ਵੱਡੀ ਗਿਣਤੀ ਪ੍ਰਸੰਸਕਾ ਨੇ ਲਿਆ ਸੁੱਖ ਦਾ ਸਾਹ, ਬੇਟੇ ਅਭਿਸ਼ੇਕ ਸਮੇਤ ਛੇਤੀ ਛੁੱਟੀ ਮਿਲਣ ਦੇ ਚਰਚੇ

ਮੁੰਬਈ /ਨਕੋਦਰ (ਹਰਜਿੰਦਰ ਛਾਬੜਾ) (ਸਮਾਜਵੀਕਲੀ): ਦੇਸ਼ ਅੰਦਰ ਕਰੋਨਾ ਦੇ ਵਧਦੇ ਮਾਮਲਿਆਂ ਦਰਮਿਆਨ ਕਈ ਸੁਖਾਵੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ। ਪ੍ਰਸਿੱਧ ਅਦਾਕਾਰ ਅਮਿਤਾਭ ਬੱਚਣ ਦੇ ਪ੍ਰਸੰਸਕਾਂ ਲਈ ਵੀ ਇਕ ਸੁਖਦਾਇਕ ਖ਼ਬਰ ਆਈ ਹੈ। ਨਾਨਾਵਤੀ ਹਸਪਤਾਲ ‘ਚ ਕਰੋਨਾ ਦੇ ਇਲਾਜ ਅਧੀਨ ਭਰਤੀ ਅਮਿਤਾਭ ਬੱਚਣ ਦੀ ਕਰੋਨਾ ਰਿਪੋਰਟ ਹੁਣ ਨੈਗੇਟਿਵ ਆ ਗਈ ਹੈ।
ਪਿਛਲੇ ਦਿਨੀਂ ਉਨ੍ਹਾਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ 11 ਜੁਲਾਈ ਨੂੰ ਹਸਪਤਾਲ ‘ਚ ਭਰਤੀ ਹੋਣਾ ਪਿਆ ਸੀ। ਇੰਨਾ ਹੀ ਨਹੀਂ, ਉਨ੍ਹਾਂ ਦੇ ਪੁੱਤਰ ਨੂੰਹ ਅਤੇ ਪੋਤਰੀ ਨੂੰ ਵੀ ਕਰੋਨਾ ਹੋਣ ਦੀ ਪੁਸ਼ਟੀ ਹੋਈ ਸੀ। ਪਰਵਾਰ ਦੇ ਬਾਕੀ ਜੀਅ ਪਹਿਲਾਂ ਹੀ ਸਿਹਤਯਾਬ ਹੋ ਚੁੱਕੇ ਹਨ।
ਹੁਣ ਅਮਿਤਾਭ ਬੱਚਨ ਦੀ ਰਿਪੋਰਟ ਨੈਗੇਟਿਵ ਆਉਣ ਬਾਅਦ ਪਰਵਾਰ ਸਮੇਤ ਉਨ੍ਹਾਂ ਦੇ ਵੱਡੀ ਗਿਣਤੀ ਪ੍ਰਸੰਸਕਾ ਨੇ ਸੁੱਖ ਦਾ ਸਾਹ ਲਿਆ ਹੈ। ਅਮਿਤਾਭ ਦੀ ਸਿਹਤਯਾਬੀ ਲਈ ਦੇਸ਼ ਭਰ ਅੰਦਰ ਉਨ੍ਹਾਂ ਦੇ ਵੱਡੀ ਗਿਣਤੀ ਪ੍ਰਸੰਸਕਾਂ ਵਲੋਂ ਦੁਆਵਾਂ ਮੰਗੀਆਂ ਜਾ ਰਹੀਆਂ ਸਨ। ਕਈ ਥਾਈਂ ਉਨ੍ਹਾਂ ਦੀ ਸਿਹਤਯਾਬੀ ਲਈ ਪੂਜਾ ਅਰਜਨਾ ਅਤੇ ਹਵਨ ਆਦਿ ਕੀਤੇ ਜਾਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਸਨ।
ਸਾਹਮਣੇ ਆ ਰਹੀਆਂ ਖ਼ਬਰਾਂ ਮੁਤਾਬਕ ਅਮਿਤਾਭ ਦੇ ਬਲਡ ਟੈਸਟ, ਸੀਟੀ ਸਕੈਨ ਆਦਿ ਟੈਸਟਾਂ ਦੀਆਂ ਰਿਪੋਰਟਾਂ ਨਾਰਮਲ ਆਈਆਂ ਹਨ।
ਅਭਿਸ਼ੇਕ ਦੀ ਹਾਲਤ ਵੀ ਠੀਕ ਹੈ। ਉਸ ਨੂੰ ਅਮਿਤਾਭ ਤੋਂ ਬਾਅਦ ਉਸੇ ਦਿਨ ਨਾਨਾਵਤੀ ਵਿਚ ਦਾਖ਼ਲ ਕਰਵਾਇਆ ਗਿਆ ਸੀ ਤੇ ਅਜਿਹੀ ਸਥਿਤੀ ਵਿਚ ਦੋਵਾਂ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਦੀਆਂ ਕਿਆਸ-ਅਰਾਈਆਂ ਲਗਾਈਆ ਜਾ ਰਹੀਆਂ ਹਨ।
ਭਾਵੇਂ ਕਿ ਹਸਪਤਾਲ ਜਾਂ ਕਿਸੇ ਹੋਰ ਅਧਿਕਾਰਤ ਸੂਤਰ ਤੋਂ ਅਮਿਤਾਭ ਬੱਚਨ ਅਤੇ ਉਨ੍ਹਾਂ ਦੇ ਪੁੱਤਰ ਨੂੰ ਕਦੋਂ ਛੁੱਟੀ ਮਿਲੇਗੀ, ਸਬੰਧੀ ਕੋਈ ਪੁਸ਼ਟੀ ਨਹੀਂ ਹੋਈ ਹੈ, ਪਰ ਸਾਮ੍ਹਣੇ ਆ ਰਹੀਆਂ ਕਿਆਸ-ਅਰਾਈਆਂ ਮੁਤਾਬਕ ਉਨ੍ਹਾਂ ਨੂੰ ਆਉਂਦੇ ਇਕ ਜਾਂ ਦੋ ਦਿਨ ਬਾਅਦ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ।