ਨਵਾਂ ਵਰ੍ਹਾ, ਨਵੀਂ ਉਮੀਦ: ਪੰਜਾਬ ਵਿੱਚ ਚੜ੍ਹੇਗਾ ਨਵਾਂ ਸੂਰਜ

ਚੰਡੀਗੜ੍ਹ (ਸਮਾਜ ਵੀਕਲੀ): ਪੰਜਾਬ ’ਚ ਨਵੇਂ ਵਰ੍ਹੇ ’ਤੇ ਨਵਾਂ ਫੁੱਲ ਖਿੜੇਗਾ। ਲੰਘਿਆ ਸਾਲ ਅਭੁੱਲ ਯਾਦ ਬਣੇਗਾ। ਨਵੀਂ ਉਮੀਦ, ਨਵੀਂ ਉਮੰਗ ਦਾ ਸੂਰਜ ਵਰ੍ਹਿਆਂ ਮਗਰੋਂ ਪੰਜਾਬ ਦਾ ਨਸੀਬ ਬਣੇਗਾ। ਕਿਸਾਨ ਅੰਦੋਲਨ ਨੇ ਪੰਜਾਬ ਨੂੰ ਨਵਾਂ ਜਨਮ ਦਿੱਤਾ ਹੈ। ਜੈਕਾਰਿਆਂ ਦੀ ਗੂੰਜ ’ਚ ਅੱਜ ਸਿੰਘੂ ਅਤੇ ਟਿਕਰੀ ਬਾਰਡਰ ’ਤੇ ਵਰ੍ਹਾ 2020 ਨੂੰ ਅਲਵਿਦਾ ਕਿਹਾ ਗਿਆ। ਨਵੇਂ ਜੋਸ਼ ਤੇ ਜਜ਼ਬੇ ਨਾਲ ਪੰਜਾਬ ਨੇ ਨਵੇਂ ਵਰ੍ਹੇ ਨੂੰ ‘ਜੀ ਆਇਆਂ ਨੂੰ’ ਆਖਿਆ। ਵਰ੍ਹਿਆਂ ਤੋਂ ਸੁੱਤਾ ਪੰਜਾਬ ਲੰਘੇ ਵਰ੍ਹੇ ਦੇ ਅਖੀਰ ’ਚ ਜਾਗਿਆ ਅਤੇ ਨਵੇਂ ਵਰ੍ਹੇ ’ਚ ਨਵੀਂ ਇਬਾਰਤ ਲਿਖੇਗਾ।

ਮਾਨਸਾ ਦੀ ਬਜ਼ੁਰਗ ਪ੍ਰੀਤਮ ਕੌਰ ਦੇ ਪੋਤੇ ਪਹਿਲਾਂ ਵਿਦੇਸ਼ ਜਾਣਾ ਚਾਹੁੰਦੇ ਸਨ, ਹੁਣ ਉਨ੍ਹਾਂ ਦਾ ਮਨ ਬਦਲ ਗਿਆ ਹੈ। ਬਜ਼ੁਰਗ ਆਖਦੀ ਹੈ ਕਿ ਕਿਸਾਨੀ ਘੋਲ ਨੇ ਨਵੇਂ ਸਬਕ ਦੇ ਦਿੱਤੇ ਹਨ ਤੇ ਉਸ ਦੇ ਪੋਤੇ ਹੁਣ ਵਧੇਰੇ ਜ਼ਿੰਮੇਵਾਰ ਬਣੇ ਹਨ। ਦਿੱਲੀ ਮੋਰਚੇ ’ਚ ਬੈਠੇ ਖਮਾਣੋਂ ਦੇ ਸੁਖਵਿੰਦਰ ਸਿੰਘ ਨੇ ਕਿਹਾ ਕਿ ਨਵੇਂ ਸਾਲ ’ਚ ਲੀਡਰਾਂ ਨੂੰ ਅਕਲ ਆਵੇ ਅਤੇ ਪ੍ਰਮਾਤਮਾ ਅਜਿਹੇ ਆਗੂਆਂ ਨੂੰ ਸੁਮੱਤ ਬਖਸ਼ੇ, ਇਹੋ ਅਰਦਾਸ ਕਰਦੇ ਹਾਂ। ਸਿੰਘੂ ਬਾਰਡਰ ’ਤੇ ਆਏ ਪ੍ਰੋ. ਜਗਤਾਰ ਸਿੰਘ ਜੋਗਾ ਆਖਦੇ ਹਨ ਕਿ ਕੋਵਿਡ ਨੇ ਲੰਘੇ ਵਰ੍ਹੇ ਦੇ ਅੱਧ ਤੱਕ ਮੌਤਾਂ ਵੰਡੀਆਂ ਪ੍ਰੰਤੂ ਕਿਸਾਨ ਘੋਲ ਨੇ ਪੰਜਾਬ ਨੂੰ ਸੋਝੀ ਵੰਡੀ ਹੈ ਜਿਸ ਦੀ ਲਗਰ ਨਵੇਂ ਵਰ੍ਹੇ ’ਚ ਫੈਲੇਗੀ।

