ਮੱਧ ਪ੍ਰਦੇਸ਼ ਦੇ ਕਿਸਾਨਾਂ ਨਾਲ ਮਿਲ ਕੇ ਡਟੇ ਪਲਵਲ ਦੇ ਲੋਕ

ਫਰੀਦਾਬਾਦ (ਸਮਾਜ ਵੀਕਲੀ):  ਦਿੱਲੀ-ਆਗਰਾ ਹਾਈਵੇਅ ਉੱਪਰ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਿਹਾ ਧਰਨਾ 29ਵੇਂ ਦਿਨ ਵੀ ਜਾਰੀ ਰਿਹਾ ਤੇ ਕਿਸਾਨਾਂ ਨੇ ਠੰਢ ਦੇ ਮੌਸਮ ਵਿੱਚ ਮੋਦੀ ਸਰਕਾਰ ਖ਼ਿਲਾਫ਼ ਨਾਅਰੇ ਲਾ ਕੇ ਗਰਮੀ ਬਣਾਈ ਰੱਖੀ। ਇਸ ਧਰਨੇ ਵਿੱਚ ਪਲਵਲ ਤੇ ਆਸ-ਪਾਸ ਦੇ ਇਲਾਕੇ ਦੇ ਕਿਸਾਨ ਸ਼ਾਮਲ ਹਨ ਜੋ ਮੱਧ ਪ੍ਰਦੇਸ਼ ਤੋਂ ਆਏ ਹੋਏ ਕਿਸਾਨਾਂ ਨਾਲ ਮਿਲ ਕੇ ਇਸ ਧਰਨੇ ਨੂੰ ਕਾਇਮ ਰੱਖ ਰਹੇ ਹਨ। ਇੱਥੇ ਦੀ ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਦੋ ਮੰਗਾਂ ਮੰਨਣ ਲਈ ਹਾਮੀ ਭਰੀ ਹੈ ਪਰ ਕਿਸਾਨ ਬਾਕੀ ਦੀਆਂ ਰਹਿੰਦੀਆਂ ਮੰਗਾਂ ਮਨਵਾਉਣ ਲਈ ਦ੍ਰਿੜ੍ਹ ਹਨ।

ਅੱਜ ਵੀ ਇੱਥੇ 11 ਕਿਸਾਨਾਂ ਨੇ ਭੁੱਖ ਹੜਤਾਲ ਜਾਰੀ ਰੱਖੀ ਹੋੋਈ ਹੈ ਜੋ ਕਿਸਾਨ ਭੁੱਖ ਹੜਤਾਲ ਉਪਰ ਬੈਠਦੇ ਹਨ ਉਨ੍ਹਾਂ ਦੇ ਗਲਾਂ ਵਿੱਚ ਹਾਰ ਪਾ ਕੇ ਸਵਾਗਤ ਕੀਤਾ ਜਾਂਦਾ ਹੈ। ਇਸ ਧਰਨੇ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਕੌਮੀ ਆਗੂ ਜੋ ਵੀ ਹੁਕਮ ਦਿੰਦੇ ਹਨ ਉਹ ਅਮਲ ’ਚ ਲਿਆਂਦਾ ਜਾਂਦਾ ਹੈ। ਇਸੇ ਤਰ੍ਹਾਂ ਗਾਜ਼ੀਪੁਰ ਧਰਨੇ ਉੱਪਰ ਵੀ ਉੱਤਰਾਖੰਡ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕਿਸਾਨ ਡਟੇ ਹੋਏ ਹਨ। ਗਾਜ਼ੀਪੁਰ ਦੇ ਕਿਸਾਨਾਂ ਨੇ ਵੀ ਪੱਕੇ ਟੈਂਟ ਗੱਡ ਲਏ ਹਨ ਤੇ ਉਹ ਵੀ ਲੰਬੇ ਸਮੇਂ ਦੀ ਤਿਆਰੀ ਕਰਕੇ ਆਏ ਹਨ। ਗਾਜ਼ੀਪੁਰ ਤੇ ਟਿਕਰੀ ਦੇ ਧਰਨਿਆਂ ਦਰਮਿਆਨ ਤਾਲਮੇਲ ਕਰ ਰਹੀ ਇਕ ਜਾਟਣੀ ਆਗੂ ਬੀਬੀ ਰੋਨਿਤ ਨੇ ਦੱਸਿਆ ਕਿ ਕਿਸਾਨ ਬਾਕੀ ਮੰਗਾਂ ਵੀ ਮਨਵਾ ਕੇ ਦਮ ਲੈਣਗੇ।

Previous articleਰਾਜਸਥਾਨ-ਹਰਿਆਣਾ ਹੱਦ: ਕਿਸਾਨਾਂ ’ਤੇ ਜਲ ਤੋਪਾਂ ਤੇ ਅੱਥਰੂ ਗੈਸ ਦੀ ਵਰਤੋਂ
Next articleWith bonfire and camaraderie, Singhu welcomes 2021