ਚੰਡੀਗੜ੍ਹ (ਸਮਾਜਵੀਕਲੀ) : ਪੰਜਾਬ ਸਰਕਾਰ ਨੇ ਸਖ਼ਤ ਸ਼ਰਤਾਂ ਨਾਲ ਸੂਬੇ ਵਿਚਲੇ ਸਾਰੇ ਹੋਟਲਾਂ ਅਤੇ ਰੈਸਤਰਾਂ ਨੂੰ ਖੋਲ੍ਹਣ ਲਈ ਹਰੀ ਝੰਡੀ ਦੇ ਦਿੱਤੀ ਹੈ। ਸਰਕਾਰ ਦੀ ਇਸ ਪੇਸ਼ਕਦਮੀ ਨਾਲ ਵਿੱਤੀ ਸੰਕਟ ਝੱਲ ਰਹੀ ਹੋਟਲ ਸਨਅਤ ਨੂੰ ਥੋੜ੍ਹੀ ਰਾਹਤ ਮਿਲੇਗੀ। ਕਰੋਨਾ ਦੇ ਕਹਿਰ ਮਗਰੋਂ ਪੰਜਾਬ ਭਰ ਵਿੱਚ ਕਰੀਬ ਪੰਜ ਹਜ਼ਾਰ ਹੋਟਲ ਅਤੇ ਰੈਸਤਰਾਂ ਪੂਰੀ ਤਰ੍ਹਾਂ ਬੰਦ ਪਏ ਸਨ। ਮੁੱਢਲੇ ਪੜਾਅ ’ਤੇ ਸਰਕਾਰ ਨੇ ਇਨ੍ਹਾਂ ਤੋਂ ਖਾਣਾ ਘਰ ਲਿਜਾਣ ਦੀ ਹੀ ਖੁੱਲ੍ਹ ਦਿੱਤੀ ਸੀ। ਹੁਣ ਹੋਟਲਾਂ ਅਤੇ ਰੈਸਤਰਾਂ ਵਿੱਚ ਬੈਠ ਕੇ ਰਾਤ ਅੱਠ ਵਜੇ ਤੱਕ ਖਾਣਾ ਖਾਣ ਦੀ ਛੋਟ ਦੇ ਦਿੱਤੀ ਗਈ ਹੈ। ਬਾਰ ਹਾਲਾਂਕਿ ਪਹਿਲਾਂ ਵਾਂਗ ਅਜੇ ਬੰਦ ਰਹਿਣਗੇ। ਪੰਜਾਬ ਵਿੱਚ ਕੁਲ ਮਿਲਾ ਕੇ 2600 ਦੇ ਕਰੀਬ ਬਾਰ ਹਨ।
ਪੰਜਾਬ ਸਰਕਾਰ ਵਲੋਂ ਜਾਰੀ ਨਵੀਆਂ ਸੇਧਾਂ ਅਨੁਸਾਰ ਪ੍ਰਾਹੁਣਚਾਰੀ ਸੇਵਾਵਾਂ ਹੁਣ ਆਮ ਵਾਂਗ ਖੁੱਲ੍ਹਣਗੀਆਂ। ਸਰਕਾਰੀ ਫੈਸਲੇ ਵਿੱਚ ਹਾਲਾਂਕਿ ਕਲੱਬਾਂ ਬਾਰੇ ਵਿਸ਼ੇਸ਼ ਤੌਰ ’ਤੇ ਕੁਝ ਸਪੱਸ਼ਟ ਨਹੀਂ ਕੀਤਾ ਗਿਆ ਹੈ। ਨਵੀਆਂ ਹਦਾਇਤਾਂ ਅਨੁਸਾਰ ਹੋਟਲ ਅਤੇ ਰੈਸਟੋਰੈਂਟਾਂ ਦੀ ਸਮਰੱਥਾ ਮੁਤਾਬਕ ’ਚ 50 ਫੀਸਦ ਤਕ ਜਾਂ ਵੱਧ ਤੋਂ ਵੱਧ 50 ਮਹਿਮਾਨਾਂ (ਜਿਹੜਾ ਵੀ ਦੋਵਾਂ ’ਚੋਂ ਘੱਟ ਹੋਵੇ) ਦੇ ਬੈਠਣ ਦੀ ਆਗਿਆ ਹੋਵੇਗੀ।
ਪ੍ਰਬੰਧਕਾਂ ਵੱਲੋਂ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕੀਤੀ ਜਾਵੇਗੀ। ਸਰਕਾਰ ਨੇ ਬਾਰ ਖੋਲ੍ਹਣ ਬਾਰੇ ਅਜੇ ਕੋਈ ਫੈਸਲਾ ਨਹੀਂ ਲਿਆ ਹੈ। ਊਂਜ ਇਹ ਕਿਹਾ ਹੈ ਕਿ ਰਾਜ ਦੀ ਆਬਕਾਰੀ ਨੀਤੀ ਤਹਿਤ ਹੋਟਲ ਦੇ ਕਮਰਿਆਂ ਵਿੱਚ ਸ਼ਰਾਬ ਵਰਤਾਈ ਜਾ ਸਕਦੀ ਹੈ। ਬੈਂਕੁਏਟ ਹਾਲਾਂ/ਮੈਰਿਜ ਪੈਲੇਸਾਂ ਵਿੱਚ ਵੀ ਬਾਰ ਬੰਦ ਰਹਿਣਗੀਆਂ, ਪਰ ਰਾਜ ਦੀ ਆਬਕਾਰੀ ਨੀਤੀ ਮੁਤਾਬਕ ਸਮਾਗਮ ਵਿੱਚ ਸ਼ਰਾਬ ਵਰਤਾਈ ਜਾ ਸਕਦੀ ਹੈ।
ਸੇਧਾਂ ਅਨੁਸਾਰ ਵਿਆਹ ਸਮਾਗਮਾਂ ਤੋਂ ਇਲਾਵਾ ਬੈਂਕੁਏਟ ਹਾਲਾਂ ਵਿੱਚ ‘ਓਪਨ-ਏਅਰ’ ਪਾਰਟੀਆਂ, ਮੈਰਿਜ ਪੈਲੇਸਾਂ, ਹੋਟਲਾਂ ਅਤੇ ਖੁੱਲ੍ਹੀਆਂ ਥਾਵਾਂ ਵਿੱਚ ਹੋਣ ਵਾਲੇ ਹੋਰ ਸਮਾਜਿਕ ਕਾਰਜਾਂ ਅਤੇ ਪਾਰਟੀਆਂ ਵਿੱਚ 50 ਤੱਕ ਵਿਅਕਤੀ ਸ਼ਾਮਲ ਹੋ ਸਕਣਗੇ। ਕੈਟਰਿੰਗ ਸਟਾਫ਼ ਤੋਂ ਛੁੱਟ ਮਹਿਮਾਨਾਂ ਦੀ ਗਿਣਤੀ 50 ਵਿਅਕਤੀਆਂ ਤੋਂ ਵੱਧ ਨਹੀਂ ਹੋਵੇਗੀ।
50 ਵਿਅਕਤੀਆਂ ਲਈ ਬੈਂਕੁਏਟ ਹਾਲ ਅਤੇ ਸਥਾਨ ਦਾ ਆਕਾਰ ਘੱਟੋ-ਘੱਟ 5,000 ਵਰਗ ਫੁੱਟ ਹੋਣਾ ਚਾਹੀਦਾ ਹੈ ਤਾਂ ਜੋ ਹਰੇਕ ਵਿਅਕਤੀ ਲਈ 10×10 ਖੇਤਰ ਦੀ ਜ਼ਰੂਰਤ ਦੇ ਅਧਾਰ ’ਤੇ ਲੋੜੀਂਦੀ ਸਮਾਜਿਕ ਦੂਰੀ ਦਾ ਪਾਲਣ ਕੀਤਾ ਜਾ ਸਕੇ। ਜ਼ਿਲ੍ਹਾ ਅਧਿਕਾਰੀਆਂ ਨੂੰ ਸਥਾਨਕ ਸਥਿਤੀ ਦੇ ਅਧਾਰ ’ਤੇ ਦਿਸ਼ਾ-ਨਿਰਦੇਸ਼ਾਂ ਅਤੇ ਹੋਰ ਨਿਰਧਾਰਿਤ ਮਾਪਦੰਡਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਵੀ ਨਿਰਦੇਸ਼ ਦਿੱਤੇ ਗਏ ਹਨ। ਉਂਜ ਜ਼ਿਲ੍ਹਾ ਅਧਿਕਾਰੀਆਂ ਨੂੰ ਲੋੜ ਮੁਤਾਬਕ ਹੋਰ ਪਾਬੰਦੀਆਂ ਲਗਾਉਣ ਦੀ ਖੁੱਲ੍ਹ ਹੋਵੇਗੀ।