ਰੇਲ ਰੋਕੋ ਨੂੰ ਪੰਜਾਬ, ਹਰਿਆਣਾ ਤੇ ਹੋਰ ਥਾਈਂ ਭਰਵਾਂ ਹੁੰਗਾਰਾ

ਨਵੀਂ ਦਿੱਲੀ (ਸਮਾਜ ਵੀਕਲੀ) : ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਸਮੇਤ ਦੇਸ਼ ਦੀਆਂ ਕਰੀਬ 500 ਕਿਸਾਨ ਜਥੇਬੰਦੀਆਂ ਤੇ ਯੂਨੀਅਨਾਂ ਦੇ ‘ਸੰਯੁਕਤ ਕਿਸਾਨ ਮੋਰਚੇ’ ਵੱਲੋਂ ਦਿੱਤੇ ਰੇਲ ਰੋਕੋ ਪ੍ਰੋਗਰਾਮ ਨੂੰ ਪੰਜਾਬ, ਹਰਿਆਣਾ ਸਮੇਤ ਦੇਸ਼ ਦੇ ਵੱਖ ਵੱਖ ਹਿੱਸਿਆਂ ’ਚ ਭਰਵਾਂ ਹੁੰਗਾਰਾ ਮਿਲਿਆ ਤੇ ਅੱਜ ਦਿਨੇ 12 ਵਜੇ ਤੋਂ ਲੈ ਕੇ ਸ਼ਾਮ 4 ਵਜੇ ਕੌਮੀ ਪੱਧਰ ’ਤੇ ਰੇਲ ਗੱਡੀਆਂ ਰੋਕਣ ਦਾ ਪ੍ਰੋਗਰਾਮ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਿਆ।

ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਪੰਜਾਬ) ਦੇ ਪ੍ਰਧਾਨ ਡਾ. ਦਰਸ਼ਨਪਾਲ ਨੇ ਕਿਹਾ ਕਿ ਦੇਸ਼ ਦੇ ਕਿਸਾਨਾਂ ਨੇ ਕੌਮੀ ਪੱਧਰ ’ਤੇ ਰੇਲ ਰੋਕੋ ਨੂੰ ਸਫਲ ਬਣਾਇਆ ਤੇ ਵੱਡੇ-ਛੋਟੇ ਰੇਲਵੇ ਸਟੇਸ਼ਨਾਂ ਦੀਆਂ ਰੇਲ ਪੱਟੜੀਆਂ ਰੋਕੀਆਂ। ਉਨ੍ਹਾਂ ਕਿਹਾ ਕਿ ਭਾਵੇਂ ਕੇਂਦਰ ਸਰਕਾਰ ਲਗਾਤਾਰ ਝੂਠ ਬੋਲ ਰਹੀ ਹੈ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕੁਝ ਰਾਜਾਂ ਤੱਕ ਹੀ ਸੀਮਤ ਹੈ ਪਰ ਰੇਲ ਰੋਕੋ ਅੰਦੋਲਨ ਦੌਰਾਨ ਹੋਰ ਰਾਜਾਂ ਦੇ ਕਿਸਾਨਾਂ ਨੇ ਰੇਲਾਂ ਰੋਕ ਕੇ ਕੇਂਦਰ ਸਰਕਾਰ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ। ਇਸੇ ਕਰਕੇ ਇਸ ਅੰਦੋਲਨ ਦੀ ਕਿਸਾਨ ਮੋਰਚੇ ਲਈ ਐਨੀ ਅਹਿਮੀਅਤ ਸੀ। ਉਨ੍ਹਾਂ ਕਿਹਾ ਕਿ ਰੇਲਵੇ ਦੇ ਕੌਮੀ ਨੈੱਟਵਰਕ ਵਾਂਗ ਹੀ ਕਿਸਾਨਾਂ ਨੇ ਕੌਮੀ ਪੱਧਰ ਦੀ ਲਾਮਬੰਦੀ ਕੀਤੀ ਤੇ ਅਮਨ, ਸ਼ਾਂਤੀ ਨਾਲ ਇਸ ਅੰਦੋਲਨ ਨੂੰ ਨੇਪਰੇ ਚਾੜ੍ਹਿਆ।

