ਰੇਲਵੇ ਵੱਲੋਂ ਜੌੜਾ ਫਾਟਕ ਹਾਦਸੇ ਦੀ ਜਾਂਚ ਸ਼ੁਰੂ

ਦਸਹਿਰੇ ਵਾਲੇ ਦਿਨ ਜੌੜਾ ਫਾਟਕ ਨੇੜੇ ਵਾਪਰੇ ਰੇਲ ਹਾਦਸੇ ਦੀ ਅੱਜ ਕਰੀਬ 16 ਦਿਨਾਂ ਮਗਰੋਂ ਰੇਲ ਵਿਭਾਗ ਵੱਲੋਂ ਆਪਣੇ ਤੌਰ ’ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਰੇਲਵੇ ਸੇਫਟੀ ਕਮਿਸ਼ਨ ਦੇ ਕਮਿਸ਼ਨਰ ਐਸ ਕੇ ਪਾਠਕ ਨੇ ਅੱਜ ਸ਼ਾਮ ਨੂੰ ਇਥੇ ਮਾਨਾਂਵਾਲਾ ਰੇਲਵੇ ਸਟੇਸ਼ਨ ਤੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਤਕ ਡੀਐਮਯੂ ਰੇਲ ਗੱਡੀ ਵਿਚ ਟ੍ਰਾਇਲ ਵਜੋਂ ਸਫ਼ਰ ਕੀਤਾ। ਇਹ ਰੇਲ ਗੱਡੀ ਦਸਹਿਰੇ ਵਾਲੇ ਦਿਨ ਹਾਦਸੇ ਵਾਲੀ ਥਾਂ ਤੋਂ ਲੰਘੀ ਸੀ। ਰੇਲ ਅਧਿਕਾਰੀ ਨੇ ਮੌਕ ਡਰਿਲ ਦੌਰਾਨ ਰੇਲ ਹਾਦਸੇ ਦੇ ਸਮੁੱਚੇ ਦ੍ਰਿਸ਼ ਨੂੰ ਆਪਣੇ ਪੱਧਰ ’ਤੇ ਦੇਖਣ ਦਾ ਯਤਨ ਕੀਤਾ। ਇਸ ਤੋਂ ਪਹਿਲਾਂ ਉਹ ਸਵੇਰੇ ਇਥੇ ਜੌੜਾ ਫਾਟਕ ਪੁੱਜੇ ਅਤੇ ਫਿਰ ਉਨ੍ਹਾਂ ਨੌਰਦਨ ਰੇਲਵੇ ਮਕੈਨੀਕਲ ਵਰਕਸ਼ਾਪ ’ਚ ਵੱਖ ਵੱਖ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਇਸ ਜਾਂਚ ਸਬੰਧੀ ਉਨ੍ਹਾਂ ਮੀਡੀਆ ਨੂੰ ਕੁਝ ਵੀ ਦੱਸਣ ਤੋਂ ਇਨਕਾਰ ਕੀਤਾ ਅਤੇ ਜਾਂਚ ਪ੍ਰਕਿਰਿਆ ਦੌਰਾਨ ਮੀਡੀਆ ਨੂੰ ਦੂਰ ਰੱਖਿਆ ਗਿਆ। ਰੇਲਵੇ ਦੇ ਬੁਲਾਰੇ ਦੀਪਕ ਕੁਮਾਰ ਨੇ ਦੱਸਿਆ ਕਿ ਜਾਂਚ ਦੌਰਾਨ ਪੰਜ ਅਧਿਕਾਰੀਆਂ ਕੋਲੋਂ ਪੁੱਛ-ਗਿੱਛ ਕੀਤੀ ਗਈ, ਜਿਨ੍ਹਾਂ ਵਿਚ ਰੇਲਵੇ ਪ੍ਰੋਟੈਕਸ਼ਨ ਫੋਰਸ ਅਤੇ ਇੰਜਨੀਅਰਿੰਗ ਵਿੰਗ ਦੇ ਅਧਿਕਾਰੀ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਕਰੀਬ 12 ਅਧਿਕਾਰੀਆਂ ਕੋਲੋਂ ਜਾਂਚ ਦੌਰਾਨ ਪੁੱਛ-ਗਿੱਛ ਹੋਵੇਗੀ। ਵੇਰਵਿਆਂ ਮੁਤਾਬਕ ਜਿਨ੍ਹਾਂ ਅਧਿਕਾਰੀਆਂ ਤੇ ਕਰਮਚਾਰੀਆਂ ਕੋਲੋਂ ਪੁੱਛ-ਗਿੱਛ ਹੋਵੇਗੀ, ਉਨ੍ਹਾਂ ਵਿਚ ਅੰਮ੍ਰਿਤਸਰ ਹਾਵੜਾ ਮੇਲ ਨਾਲ ਸਬੰਧਤ ਜਗਵੀਰ ਸਿੰਘ, ਡੀਐਮਯੂ ਰੇਲ ਗੱਡੀ ਨੰਬਰ 74643 ਨਾਲ ਸਬੰਧਤ ਅਰਵਿੰਦ ਕੁਮਾਰ, ਮਿਥਲੇਸ਼ ਪ੍ਰਸਾਦ, ਹਾਵੜਾ ਰੇਲ ਗੱਡੀ ਦਾ ਗਾਰਡ ਪੰਨਾ ਲਾਲ, ਜੌੜਾ ਫਾਟਕ ਦਾ ਗੇਟ ਮੈਨ ਅਮਿਤ ਸਿੰਘ, ਉਸ ਦਿਨ ਡਿਊਟੀ ਤੇ ਹਾਜ਼ਰ ਸਟੇਸ਼ਨ ਮਾਸਟਰ, ਜੀਆਰਪੀ ਦੇ ਇੰਚਾਰਜ, ਆਰਪੀਐਫ ਦੇ ਖ਼ੁਫ਼ੀਆ ਵਿੰਗ ਨਾਲ ਸਬੰਧਤ ਅਧਿਕਾਰੀ, ਸੈਕਸ਼ਨ ਕੰਟਰੋਲਰ ਅਤੇ ਹੋਰ ਸ਼ਾਮਲ ਹਨ।
ਇਸ ਦੌਰਾਨ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸ੍ਰੀ ਪਾਠਕ ਨਾਲ ਰੇਲਵੇ ਵਰਕਸ਼ਾਪ ਵਿਚ ਮੁਲਾਕਾਤ ਕਰਕੇ ਚਸ਼ਮਦੀਦਾਂ ਦੇ ਬਿਆਨ ਕਲਮਬੰਦ ਕਰਨ ਦੀ ਅਪੀਲ ਕੀਤੀ। ਸ੍ਰੀ ਔਜਲਾ ਨੇ ਦੱਸਿਆ ਕਿ ਜਾਂਚ ਕਮਿਸ਼ਨਰ ਨੇ ਚਸ਼ਮਦੀਦਾਂ ਦੇ ਬਿਆਨ ਕਲਮਬੰਦ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਜਦੋਂਕਿ ਉਨ੍ਹਾਂ ਵੱਲੋਂ ਇਸ ਸਬੰਧ ਵਿਚ ਅਖਬਾਰਾਂ ਵਿਚ ਇਸ਼ਤਿਹਾਰ ਵੀ ਦਿੱਤੇ ਗਏ ਸਨ। ਸੰਸਦ ਮੈਂਬਰ ਨੇ ਜਾਂਚ ਕਮਿਸ਼ਨਰ ਨੂੰ ਪੱਤਰ ਦੇ ਕੇ ਵੱਖ ਵੱਖ ਮੁੱਦਿਆਂ ’ਤੇ ਵਿਸ਼ੇਸ਼ ਧਿਆਨ ਦੇਣ ਵਾਸਤੇ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜਾਂਚ ਕਮਿਸ਼ਨਰ ਨੇ ਉਭਾਰੇ ਗਏ ਇਨ੍ਹਾਂ ਮੁੱਦਿਆਂ ’ਤੇ ਜਾਂਚ ਦੌਰਾਨ ਵਿਸ਼ੇਸ਼ ਤਵੱਜੋ ਦੇਣ ਦਾ ਭਰੋਸਾ ਦਿੱਤਾ ਹੈ।

Previous articleਸੁਖਬੀਰ ਅਤੇ ਮਜੀਠੀਆ ਖ਼ਿਲਾਫ਼ ਡਟੇ ਬ੍ਰਹਮਪੁਰਾ
Next articleਰਾਮ ਮੰਦਰ ਬਾਰੇ ਆਰਡੀਨੈਂਸ ਲਿਆਏ ਸਰਕਾਰ: ਧਰਮ ਸੰਸਦ