ਰਾਜ ਬੱਬਰ, ਹੇਮਾ, ਗਡਕਰੀ ਅਤੇ ਫਾਰੂਕ ਸਮੇਤ ਕਈ ਆਗੂਆਂ ਵੱਲੋਂ ਪਰਚੇ ਦਾਖ਼ਲ

ਲੋਕ ਸਭਾ ਚੋਣਾਂ ਦੇ ਪਹਿਲੇ ਗੇੜ (11 ਅਪਰੈਲ) ਲਈ ਅੱਜ ਨਾਮਜ਼ਦਗੀਆਂ ਭਰਨ ਦੇ ਅੰਤਿਮ ਦਿਨ ਉਮੀਦਵਾਰਾਂ ’ਚ ਭਾਰੀ ਜੋਸ਼ ਦੇਖਣ ਨੂੰ ਮਿਲਿਆ। ਉਧਰ ਦੂਜੇ ਗੇੜ (18 ਅਪਰੈਲ) ਲਈ ਨਾਮਜ਼ਦਗੀਆਂ ਭਰਨ ਦਾ ਕੰਮ ਵੀ ਤੇਜ਼ ਹੋ ਗਿਆ ਹੈ। ਵੱਖ ਵੱਖ ਪਾਰਟੀਆਂ ਦੇ ਸੀਨੀਅਰ ਆਗੂਆਂ ਵੱਲੋਂ ਅੱਜ ਪਰਚੇ ਦਾਖ਼ਲ ਕੀਤੇ ਗਏ। ਕਾਂਗਰਸ ਦੇ ਰਾਜ ਬੱਬਰ ਨੇ ਫਤਿਹਪੁਰ ਸੀਕਰੀ (ਯੂਪੀ), ਭਾਜਪਾ ਦੀ ਹੇਮਾ ਮਾਲਿਨੀ ਅਤੇ ਰਾਸ਼ਟਰੀ ਲੋਕਦਲ ਦੇ ਨਰੇਂਦਰ ਸਿੰਘ ਨੇ ਮਥੁਰਾ (ਯੂਪੀ) ਅਤੇ ਨਿਤਿਨ ਗਡਕਰੀ ਨੇ ਨਾਗਪੁਰ, ਨੈਸ਼ਨਲ ਕਾਨਫਰੰਸ ਦੇ ਫਾਰੂਕ ਅਬਦੁੱਲਾ ਨੇ ਸ੍ਰੀਨਗਰ ਅਤੇ ਡੀਐਮਕੇ ਦੀ ਕਨਮੋੜੀ ਨੇ ਟੂਟੀਕੋਰਨ ਤੋਂ ਆਪਣੀਆਂ ਨਾਮਜ਼ਦਗੀਆਂ ਦਾਖ਼ਲ ਕੀਤੀਆਂ। ਬਿਹਾਰ ’ਚ ਪਹਿਲੇ ਗੇੜ ਦੀਆਂ ਚੋਣਾਂ ਦੇ ਅੱਜ ਪਰਚੇ ਭਰਨ ਦੇ ਆਖਰੀ ਦਿਨ 60 ਉਮੀਦਵਾਰਾਂ ਨੇ ਨਾਮਜ਼ਦਗੀਆਂ ਭਰੀਆਂ। ਇਥੋਂ ਦੀਆਂ ਚਾਰ ਸੀਟਾਂ ’ਤੇ 11 ਅਪਰੈਲ ਨੂੰ ਵੋਟਾਂ ਪੈਣੀਆਂ ਹਨ। ਭਾਜਪਾ ਦੀ ਭਾਈਵਾਲ ਲੋਕ ਜਨਸ਼ਕਤੀ ਪਾਰਟੀ ਦੇ ਮੁਖੀ ਰਾਮ ਵਿਲਾਸ ਪਾਸਵਾਨ ਦੇ ਪੁੱਤਰ ਚਿਰਾਗ ਪਾਸਵਾਨ ਅਤੇ ਹਿੰਦੁਸਤਾਨੀ ਅਵਾਮ ਮੋਰਚਾ ਦੇ ਜੀਤਨ ਰਾਮ ਮਾਂਝੀ ਪਰਚੇ ਭਰਨ ਵਾਲਿਆਂ ’ਚ ਸ਼ਾਮਲ ਰਹੇ। ਮੇਘਾਲਿਆ ’ਚ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸ ਆਗੂ ਮੁਕੁਲ ਸੰਗਮਾ ਨੇ ਤੁਰਾ ਸੀਟ ਲਈ ਪਰਚੇ ਭਰੇ। ਮੇਘਾਲਿਆ ’ਚ ਲੋਕ ਸਭਾ ਦੀਆਂ ਦੋ ਸੀਟਾਂ ਹਨ ਅਤੇ ਇਥੇ 11 ਅਪਰੈਲ ਨੂੰ ਵੋਟਾਂ ਪੈਣਗੀਆਂ। ਤੁਰਾ ਸੀਟ ’ਤੇ ਤਿਕੋਣਾ ਮੁਕਾਬਲਾ ਹੈ ਜਿਥੋਂ ਹੁਕਮਰਾਨ ਨੈਸ਼ਨਲ ਪੀਪਲਜ਼ ਪਾਰਟੀ ਦੇ ਅਗਾਥਾ ਕੇ ਸੰਗਮਾ ਅਤੇ ਭਾਜਪਾ ਦੇ ਰਿਕਮੈਨ ਵੀ ਉਮੀਦਵਾਰ ਹਨ। ਸ਼ਿਲਾਂਗ ਤੋਂ ਭਾਜਪਾ ਵਿਧਾਇਕ ਸਨਬੋਰ ਸ਼ੁਲਾਈ ਉਮੀਦਵਾਰ ਹਨ। ਤਿਲੰਗਾਨਾ ’ਚ 17 ਸੀਟਾਂ ਲਈ ਕੁੱਲ 699 ਨਾਮਜ਼ਦਗੀਆਂ ਭਰੀਆਂ ਗਈਆਂ ਹਨ। ਕਾਂਗਰਸ ਦੇ ਸੂਬਾ ਪ੍ਰਧਾਨ ਐਨ ਉੱਤਮ ਕੁਮਾਰ ਰੈੱਡੀ (ਨਾਲਗੋਂਡਾ), ਏਆਈਐਮਆਈਐਮ ਮੁਖੀ ਅਸਦੂਦੀਨ ਓਵਾਇਸੀ (ਹੈਦਰਾਬਾਦ), ਸਾਬਕਾ ਕੇਂਦਰੀ ਮੰਤਰੀ ਰੇਣੂਕਾ ਚੌਧਰੀ (ਖੰਮਾਮ), ਟੀਆਰਐਸ ਆਗੂ ਅਤੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਦੀ ਧੀ ਕੇ ਕਵਿਤਾ (ਨਿਜ਼ਾਮਾਬਾਦ) ਆਦਿ ਅਹਿਮ ਉਮੀਦਵਾਰਾਂ ਨੇ ਪਰਚੇ ਦਾਖ਼ਲ ਕੀਤੇ। ਮਨੀਪੁਰ ਦੀਆਂ ਦੋ ਸੀਟਾਂ ਲਈ ਵੀ ਭਾਜਪਾ ਅਤੇ ਕਾਂਗਰਸ ਉਮੀਦਵਾਰਾਂ ਨੇ ਪਰਚੇ ਭਰੇ।

Previous articleਰਾਹੁਲ ਨੇ ਗਰੀਬਾਂ ਲਈ ਆਮਦਨ ਸਕੀਮ ਐਲਾਨੀ
Next articleਕੋਟਕਪੂਰਾ ਗੋਲੀ ਕਾਂਡ: ਸਾਬਕਾ ਐੱਸਐੱਸਪੀ ਦਾ ਪੁਲੀਸ ਰਿਮਾਂਡ