਾਰ ਪੈਸੇ ਕਿਉਂ ਖਰਚਣਾ ? ਉੱਪਰੋਂ ਸਿਹਤ ਲਈ ਬਹੁਤ ਵਧੀਆ।
ਵੈਦ ਬਲਵਿੰਦਰ ਸਿੰਘ ਢਿੱਲੋ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleजाति जनगणना के साथ आर्थिक-सामाजिक जनगणना भी जरूरी – एआईपीएफ
Next articleਵਿਅੰਗ / ਸਾਹਿਤ ਦੀਆਂ ਮੱਛੀਆਂ !