ਰਾਜਸਥਾਨ-ਹਰਿਆਣਾ ਹੱਦ: ਕਿਸਾਨਾਂ ’ਤੇ ਜਲ ਤੋਪਾਂ ਤੇ ਅੱਥਰੂ ਗੈਸ ਦੀ ਵਰਤੋਂ

ਚੰਡੀਗੜ੍ਹ (ਸਮਾਜ ਵੀਕਲੀ):  ਰਾਜਸਥਾਨ ਨਾਲ ਲੱਗਦੇ ਸ਼ਾਹਜਹਾਂਪੁਰ ਬਾਰਡਰ ’ਤੇ ਟਰੈਕਟਰ ਟਰਾਲੀਆਂ ਨਾਲ ਪੁਲੀਸ ਬੈਰੀਕੇਡ ਤੋੜ ਕੇ ਦਿੱਲੀ ਜਾਣ ਦੀ ਕੋਸ਼ਿਸ਼ ਕਰਦੇ ਕਿਸਾਨਾਂ ’ਤੇ ਹਰਿਆਣਾ ਪੁਲੀਸ ਨੇ ਅੱਜ ਜਲ ਤੋਪਾਂ ਤੇ ਅੱਥਰੂ ਗੈਸ ਦੀ ਵਰਤੋਂ ਕੀਤੀ।

ਪੁਲੀਸ ਨੇ ਦੱਸਿਆ ਕਿ ਇਸ ਦੌਰਾਨ 25 ਦੇ ਕਰੀਬ ਟਰੈਕਟਰ ਬੈਰੀਕੇਡ ਤੋੜ ਕੇ ਲੰਘਣ ’ਚ ਕਾਮਯਾਬ ਹੋ ਗਏ ਜਦਕਿ ਬਾਕੀ ਕਿਸਾਨਾਂ ਨੂੰ ਸ਼ਾਹਜਹਾਂਪੁਰ-ਰੇਵਾੜੀ ਬਾਰਡਰ ’ਤੇ ਹੀ ਰੋਕ ਲਿਆ ਗਿਆ ਹੈ। ਤਿੰਨੋਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਇੱਥੇ ਕਈ ਦਿਨਾਂ ਤੋਂ ਧਰਨੇ ’ਤੇ ਬੈਠੇ ਹੋਏ ਹਨ। ਕਿਸਾਨ ਆਗੂਆਂ ਨੇ ਸਪੱਸ਼ਟ ਕੀਤਾ ਕਿ ਜਿਨ੍ਹਾਂ ਮੁਜ਼ਾਹਰਾਕਾਰੀਆਂ ਨੇ ਜਬਰੀ ਹਰਿਆਣਾ ’ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਹੈ ਉਨ੍ਹਾਂ ਦਾ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ।

ਕਿਸਾਨ ਮਹਾ ਪੰਚਾਇਤ ਦੇ ਪ੍ਰਧਾਨ ਰਾਮਪਾਲ ਜਾਟ ਨੇ ਕਿਹਾ, ‘ਅੰਦੋਲਨ ਸ਼ਾਂਤੀਪੂਰਨ ਢੰਗ ਨਾਲ ਚੱਲ ਰਿਹਾ ਹੈ ਪਰ ਕੁਝ ਕਿਸਾਨਾਂ ਨੇ ਹਰਿਆਣਾ ’ਚ ਜਬਰੀ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਤੋਂ ਅਜਿਹੀ ਉਮੀਦ ਨਹੀਂ ਸੀ।’ ਕਿਸਾਨ ਆਗੂਆਂ ਵੱਲੋਂ ਰੁਕਣ ਦੀ ਅਪੀਲ ਕੀਤੇ ਜਾਣ ਦੇ ਬਾਵਜੂਦ ਕੁਝ ਕਿਸਾਨਾਂ ਨੇ ਜਬਰੀ ਦਿੱਲੀ ਵੱਲ ਵਧਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੂੰ ਰੋਕਣ ਲਈ ਹਰਿਆਣਾ ਪੁਲੀਸ ਨੇ ਜਲ ਤੋਪਾਂ ਤੇ ਅੱਥਰੂ ਗੈਸ ਦੇ ਗੋਲਿਆਂ ਦੀ ਵਰਤੋਂ ਕਰਨੀ ਪਈ ਹੈ। ਇਸੇ ਦੌਰਾਨ ਸ਼ਾਹਜਹਾਂਪੁਰ ’ਚ ਕਿਸਾਨ ਆਗੂਆਂ ਨੇ ਅੰਦੋਲਨ ਸ਼ਾਂਤਮਈ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਆਪਣੇ ਕੁਝ ਮੈਂਬਰ ਹਰਿਆਣਾ ਅੰਦਰ ਦਾਖਲ ਹੋਏ ਮੈਂਬਰਾਂ ਨੂੰ ਸਮਝਾ ਕੇ ਵਾਪਸ ਲਿਆਉਣ ਲਈ ਭੇਜੇ ਹਨ।

Previous articleਨਵਾਂ ਵਰ੍ਹਾ, ਨਵੀਂ ਉਮੀਦ: ਪੰਜਾਬ ਵਿੱਚ ਚੜ੍ਹੇਗਾ ਨਵਾਂ ਸੂਰਜ
Next articleਮੱਧ ਪ੍ਰਦੇਸ਼ ਦੇ ਕਿਸਾਨਾਂ ਨਾਲ ਮਿਲ ਕੇ ਡਟੇ ਪਲਵਲ ਦੇ ਲੋਕ