ਪ੍ਰਾਪਤ ਰਿਪੋਰਟਾਂ ਮੁਤਾਬਕ ਰੇਲ ਰੋਕੋ ਨੂੰ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਉੱਤਰਾਂਚਲ, ਰਾਜਸਥਾਨ, ਮਹਾਂਰਾਸ਼ਟਰ, ਕਰਨਾਟਕ, ਪੱਛਮੀ ਬੰਗਾਲ, ਉੜੀਸਾ, ਮੁੰਬਈ ਤੇ ਮੱਧ ਪ੍ਰਦੇਸ਼ ਸਮੇਤ ਹੋਰ ਰਾਜਾਂ ਤੋਂ ਵੀ ਹੁੰਗਾਰਾ ਮਿਲਿਆ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਨੇ ਕੇਂਦਰ ਨੂੰ ਦੱਸ ਦਿੱਤਾ ਹੈ ਕਿ ਅੰਦੋਲਨ ਹੁਣ ਕੌਮੀ ਪੱਧਰ ਦੀ ਪਛਾਣ ਬਣਾ ਚੁੱਕਾ ਹੈ। ਕਿਸਾਨ ਆਗੂਆਂ ਮੁਤਾਬਕ ਕਿਸਾਨਾਂ ਦੇ ਪਰਿਵਾਰਾਂ ਨੇ ਬੱਚਿਆਂ ਸਮੇਤ ਕਿਸਾਨ ਅੰਦੋਲਨ ਦੇ ਇਸ ਪੜਾਅ ਦੌਰਾਨ ਪੱਟੜੀਆਂ ਮੱਲ ਕੇ ਕਿਸਾਨਾਂ ਦਾ ਸਾਥ ਦਿੱਤਾ। ਕਿਸੇ ਪਾਸਿਉਂ ਕੋਈ ਅਣਹੋਣੀ ਜਾਂ ਪੁਲੀਸ ਨਾਲ ਟਾਕਰੇ ਦੀ ਕੋਈ ਸੂਚਨਾ ਨਹੀਂ ਮਿਲੀ।

ਕਿਸਾਨ ਆਗੂ ਜਗਮੋਹਨ ਸਿੰਘ ਨੇ ਕਿਹਾ ਕਿ ਕਿਸਾਨ ਸ਼ਾਂਤਮਈ ਅੰਦੋਲਨ ਉੱਦੋਂ ਤੱਕ ਜਾਰੀ ਰੱਖਣਗੇ ਜਦੋਂ ਤੱਕ ਕੇਂਦਰ ਤਿੰਨਾਂ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰਦਾ। ਅੱਜ ਸਿੰਘੂ ਤੇ ਟਿਕਰੀ ਬਾਰਡਰਾਂ ਦੇ ਮੋਰਚਿਆਂ ਦੇ ਮੰਚਾਂ ਤੋਂ ਕਿਸਾਨ ਆਗੂਆਂ ਨੇ ਰੇਲ ਰੋਕੋ ਦੇ ਸ਼ਾਂਤਮਈ ਪੂਰਨ ਹੋਣ ਲਈ ਕਿਸਾਨਾਂ ਦਾ ਧੰਨਵਾਦ ਕੀਤਾ। ਕਿਸਾਨ ਆਗੂਆਂ ਨੇ ਦੱਸਿਆ ਕਿ ਕੁਰੂਕਸ਼ੇਤਰ ਰੇਲਵੇ ਟਰੈਕ, ਰੇਵਾੜੀ ਰੇਲਵੇ ਟਰੈਕ ’ਤੇ ਕਿਸਾਨਾਂ ਨੇ ਧਰਨਾ ਦਿੱਤਾ। ਇਸੇ ਤਰ੍ਹਾਂ ਹਰਿਦੁਆਰ ਸਪੈਸ਼ਲ ਮੇਰਠ ਵਿੱਚ, ਮੁੰਬਈ ਤੋਂ ਅੰਮ੍ਰਿਤਸਰ ਜਾ ਰਹੀ ਪੱਛਮ ਐਕਸਪ੍ਰੈਸ ਪਾਣੀਪਤ ’ਚ ਰੋਕੀ ਗਈ। ਕਿਸਾਨਾਂ ਨੇ ਯਮੁਨਾਨਗਰ, ਹਰਿਆਣਾ, ਉੜੀਸਾ ਦੇ ਬ੍ਰਹਮਾਪੁਰ, ਬਿਹਾਰ ਦੇ ਸ਼ੇਖਪੁਰਾ, ਮਹਾਰਾਸ਼ਟਰ ਵਿੱਚ ਔਰੰਗਾਬਾਦ, ਪੁਣੇ, ਜੰਮੂ ਅਤੇ ਕਰਨਾਲ ’ਚ ਵੀ ਰੇਲ ਟਰੈਕ ਜਾਮ ਕੀਤੇ।

