ਬਾਰਵ੍ਹੀਂ ਪ੍ਰੀ-ਬੋਰਡ ਦੇ ਪ੍ਰਸ਼ਨ ਪੱਤਰ ਹੋਏ ਜੱਗ ਜ਼ਾਹਰ

ਸਰਕਾਰੀ ਸਕੂਲਾਂ ’ਚ +2 ਪ੍ਰੀ-ਬੋਰਡ ਦੀ ਪ੍ਰੀਖਿਆ ਲਈ ਜਾ ਰਹੀ ਹੈ ਪਰ ਇਸ ਦੇ ਪ੍ਰਸ਼ਨ ਪੱਤਰ ਪਹਿਲਾਂ ਹੀ ਵਿਦਿਆਰਥੀਆਂ ਦੇ ਹੱਥ ਵਿਚ ਪੁੱਜ ਗਏ ਜਿਸ ਕਾਰਨ ਉਨ੍ਹਾਂ ਨੂੰ ਮੌਜਾਂ ਲੱਗ ਗਈਆਂ ਹਨ ਕਿਉਂਕਿ ਉਹ ਕੇਵਲ ਪ੍ਰਸ਼ਨ ਪੱਤਰ ਵਿਚ ਆਏ ਸਵਾਲਾਂ ਨੂੰ ਪੜ੍ਹ ਕੇ ਹੀ ਪ੍ਰੀਖਿਆ ਦੀ ਤਿਆਰੀ ਕਰ ਲੈਣਗੇ। ਜਾਣਕਾਰੀ ਅਨੁਸਾਰ ਇਸ ਵਾਰ ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ ਨੂੰ ਨਿਰੇਦਸ਼ ਦਿੱਤੇ ਗਏ ਸਨ ਕਿ +2 ਦੀ ਪ੍ਰੀ-ਬੋਰਡ ਪ੍ਰੀਖਿਆ ਦੀ ਉਹ ਆਪਣੇ ਪੱਧਰ ’ਤੇ ਡੇਟਸ਼ੀਟ ਤਿਆਰ ਕਰ ਲੈਣ ਪਰ ਉਸ ਲਈ ਜੋ ਪ੍ਰਸ਼ਨ ਪੱਤਰ ਹੋਣਗੇ, ਉਹ ਵਿਭਾਗ ਆਪਣੇ ਵੱਲੋਂ ਭੇਜੇਗਾ। ਸਿੱਖਿਆ ਵਿਭਾਗ ਵਲੋਂ ਚਾਹੀਦਾ ਤਾਂ ਇਹ ਸੀ ਕਿ ਪ੍ਰੀ-ਬੋਰਡ ਪ੍ਰੀਖਿਆਵਾਂ ਸਬੰਧੀ ਡੇਟਸ਼ੀਟ ਤੇ ਪ੍ਰਸ਼ਨ ਪੱਤਰ ਆਪ ਤਿਆਰ ਕਰ ਕੇ ਭੇਜਦਾ ਪਰ ਹਾਲਾਤ ਇਹ ਹੋ ਗਏ ਕਿ ਸਕੂਲਾਂ ਨੇ ਆਪਣੇ ਪੱਧਰ ’ਤੇ ਡੇਟਸ਼ੀਟ ਤਿਆਰ ਕਰ ਲਈ ਜਿਸ ਕਾਰਨ ਸਰਕਾਰੀ ਸਕੂਲਾਂ ’ਚ ਅੱਜ ਪਹਿਲੇ ਦਿਨ ਵੱਖ-ਵੱਖ ਵਿਸ਼ਿਆਂ ਦੇ ਇਮਤਿਹਾਨ ਹੋਏ। ਸਿੱਖਿਆ ਵਿਭਾਗ ਵਲੋਂ ਰਾਜਨੀਤੀ ਸਾਸ਼ਤਰ, ਇਕਨਾਮਿਕਸ, ਫਿਜੀਕਸ, ਗਣਿਤ ਤੇ ਇੰਗਲਿਸ਼ ਦੇ ਪ੍ਰਸ਼ਨ ਪੱਤਰ ਸਕੂਲਾਂ ਨੂੰ ਭੇਜੇ ਗਏ ਪਰ ਸਕੂਲਾਂ ’ਚ ਡੇਟਸ਼ੀਟ ਅਲੱਗ ਹੋਣ ਕਾਰਨ ਇਹ ਪ੍ਰਸ਼ਨ ਪੱਤਰ ਬਾਕੀ ਵਿਦਿਆਰਥੀਆਂ ਦੇ ਹੱਥਾਂ ਵਿਚ ਵੀ ਪੁੱਜ ਗਏ ਜਿਨ੍ਹਾਂ ਅਜੇ ਪ੍ਰੀਖਿਆਵਾਂ ਦੇਣੀਆਂ ਸਨ।
ਅੱਜ ਜਦੋਂ ਪੱਤਰਕਾਰਾਂ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਲਈ ਜਾ ਰਹੀ ਪ੍ਰੀ-ਬੋਰਡ ਪ੍ਰੀਖਿਆ ਸਬੰਧੀ ਦੇਖਿਆ ਗਿਆ ਤਾਂ ਕਈ ਸਕੂਲਾਂ ਵਿਚ ਰਾਜਨੀਤੀ ਸਾਸ਼ਤਰ, ਗਣਿਤ ਅਤੇ ਕਈ ਸਕੂਲਾਂ ਵਿਚ ਇਕਨਾਮਕਸ ਤੇ ਇਤਿਹਾਸ ਵਿਸ਼ੇ ਨਾਲ ਸਬੰਧਤ ਪੇਪਰ ਹੋ ਰਹੇ ਸਨ।

ਪ੍ਰੀ-ਬੋਰਡ ਪ੍ਰਸ਼ਨ ਪੱਤਰਾਂ ’ਤੇ ਕਿਉਂ ਲਿਖਿਆ ਗਿਆ ਸਾਲਾਨਾ ਪ੍ਰੀਖਿਆ ਮਾਰਚ-2020?

ਅੱਜ ਸਰਕਾਰੀ ਸਕੂਲਾਂ ’ਚ +2 ਦੇ ਪ੍ਰੀ-ਬੋਰਡ ਦੇ ਪ੍ਰਸ਼ਨ ਪੱਤਰਾਂ ’ਤੇ ਸਲਾਨਾ ਪ੍ਰੀਖਿਆ ਮਾਰਚ-2020 ਲਿਖਿਆ ਹੋਇਆ ਹੈ। ਪ੍ਰੀਖਿਆ ਲੈ ਰਹੇ ਕਈ ਅਧਿਆਪਕਾਂ ਨੇ ਇਹ ਵੀ ਖਦਸ਼ਾ ਜ਼ਾਹਿਰ ਕੀਤਾ ਕਿ ਇਹ ਪ੍ਰੀਖਿਆ ਤਾਂ 2020 ਫਰਵਰੀ ’ਚ ਹੋ ਰਹੀ ਹੈ ਪਰ ਇਸ ਉਪਰ ਮਾਰਚ-2020 ਅੰਕਿਤ ਕਿਉਂ ਹੈ। ਸ਼ੰਕਾ ਜਾਹਿਰ ਕੀਤੀ ਜਾ ਰਹੀ ਹੈ ਕਿ ਕਿਤੇ ਇਹ ਬੋਰਡ ਵਾਲੀ ਪ੍ਰੀਖਿਆ ਦਾ ਅਸਲ ਪ੍ਰਸ਼ਨ ਪੱਤਰ ਤਾਂ ਨਹੀਂ।

ਸਕੂਲ ਮੁਖੀ ਇਸ ਤਰੁੱਟੀ ਲਈ ਜਵਾਬਦੇਹ ਹੋਣਗੇ: ਡੀਈਓ

ਜਦੋਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਸਵਰਨਜੀਤ ਕੌਰ ਨਾਲ ਸਿੱਖਿਆ ਵਿਭਾਗ ਵਲੋਂ ਬਾਰ੍ਹਵੀਂ ਕਲਾਸ ਦੀ ਲਈ ਜਾ ਰਹੀ ਪ੍ਰੀ-ਬੋਰਡ ਪ੍ਰੀਖਿਆ ਦੇ ਪੇਪਰਾਂ ’ਚ ਸਕੂਲਾਂ ਦੀਆਂ ਵਿਸ਼ਿਆਂ ਸਬੰਧੀ ਵੱਖ-ਵੱਖ ਤਰੀਕਾਂ ਦੀ ਡੇਟ ਸ਼ੀਟ ਹੋਣ ’ਤੇ ਪੇਪਰ ਦੀ ਪਾਰਦਰਸ਼ਤਾ ਖਤਮ ਅਤੇ ਪ੍ਰਸ਼ਨ ਉੱਪਰ ਸਾਲਾਨਾ ਪ੍ਰੀਖਿਆ ਮਾਰਚ 2020 ਦਾ ਪੱਖ ਜਾਣਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਤਾਂ ਸਕੂਲਾਂ ਨੂੰ ਇੱਕ ਵਿਸ਼ੇ ਦਾ ਇੱਕੋ ਹੀ ਤਾਰੀਕ ਵਿਚ ਪੇਪਰ ਲੈਣ ਦੀ ਹਦਾਇਤ ਕੀਤੀ ਗਈ ਸੀ ਤੇ ਇਹ ਤਰੁੱਟੀ ਕਿਉਂ ਹੋਈ ਹੈ, ਇਸ ਬਾਰੇ ਉਹ ਸਕੂਲ ਮੁਖੀਆਂ ਤੋਂ ਜਵਾਬ ਮੰਗਣਗੇ। ਉਨ੍ਹਾਂ ਪ੍ਰਸ਼ਨ ਪੱਤਰਾਂ ਉੱਪਰ ਸਾਲਾਨਾ ਪ੍ਰੀਖਿਆ ਮਾਰਚ ਦੇ ਸਬੰਧ ਵਿਚ ਕੁਝ ਵੀ ਕਹਿਣ ਤੋਂ ਕਿਨਾਰਾ ਕਰ ਲਿਆ।

Previous articleEx-PDP MLA, trade union leader released in Kashmir
Next articleIndia under Modi akin to Hitler’s Germany: Owaisi on NPR