ਲਹਿਰਾ ਤੇ ਮੂਣਕ ’ਚ ਉੱਡੀਆਂ ਸਮਾਜਿਕ ਦੂਰੀ ਦੀਆਂ ਧੱਜੀਆਂ

ਮਸਤੂਆਣਾ ਸਾਹਿਬ  (ਸਮਾਜਵੀਕਲੀ)ਰਾਜਸਥਾਨ ਦੇ ਜ਼ਿਲ੍ਹਾ ਜੈਸਲਮੇਰ ਤੋਂ ਪੀਆਰਟੀਸੀ ਦੀਆਂ ਦੋ ਬੱਸਾਂ ਰਾਹੀਂ ਲਿਆਂਦੇ 81 ਦੇ ਕਰੀਬ ਪੰਜਾਬ ਨਾਲ ਸਬੰਧਤ ਕਿਰਤੀਆਂ ਨੂੰ ਖੰਘ, ਨਜ਼ਲਾ-ਜ਼ੁਕਾਮ, ਬੁਖਾਰ ਤੇ ਸਾਹ ਲੈਣ ਦੀ ਮੁੱਢਲੀ ਜਾਂਚ ਮਗਰੋਂ ਲਹਿਰਾ ਤੇ ਮੂਣਕ ’ਚ ਬਣਾਏ ਇਕਾਂਤਵਾਸ ਕੇਂਦਰਾਂ ’ਚ ਭੇਜ ਦਿੱਤਾ ਗਿਆ ਹੈ।

ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ਅਨੁਸਾਰ ਇਨ੍ਹਾਂ ਵਿਅਕਤੀਆਂ ਨੂੰ ਜਦੋਂ ਇਥੋਂ ਤਬਦੀਲ ਕਰਕੇ ਲਹਿਰਾ ਤੇ ਮੂਣਕ ’ਚ ਪ੍ਰਾਈਵੇਟ ਬੱਸਾਂ ਰਾਹੀਂ ਭੇਜਿਆ ਗਿਆ ਤਾਂ ਸਬ-ਡਿਵੀਜ਼ਨ ਮੂਣਕ ਦੇ 53 ਵਿਅਕਤੀਆਂ ਨੂੰ ਇਕ ਹੀ ਬੱਸ ’ਚ ਭੇਜਣ ਮੌਕੇ ਸਮਾਜਿਕ ਦੂਰੀ ਨੇਮ ਦੀਆਂ ਸ਼ਰ੍ਹੇਆਮ ਧੱਜੀਆਂ ਉਡਾਈਆਂ ਗਈਆਂ।

ਇਹੀ ਨਹੀਂ ਇਕਾਂਤਵਾਸ ਕੇਂਦਰ ’ਚ ਸਿਹਤ ਵਿਭਾਗ ਤੇ ਹੋਰ ਪ੍ਰਬੰਧਕਾਂ ਦੇ ਢਿੱਲੇ/ਨਾਕਸ ਪ੍ਰਬੰਧਾਂ ਕਾਰਨ ਇਨ੍ਹਾਂ ਕਿਰਤੀਆਂ ਨੂੰ ਡੇਢ ਘੰਟੇ ਦੇ ਕਰੀਬ ਗਰਮੀ ਵਿੱਚ ਬੱਸਾਂ ’ਚ ਹੀ ਬੈਠਣਾ ਪਿਆ। ਇਨ੍ਹਾਂ ਮਜ਼ਦੂਰਾਂ ਕੋਲ ਵਧ ਸਾਮਾਨ ਹੋਣ ਕਾਰਨ ਤਿੰਨ ਵਾਲੀ ਸੀਟ ’ਤੇ ਚਾਰ-ਚਾਰ ਅਤੇ ਦੋ ਵਾਲੀ ਸੀਟ ’ਤੇ ਤਿੰਨ ਤਿੰਨ ਜਣਿਆਂ ਨੂੰ ਬਿਠਾਇਆ ਗਿਆ। ਇਸੇ ਤਰ੍ਹਾਂ ਸਬ-ਡਿਵੀਜ਼ਨ ਲਹਿਰਾ ਵਿੱਚ 24 ਤੇ ਸਬ-ਡਿਵੀਜ਼ਨ ਭਵਾਨੀਗੜ੍ਹ ਤੇ ਦਿੜਬਾ ’ਚ ਦੋ-ਦੋ ਵਿਅਕਤੀਆਂ ਨੂੰ ਭੇਜਿਆ ਗਿਆ ਹੈ।