ਉੱਧਰ ਭਾਰਤੀ ਰੇਲਵੇ ਨੇ ਦੱਸਿਆ ਕਿ 4 ਘੰਟੇ ਦਾ ਰੇਲ ਰੋੋਕੋ ਅੰਦੋਲਨ ਸ਼ਾਂਤੀਪੂਰਵਕ ਪੂਰਾ ਹੋ ਗਿਆ ਤੇ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਹਾਲਾਂਕਿ ਰੇਲਵੇ ਨੇ ਬਿਆਨ ਵਿੱਚ ਕਿਹਾ ਕਿ 20 ਵਾਧੂ ਕੰਪਨੀਆਂ ਰੇਲਵੇ ਸੁਰੱਖਿਆ ਲਈ ਲਾਈਆਂ ਗਈਆਂ ਸਨ ਤੇ ਦੇਸ਼ ਭਰ ਵਿੱਚ ਰੇਲ ਰੋੋਕੋ ਦਾ ਅਸਰ ਬਹੁਤ ਘੱਟ ਪਿਆ। ਕੁਝ ਇਲਾਕਿਆਂ ਵਿੱਚ ਕੁਝ ਰੇਲ ਗੱਡੀਆਂ ਰੋਕੀਆਂ ਗਈਆਂ ਸਨ ਪਰ ਬਾਅਦ ਵਿੱਚ ਰੇਲ ਆਵਾਜਾਈ ਆਮ ਵਰਗੀ ਹੋ ਗਈ। ਸ਼ਾਮ ਨੂੰ ਰੇਲਵੇ ਦੇ ਸਾਰੇ ਜ਼ੋਨਾਂ ਵਿੱਚ ਰੇਲ ਆਵਾਜਾਈ ਪੂਰਨ ਰੂਪ ਵਿੱਚ ਚੱਲ ਪਈ ਸੀ।

ਰੇਲ ਰੋਕੋ ਪ੍ਰੋਗਰਾਮ ਦੇ ਮੱਦੇਨਜ਼ਰ ਰੇਲਵੇ ਪੁਲੀਸ ਬਲ (ਆਰਪੀਐੱਫ) ਵੱਲੋਂ ਵੱਖ ਵੱਖ ਰਾਜਾਂ ਦੀ ਪੁਲੀਸ ਨਾਲ ਤਾਲਮੇਲ ਕਰਕੇ ਸੁਰੱਖਿਆ ਬੰਦੋਬਸਤ ਮਜ਼ਬੂਤ ਕੀਤੇ ਗਏ। ਡੀਸੀਪੀ ਰੇਲਵੇ ਹਰਿੰਦਰ ਸਿੰਘ ਨੇ ਦੱਸਿਆ ਕਿ ਦਿੱਲੀ ਦੇ ਨਾਲ ਲੱਗਦੇ ਹਰਿਆਣਾ ਤੇ ਉੱਤਰ ਪ੍ਰਦੇਸ਼ ਬਾਰਡਰ ’ਤੇ ਕੁਝ ਸਥਾਨਾਂ ਦੀ ਨਿਸ਼ਾਨਦੇਹੀ ਕੀਤੀ ਗਈ ਤੇ ਰੇਲ ਪੱਟੜੀਆਂ ਉਪਰ ਚੌਕਸੀ ਵਧਾਈ ਗਈ ਜਿਸ ਵਿੱਚ ਪਲੈਟਫਾਰਮਾਂ ਦੀ ਸੁਰੱਖਿਆ ਵੀ ਸ਼ਾਮਲ ਸੀ। ਕੌਮੀ ਰਾਜਧਾਨੀ ਦਿੱਲੀ ਦੇ ਨਵੀਂ ਦਿੱਲੀ ਰੇਲਵੇ ਸਟੇਸ਼ਨਾਂ ਦੀ ਰਾਖੀ ਲਈ ਢੁੱਕਵੇਂ ਪ੍ਰਬੰਧ ਕੀਤੇ ਗਏ ਸਨ।

Previous articleਜੀਅ ਕਰਦਾ…..
Next articleਕੌਂਸਲ ਚੋਣਾਂ: ਮੁਹਾਲੀ ਵਿੱਚ ਵੀ ਕਾਂਗਰਸ ਨੂੰ ਬਹੁਮੱਤ