ਲਸ਼ਕਰ ਦੇ ਦਹਿਸ਼ਤਗਰਦਾਂ ਦਾ ਪੰਜ ਰੋਜ਼ਾ ਰਿਮਾਂਡ

ਪਠਾਨਕੋਟ (ਸਮਾਜਵੀਕਲੀ):   ਬੀਤੇ ਦਿਨ ਹਥਿਆਰਾਂ ਸਣੇ ਇੱਕ ਟਰੱਕ ਵਿੱਚੋਂ ਫੜੇ ਗਏ ਲਸ਼ਕਰ-ਏ-ਤੋਇਬਾ ਦੇ ਦੋ ਦਹਿਸ਼ਤਗਰਦਾਂ ਨੂੰ ਅੱਜ ਸਥਾਨਕ ਸੈਸ਼ਨ ਕੋਰਟ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਦੋਵਾਂ ਦਹਿਸ਼ਤਗਰਦਾਂ ਦਾ ਪੰਜ ਦਿਨ ਦਾ ਪੁਲੀਸ ਰਿਮਾਂਡ ਦੇ ਦਿੱਤਾ ਹੈ।

ਉਨ੍ਹਾਂ ਨੂੰ ਅੱਜ ਡੀਐੱਸਪੀ (ਦਿਹਾਤੀ) ਸੁਲੱਖਣ ਸਿੰਘ ਦੀ ਅਗਵਾਈ ਵਿੱਚ ਭਾਰੀ ਸੁਰੱਖਿਆ ਬਲਾਂ ਦੀ ਨਿਗਰਾਨੀ ਹੇਠ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਵਿੱਚ ਪੇਸ਼ ਕੀਤੇ ਜਾਣ ਸਮੇਂ ਪੁਲੀਸ ਨੇ 10 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਸੀ ਪਰ ਅਦਾਲਤ ਨੇ ਪੰਜ ਦਿਨ ਦਾ ਹੀ ਰਿਮਾਂਡ ਦਾ ਸਮਾਂ ਦਿੱਤਾ।

ਜ਼ਿਕਰਯੋਗ ਹੈ ਕਿ ਸ੍ਰੀਨਗਰ ਦੇ ਸ਼ੋਪੀਆਂ ਦੇ ਪਿੰਡ ਹਫਸਰਮਾਲ ਵਾਸੀ 26 ਸਾਲ ਦਾ ਅਮੀਰ ਹੁਸੈਨ ਵਾਨੀ ਅਤੇ ਜ਼ਿਲ੍ਹਾ ਸ਼ੋਪੀਆਂ ਦੇ ਹੀ ਥਾਣਾ ਜਾਇਨਾਪੋਰਾ, ਪਿੰਡ ਸਰਮਾਲ ਵਾਸੀ 27 ਸਾਲਾ ਵਸੀਮ ਹਸਨ ਵਾਨੀ ਨੂੰ ਬੀਤੇ ਦਿਨ ਅੰਮ੍ਰਿਤਸਰ ਤੋਂ ਟਰੱਕ ਵਿੱਚ ਅਸਲੇ ਨੂੰ ਕਸ਼ਮੀਰ ਘਾਟੀ ਲਿਜਾਂਦੇ ਸਮੇਂ ਪਠਾਨਕੋਟ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਟਰੱਕ ਵਿੱਚੋਂ 10 ਗਰਨੇਡ, ਇੱਕ ਏਕੇ-47 ਅਤੇ 2 ਮੈਗਜ਼ੀਨ ਤੇ 60 ਕਾਰਤੂਸ ਵੀ ਬਰਾਮਦ ਕੀਤੇ ਸਨ।

ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨਸਾਰ ਪੁਲੀਸ ਨੇ ਗੁਪਤ ਸੂਚਨਾ ਦੇ ਅਾਧਾਰ ’ਤੇ ਅੰਮ੍ਰਿਤਸਰ-ਜੰਮੂ ਨੈਸ਼ਨਲ ਹਾਈਵੇਅ ’ਤੇ ਝਾਖੋਲਾਹੜੀ ਫਾਟਕ ਦੇ ਕੋਲ ਸਥਿਤ ਕਮਲ ਵ੍ਹਾਈਟ ਹਾਊਸ ਪੈਲੇਸ ਦੇ ਸਾਹਮਣੇ ਲਾਏ ਨਾਕੇ ’ਤੇ ਕਾਬੂ ਕੀਤੇ ਦੋਵਾਂ ਮੁਲਜ਼ਮਾਂ ’ਤੇ ਥਾਣਾ ਸਦਰ ਪੁਲੀਸ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ। ਐਡਵੋਕੇਟ ਉਮੇਸ਼ ਜੰਝੂਆ ਨੇ ਕਿਹਾ ਕਿ ਜੋ ਲੋਕ ਦੇਸ਼ ਵਿਰੋਧੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ, ਉਨ੍ਹਾਂ ਨਾਲ ਸਖ਼ਤੀ ਨਾਲ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

Previous articleਕਰੋਨਾ ਡਿਉੂਟੀ ਦੌਰਾਨ ਪੁਲੀਸ ਮੁਲਾਜ਼ਮ ਦੀ ਮੌਤ
Next articleਅਕਾਲੀ ਦਲ ਯੂਥ ਵਿੰਗ ਦੇ ਨਵ-ਨਿਯੁਕਤ ਪ੍ਰਧਾਨ ਦਰਬਾਰ ਸਾਹਿਬ ਨਤਮਸਤਕ