ਇਨ੍ਹਾਂ ’ਚ 31 ਮਰਦ, 28 ਔਰਤਾਂ ਤੋਂ ਇਲਾਵਾ 11 ਛੋਟੇ ਲੜਕੇ ਤੇ 11 ਲੜਕੀਆਂ ਸ਼ਾਮਲ ਸਨ। ਪਿੰਡ ਮੰਡਵੀ ਦੇ 45, ਚਾਂਦੂ ਦੇ 2, ਰਾਮਗੜ੍ਹ ਦੇ 11, ਚੰਗਾਲੀਵਾਲਾ ਦੇ 9, ਡਸਕਾ ਦੇ 4, ਮਕੋਰੜ ਸਾਹਿਬ ਦੇ 5, ਕਾਕੂਵਾਲਾ ਦੇ 2, ਧਮੂਰਘਾਟ ਦਾ 1 ਤੇ ਸਕਰੌਦੀ ਦੇ ਦੋ ਵਿਅਕਤੀ 5 ਤੋਂ 15 ਮਾਰਚ ਤੱਕ ਰਾਜਸਥਾਨ ਦੇ ਜ਼ਿਲ੍ਹਾ ਜੈਸਲਮੇਰ ਵਿੱਚ ਹਰ ਸਾਲ ਦੀ ਤਰ੍ਹਾਂ ਮਜ਼ਦੂਰੀ ਕਰਨ ਗਏ ਸੀ।

ਇਨ੍ਹਾਂ ਕਿਰਤੀਆਂ ਦਾ ਕਹਿਣਾ ਸੀ ਕਿ ਜਿਉਂ ਹੀ ਕਰੋਨਾ ਵਾਇਰਸ ਦੀ ਨਾਮੁਰਾਦ ਬਿਮਾਰੀ ਨੇ ਲੋਕਾਂ ਨੂੰ ਵਖਤ ਪਾਇਆ ਹੈ, ਉਸ ਦਿਨ ਤੋਂ ਹੀ ਉਨ੍ਹਾਂ ਨੂੰ ਰਾਜਸਥਾਨ ਦੇ ਟਿੱਬਿਆਂ ਵਿੱਚ ਵਿਹਲੇ ਬੈਠਣਾ ਪਿਆ ਹੈ। ਇਨ੍ਹਾਂ ਵਿਅਕਤੀਆਂ ਵਿੱਚੋਂ ਬਹੁਤਿਆਂ ਕੋਲ ਤਾਂ ਮਾਸਕ ਵੀ ਨਹੀਂ ਸਨ ਅਤੇ ਨਾ ਹੀ ਇਕਾਂਤਵਾਸ ਦੇ ਪ੍ਰਬੰਧਕਾਂ ਵੱਲੋਂ ਇਨ੍ਹਾਂ ਨੂੰ ਮਾਸਕ ਮੁਹੱਈਆ ਕਰਵਾਏ ਗਏ।

Previous article1200 ਪਰਵਾਸੀ ਕਾਮਿਆਂ ਨੂੰ ਲੈ ਕੇ ਵਿਸ਼ੇਸ਼ ਰੇਲਗੱਡੀ ਝਾਰਖੰਡ ਭੇਜੀ
Next articleਪੰਜਾਬ ਵੀ ‘ਇੱਕ ਦੇਸ਼-ਇੱਕ ਰਾਸ਼ਨ ਕਾਰਡ’ ਸਕੀਮ ’ਚ ਸ਼ਾਮਲ