ਉਸਾਰੀ ਅਧੀਨ ਘਰ ਦੀ ਕੰਧ ਡਿੱਗੀ, ਦੋ ਮਜ਼ਦੂਰਾਂ ਦੀ ਮੌਤ

ਪਠਾਨਕੋਟ- ਸਥਾਨਕ ਮੁਹੱਲਾ ਵਿਸ਼ਨੂ ਨਗਰ ਲਮੀਨੀ ਸਥਿਤ ਅੱਜ ਸਵੇਰੇ ਉਸਾਰੀ ਅਧੀਨ ਮਕਾਨ ਦੀ ਕੰਧ ਡਿੱਗਣ ਨਾਲ ਉਥੇ ਕੰਮ ਕਰ ਰਹੇ ਦੋ ਮਜ਼ਦੂਰ ਮਲਬੇ ਦੇ ਢੇਰ ਥੱਲੇ ਦੱਬ ਗਏ। ਇਕ ਮਜ਼ਦੂਰ ਦੀ ਥਾਂ ’ਤੇ ਹੀ ਮੌਤ ਹੋ ਗਈ ਜਦਕਿ ਦੂਸਰੇ ਨੇ ਸਿਵਲ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ। ਹਾਦਸੇ ਵਿੱਚ ਮਜ਼ਦੂਰਾਂ ਦੇ ਤਿੰਨ ਹੋਰ ਸਾਥੀ ਵੀ ਜ਼ਖ਼ਮੀ ਹੋਏ ਹਨ ਜਿਨ੍ਹਾਂ ਨੂੰ ਸਿਵਲ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਪਰ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਮ੍ਰਿਤਕਾਂ ’ਚ ਪਰਵਾਸੀ ਮਜ਼ਦੂਰ ਪ੍ਰੇਮ ਕੁਮਾਰ ਸ਼ਾਮਲ ਹੈ ਜੋ ਛੱਤੀਸਗੜ੍ਹ ਦੇ ਬਰਭੰਗਾ ਜ਼ਿਲ੍ਹੇ ਦੇ ਜੰਗੀ ਚਾਪਾ ਦਾ ਵਸਨੀਕ ਸੀ। ਦੂਜੇ ਦੀ ਪਛਾਣ ਤਿਲਕ ਰਾਜ ਉਰ਼ਫ ਭਿਲਾ ਪੁੱਤਰ ਬੰਤ ਰਾਮ ਵਾਸੀ ਵਿਸ਼ਣੂ ਨਗਰ ਲਮੀਨੀ (ਪਠਾਨਕੋਟ)ਵਜੋਂ ਹੋਈ ਹੈ। ਜ਼ਖ਼ਮੀਆਂ ’ਚ ਰਾਜ ਮਿਸਤਰੀ ਪਵਨ ਕੁਮਾਰ ਤੇ ਰਮੇਸ਼ ਅਤੇ ਕੁਲਦੀਪ ਕੁਮਾਰ ਵਾਸੀ ਗੁਰਦਾਸਪੁਰ ਸ਼ਾਮਲ ਹਨ। ਹਾਦਸੇ ਦੀ ਸੂਚਨਾ ਮਿਲਦੇ ਸਾਰ ਹੀ ਡੀਐਸਪੀ ਪ੍ਰੇਮ ਕੁਮਾਰ ਤੇ ਥਾਣਾ ਮੁਖੀ ਪ੍ਰਮੋਦ ਕੁਮਾਰ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ। ਉਨ੍ਹਾਂ ਨਾਲ ਨਾਇਬ ਤਹਿਸੀਲਦਾਰ ਲਕਸ਼ਮਣ ਸਿੰਘ ਵੀ ਸਨ। ਇਮਾਰਤ ਦੇ ਮਾਲਕ ਮਾਸਟਰ ਦੇਸ ਰਾਜ ਨੇ ਦੱਸਿਆ ਕਿ ਏਅਰ ਫੋਰਸ ’ਚ ਕੰਮ ਕਰਦੇ ਉਨ੍ਹਾਂ ਦੇ ਬੇਟੇ ਵੱਲੋਂ ਇਸ ਦੀ ਉਸਾਰੀ ਕਰਵਾਈ ਜਾ ਰਹੀ ਹੈ। ਕੰਮ ਕਰਦੇ ਸਮੇਂ ਅਚਾਨਕ ਕੰਧ ਉਸ ਸਾਈਡ ’ਤੇ ਆ ਡਿੱਗੀ ਜਿਥੇ ਮਿਸਤਰੀ ਅਤੇ ਮਜ਼ਦੂਰ ਕੰਮ ਕਰ ਰਹੇ ਸਨ। ਥਾਣਾ ਮੁਖੀ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਕੰਧ ਅਜੇ ਗਿੱਲੀ ਸੀ ਅਤੇ ਉਸ ਉਪਰ ਪਲਸਤਰ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ ਜਿਸ ਕਾਰਨ ਹਾਦਸਾ ਵਾਪਰਿਆ। ਪੁਲੀਸ ਨੇ ਧਾਰਾ 174 ਤਹਿਤ ਕਾਰਵਾਈ ਕਰਕੇ ਦੋਹਾਂ ਮਜ਼ਦੂਰਾਂ ਦੀਆਂ ਲਾਸ਼ਾਂ ਪੋਸਟਮਾਰਟਮ ਬਾਅਦ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ।

Previous articleਪੁਲੀਸ ਨੇ ਬੈਂਸ ਅਤੇ ਸਾਥੀ ਪਾਣੀ ਦੀਆਂ ਬੁਛਾੜਾਂ ਨਾਲ ਝੰਬੇ
Next articleਲਿਬੀਆ ਵਿੱਚ ਹਵਾਈ ਹਮਲਾ; 40 ਪਰਵਾਸੀ ਹਲਾਕ