ਸੰਗਰੂਰ ਦੇ ਪਿੰਡ ਰਾਮਗੜ੍ਹ ਦੇ ਨੌਜਵਾਨ ਗੁਰਪ੍ਰੀਤ ਨੇ ਕਿਹਾ ਕਿ ਨਵਾਂ ਵਰ੍ਹਾ ਨਵੀਂ ਕਹਾਣੀ ਲਿਖੇਗਾ ਅਤੇ ਉਹ ਜਿੱਤ ਕੇ ਵਾਪਸ ਪਰਤਣਗੇ। ਭਵਾਨੀਗੜ੍ਹ ਦਾ ਅਧਿਆਪਕ ਰਘਬੀਰ ਸਿੰਘ ਆਪਣੇ ਸਾਥੀ ਅਧਿਆਪਕਾਂ ਸਮੇਤ ਸਿੰਘੂ ਬਾਰਡਰ ’ਤੇ ਸਕੂਲੀ ਬੱਚਿਆਂ ਨੂੰ ਮੋਰਚੇ ਦੌਰਾਨ ਹੀ ਪੜ੍ਹਾ ਰਿਹਾ ਹੈ। ਉਸ ਨੇ ਕਿਹਾ ਕਿ ਨਵੀਂ ਪੀੜ੍ਹੀ ਨੂੰ ਇਸ ਘੋਲ ਨੇ ਜਾਗ ਲਾ ਦਿੱਤਾ ਹੈ, ਜਿਸ ਵਜੋਂ ਪੱਛਮੀ ਪ੍ਰਭਾਵ ਘਟੇਗਾ ਅਤੇ ਪੰਜਾਬ ਨਵਾਂ ਮੋੜਾ ਕੱਟੇਗਾ।

ਜਲੰਧਰ ਜ਼ਿਲ੍ਹੇ ਦੇ ਪਿੰਡ ਜੰਡੂ ਸੰਘਾ ਦੀ ਇੰਜਨੀਅਰ ਲੜਕੀ ਦਰਸ਼ਪ੍ਰੀਤ ਕੌਰ ਸੰਘਾ ਨੇ ਸਿੰਘੂ ਮੋਰਚੇ ਤੋਂ ਵਾਪਸੀ ਮੌਕੇ ਦੱਸਿਆ ਕਿ ਕਿਸਾਨ ਘੋਲ ਸਮਾਜੀ ਰਿਸ਼ਤਿਆਂ ਵਿਚਲੀ ਕੁੜੱਤਣ ਨੂੰ ਦੂਰ ਕਰਨ ਦਾ ਵੱਡਾ ਜ਼ਰੀਆ ਬਣੇਗਾ। ਉਨ੍ਹਾਂ ਕਿਹਾ ਕਿ ਨਵਾਂ ਵਰ੍ਹਾ ਨਿਵੇਕਲੀ ਕਿਸਮ ਦਾ ਹੋਵੇਗਾ ਜਿਸ ’ਚ ਸਭ ਨੂੰ ‘ਜਾਗਦਾ ਪੰਜਾਬ’ ਦਿਖੇਗਾ। ਦੇਖਿਆ ਜਾਵੇ ਤਾਂ ਇਸ ਘੋਲ ’ਚ ਕਿਸਾਨ ਇੱਕ ਨਾਇਕ ਵਜੋਂ ਉਭਰਿਆ ਹੈ।

ਬਠਿੰਡਾ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ ਬਿਰਧ ਮਾਈ ਮਹਿੰਦਰ ਕੌਰ, ਜਿਸ ’ਤੇ ਕੰਗਣਾ ਰਣੌਤ ਨੇ ਟਿੱਪਣੀ ਕੀਤੀ ਸੀ, ਆਖਦੀ ਹੈ ਕਿ ਨਵੇਂ ਸਾਲ ’ਚ ਕਿਸਾਨੀ ਦਾ ਸੂਰਜ ਚੜ੍ਹੇਗਾ। ਦੱਸਣਯੋਗ ਹੈ ਕਿ ਪੰਜਾਬ ਦੇ ਕਿਸਾਨ ਤਿੰਨ ਮਹੀਨੇ ਤੋਂ ਘੋਲ ਵਿਚ ਕੁੱਦੇ ਹੋਏ ਹਨ। ਪਹਿਲਾਂ ਸੜਕਾਂ, ਫਿਰ ਰੇਲ ਮਾਰਗਾਂ ਅਤੇ ਹੁਣ ਦਿੱਲੀ ਮੋਰਚੇ ’ਚ ਬੈਠੇ ਹਨ। ਕਹਾਣੀਕਾਰ ਅਤਰਜੀਤ ਆਖਦੇ ਹਨ ਕਿ ਲੰਘੇ ਵਰ੍ਹੇ ਨੇ ਪੀੜਾਂ ਦਿੱਤੀਆਂ ਪ੍ਰੰਤੂ ਨਵਾਂ ਵਰ੍ਹਾ ਕਿਸਾਨੀ ਘੋਲ ਸਦਕਾ ਨਵੀਂ ਊਰਜਾ ਵੰਡੇਗਾ। ਨਵੀਆਂ ਸਾਂਝਾਂ ਦੀ ਤਸਵੀਰ ਵਾਹੀ ਜਾਵੇਗੀ।

ਬਹੁਤੇ ਕਿਸਾਨ ਆਖਦੇ ਹਨ ਕਿ ਕਿਸਾਨ ਨਿਰਾਸ਼ਾ ਵਿਚ ