ਰਾਹੁਲ ਨੇ ਛੱਡੀ ਕਾਂਗਰਸ ਦੀ ਪ੍ਰਧਾਨਗੀ

ਜਾਨਸ਼ੀਨ ਦੀ ਚੋਣ ਦਾ ਕੰਮ ਕਾਂਗਰਸ ਵਰਕਿੰਗ ਕਮੇਟੀ ਨੂੰ ਸੌਂਪਣ ਦੀ ਵਕਾਲਤ

ਲੋਕ ਸਭਾ ਚੋਣਾਂ ਵਿੱਚ ਮਿਲੀ ਨਮੋਸ਼ੀਜਨਕ ਹਾਰ ਲਈ ‘ਕਾਂਗਰਸ ਪ੍ਰਧਾਨ’ ਵਜੋਂ ਜ਼ਿੰਮੇਵਾਰੀ ਲੈਂਦਿਆਂ ਰਾਹੁਲ ਗਾਂਧੀ ਅੱਜ ਅਧਿਕਾਰਤ ਤੌਰ ’ਤੇ ਪ੍ਰਧਾਨਗੀ ਤੋਂ ਲਾਂਭੇ ਹੋ ਗਏ। ਰਾਹੁਲ ਪਿਛਲੇ ਕਈ ਦਿਨਾਂ ਤੋਂ ਅਹੁਦਾ ਛੱਡਣ ਲਈ ਬਜ਼ਿੱਦ ਸਨ, ਹਾਲਾਂਕਿ ਉਹ ਕਾਂਗਰਸ ਵਰਕਿੰਗ ਕਮੇਟੀ ਅੱਗੇ ਆਪਣਾ ਅਸਤੀਫ਼ਾ ਪਹਿਲਾਂ ਹੀ ਰੱਖ ਚੁੱਕੇ ਸਨ। ਰਾਹੁਲ ਦੇ ਇਸ ਸੱਜਰੇ ਐਲਾਨ ਨਾਲ ਨਵਾਂ ਕਾਂਗਰਸ ਪ੍ਰਧਾਨ ਥਾਪਣ ਲਈ ਰਾਹ ਪੱਧਰਾ ਹੋ ਗਿਆ ਹੈ। ਰਾਹੁਲ ਨੇ ਕਿਹਾ ਕਿ ਭਾਜਪਾ ਲਈ ਉਨ੍ਹਾਂ ਦੇ ਮਨ ’ਚ ਕੋਈ ਨਫ਼ਰਤ ਨਹੀਂ ਹੈ, ਪਰ ਉਨ੍ਹਾਂ ਦੇ ਸਰੀਰ ਦਾ ਹਰ ਕਣ(ਸੈੱਲ) ਭਾਰਤ ਪ੍ਰਤੀ ਉਨ੍ਹਾਂ(ਭਾਜਪਾ) ਦੀ ਵਿਚਾਰਧਾਰਾ ਦਾ ਵਿਰੋਧ ਕਰਦਾ ਹੈ। ਰਾਹੁਲ ਨੇ ਅੱਜ ਇਕ ਖੁੱਲ੍ਹੀ ਚਿੱਠੀ, ਜੋ ਉਨ੍ਹਾਂ ਮਗਰੋਂ ਟਵਿੱਟਰ ’ਤੇ ਵੀ ਸਾਂਝੀ ਕੀਤੀ, ਵਿੱਚ ਕਿਹਾ ਕਿ ਹੁਣ ਉਹ ਕਾਂਗਰਸ ਦੇ ਪ੍ਰਧਾਨ ਨਹੀਂ ਹਨ। ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਆਰਐਸਐਸ ਖਿਲਾਫ਼ ਛੇੜੀ ਲੜਾਈ ਵਿੱਚ ਇਕੱਲਿਆਂ ਰਹਿਣ ਦੇ ਬਾਵਜੂਦ ਉਨ੍ਹਾਂ ਨੂੰ ਇਸ ਗੱਲ ’ਤੇ ਮਾਣ ਹੈ। ਉਂਜ ਰਾਹੁਲ ਨੇ ਕਿਹਾ ਕਿ ਅਜਿਹੀ ਪਾਰਟੀ, ਜਿਸ ਦੀਆਂ ਕਦਰਾਂ ਕੀਮਤਾਂ ਤੇ ਆਦਰਸ਼ਾਂ ਨੇ ‘ਇਸ ਖੂਬਸੂਰਤ ਰਾਸ਼ਟਰ ਦੀ ਜਿੰਦ-ਜਾਨ’ ਵਜੋਂ ਸੇਵਾ ਕੀਤੀ ਹੈ, ਦੀ ਖਿਦਮਤ ਕਰਨਾ ਮਾਣ ਵਾਲੀ ਗੱਲ ਸੀ। ਮਾਈਕਰੋਬਲਾਗਿੰਗ ਸਾਈਟ ’ਤੇ ਅਸਤੀਫ਼ਾ ਪੋਸਟ ਕਰਨ ਤੋਂ ਘੰਟੇ ਕੁ ਮਗਰੋਂ ਰਾਹੁਲ ਨੇ ਆਪਣੇ ਟਵਿੱਟਰ ਪ੍ਰੋਫਾਈਲ ਤੋਂ ‘ਕਾਂਗਰਸ ਪ੍ਰਧਾਨ’ ਦਾ ਆਪਣਾ ਅਹੁਦਾ ਵੀ ਹਟਾ ਦਿੱਤਾ। ਰਾਹੁਲ ਨੇ ਪ੍ਰੋਫਾਈਲ ਵਿੱਚ ਖੁ਼ਦ ਨੂੰ ਭਾਰਤੀ ਨੈਸ਼ਨਲ ਕਾਂਗਰਸ ਦਾ ਮੈਂਬਰ ਤੇ ਸੰਸਦ ਮੈਂਬਰ ਦੱਸਿਆ। ਰਾਹੁਲ ਗਾਂਧੀ ਨੇ ਖੁੱਲ੍ਹੀ ਚਿੱਠੀ ’ਚ ਕਿਹਾ, ‘ਭਵਿੱਖ ਵਿੱਚ ਕਾਂਗਰਸ ਪਾਰਟੀ ਦੇ ਵਿਕਾਸ ਲਈ ਜਵਾਬਦੇਹੀ ਤੈਅ ਕਰਨਾ ਅਹਿਮ ਹੋਵੇਗਾ। ਇਹੀ ਵਜ੍ਹਾ ਹੈ ਕਿ ਮੈਂ ਕਾਂਗਰਸ ਪ੍ਰਧਾਨ ਵਜੋਂ ਅਸਤੀਫ਼ਾ ਦੇ ਦਿੱਤਾ ਹੈ।’ ਗਾਂਧੀ ਨੇ ਸਲਾਹ ਦਿੱਤੀ ਕਿ ਨਵੇਂ ਪਾਰਟੀ ਪ੍ਰਧਾਨ ਨੂੰ ਲੱਭਣ ਦਾ ਕੰਮ ਕਾਂਗਰਸ ਵਰਕਿੰਗ ਕਮੇਟੀ ਨੂੰ ਸੌਂਪ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਪਣੇ ਹੀ ਜਾਨਸ਼ੀਨ ਦੀ ਚੋਣ ਕਰਨਾ ਕਿਸੇ ਤਰ੍ਹਾਂ ਵੀ ਸਹੀ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਦੇਸ਼ ਤੇ ਪਾਰਟੀ ਵੱਲੋਂ ਦਿੱਤੇ ਪਿਆਰ ਲਈ ਹਮੇਸ਼ਾ ਉਨ੍ਹਾਂ ਦੇ ਰਿਣੀ ਰਹਿਣਗੇ। ਰਾਹੁਲ ਨੇ ਕਿਹਾ ਕਈ ਵਾਰ ਉਸ ਨੂੰ ਲੱਗਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਆਰਐਸਐਸ ਖ਼ਿਲਾਫ਼ ਵਿੱਢੀ ਲੜਾਈ ਵਿੱਚ ਉਹ ‘ਇਕੱਲਾ’ ਹੈ, ਪਰ ਉਸ ਨੂੰ ਇਸ ਗੱਲ ’ਤੇ ਮਾਣ ਹੈ। ਰਾਹੁਲ ਗਾਂਧੀ ਨੇ ਕਿਹਾ, ‘ਪਾਰਟੀ ਨੂੰ ਮੁੜ ਪੈਰਾਂ ਸਿਰ ਕਰਨ ਲਈ ਸਖ਼ਤ ਫ਼ੈਸਲਿਆਂ ਦੀ ਲੋੜ ਹੈ। 2019 ਦੀ ਨਾਕਾਮੀ ਲਈ ਵੱਡੀ ਗਿਣਤੀ ਲੋਕਾਂ ਨੂੰ ਜਵਾਬਦੇਹ ਬਣਾਉਣਾ ਹੋਵੇਗਾ। ਪਾਰਟੀ ਪ੍ਰਧਾਨ ਵਜੋਂ ਆਪਣੀ ਖੁ਼ਦ ਦੀ ਜ਼ਿੰਮੇਵਾਰੀ ਨੂੰ ਅਣਗੌਲਿਆਂ ਕਰਕੇ ਹੋਰਨਾਂ ਨੂੰ ਜਵਾਬਦੇਹ ਬਣਾਉਣਾ ਕਿਸੇ ਤਰ੍ਹਾਂ ਵੀ ਨਿਆਂਸੰਗਤ ਨਹੀਂ।’

Previous articleIran-linked hackers exploiting Microsoft Outlook bug: US
Next articleਝੋਨੇ ਦੇ ਸਮਰਥਨ ਮੁੱਲ ’ਚ 65 ਰੁਪਏ ਦਾ ਵਾਧਾ