ਲਿਬੀਆ ਵਿੱਚ ਹਵਾਈ ਹਮਲਾ; 40 ਪਰਵਾਸੀ ਹਲਾਕ

ਲਿਬੀਆ ਦੀ ਰਾਜਧਾਨੀ ਵਿੱਚ ਸਥਿਤ ਹਿਰਾਸਤੀ ਕੇਂਦਰ ’ਤੇ ਅੱਜ ਸਵੇਰੇ ਹੋਏ ਹਵਾਈ ਹਮਲੇ ਵਿੱਚ 40 ਪਰਵਾਸੀ ਮਾਰੇ ਗਏ। ਇਹ ਜਾਣਕਾਰੀ ਸਿਹਤ ਮੰਤਰਾਲੇ ਦੇ ਤਰਜਮਾਨ ਮਾਲੇਕ ਮਰਸੇਟ ਨੇ ਦਿੱਤੀ। ਉਸ ਨੇ ਦੱਸਿਆ ਕਿ ਇਸ ਹਵਾਈ ਹਮਲੇ ਦੌਰਾਨ ਤ੍ਰਿਪੋਲੀ ਦੇ ਤਾਜੌਰਾ ਖੇਤਰ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਹਮਲੇ ਵਿੱਚ 80 ਪਰਵਾਸੀ ਜ਼ਖ਼ਮੀ ਵੀ ਹੋਏ ਹਨ। ਮਰਸੇਨ ਨੇ ਐਂਬੂਲੈਂਸਾਂ ਰਾਹੀਂ ਹਸਪਤਾਲ ਲਿਜਾਏ ਜਾ ਰਹੇ ਪਰਵਾਸੀਆਂ ਦੀਆਂ ਫੋਟੋਆਂ ਵੀ ਪੋਸਟ ਕੀਤੀਆਂ ਹਨ।
ਆਨਲਾਈਨ ਚੱਲ ਰਹੀ ਇੱਕ ਫੁਟੇਜ, ਜੋ ਹਮਲੇ ਤੋਂ ਬਾਅਦ ਹਿਰਾਸਤੀ ਕੇਂਦਰ ਦੇ ਅੰਦਰ ਦੇ ਦ੍ਰਿਸ਼ ਦੀ ਦੱਸੀ ਜਾ ਰਹੀ ਹੈ, ਵਿੱਚ ਮਲਬੇ ਅਤੇ ਪਰਵਾਸੀਆਂ ਦੇ ਸਾਮਾਨ ਉੱਪਰ ਡੁੱਲੇ ਖੂਨ ਅਤੇ ਖਿਲਰੇ ਪਏ ਸਰੀਰਕ ਅੰਗਾਂ ਦੀਆਂ ਭਿਆਨਕ ਤਸਵੀਰਾਂ ਦਿਖਾਈ ਦੇ ਰਹੀਆਂ ਹਨ।
ਲਿਬੀਆ ਵਿੱਚ ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਨੇ ਹਿਰਾਸਤੀ ਕੇਂਦਰ ’ਤੇ ਹੋਏ ਇਸ ਹਵਾਈ ਹਮਲੇ ਦੀ ਨਿੰਦਾ ਕੀਤੀ ਹੈ। ਇਸ ਕੇਂਦਰ ਵਿੱਚ ਕਰੀਬ 616 ਪਰਵਾਸੀ ਅਤੇ ਸ਼ਰਨਾਰਥੀ ਰਹਿੰਦੇ ਹਨ।
ਤ੍ਰਿਪੋਲੀ ਦੀ ਸਰਕਾਰ ਨੇ ਇਸ ਹਵਾਈ ਹਮਲਿਆਂ ਲਈ ਲਿਬੀਆ ਦੀ ਖ਼ੁਦਸਾਖ਼ਤਾ ਕੌਮੀ ਫੌਜ (ਐੱਲਐੱਨਏ), ਜਿਸ ਦੀ ਅਗਵਾਈ ਖ਼ਲੀਫ਼ਾ ਹਿਫ਼ਤੇਰ ਕਰ ਰਿਹਾ ਹੈ, ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਸਰਕਾਰ ਨੇ ਲਿਬੀਆ ਵਿੱਚ ਸੰਯੁਕਤ ਰਾਸ਼ਟਰ ਦੀ ਹਮਾਇਤ ਪ੍ਰਾਪਤ ਮਿਸ਼ਨ ਨੂੰ ਇਸ ਹਮਲੇ ਸਬੰਧੀ ਤੱਥ ਖੋਜ ਕਮੇਟੀ ਸਥਾਪਤ ਕਰਕੇ ਜਾਂਚ ਕਰਨ ਲਈ ਆਖਿਆ ਹੈ। ਦੂਜੇ ਪਾਸੇ ਹਿਫ਼ਤੇਰ ਦੀ ਫੌਜ ਦੇ ਤਰਜਮਾਨ ਵਲੋਂ ਤੁਰੰਤ ਇਸ ਹਮਲੇ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ। ਲੋਕਲ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਐਲਐੱਨਏ ਵਲੋਂ ਹਿਰਾਸਤੀ ਕੇਂਦਰ ਨੇੜੇ ਸਥਿਤ ਮਿਲਟਰੀ ਕੈਂਪ ’ਤੇ ਹਵਾਈ ਹਮਲੇ ਕੀਤੇ ਗਏ।

Previous articleਉਸਾਰੀ ਅਧੀਨ ਘਰ ਦੀ ਕੰਧ ਡਿੱਗੀ, ਦੋ ਮਜ਼ਦੂਰਾਂ ਦੀ ਮੌਤ
Next articleਅੰਬਾਤੀ ਰਾਇਡੂ ਨੇ ਕ੍ਰਿਕਟ ਤੋਂ ਸੰਨਿਆਸ ਲਿਆ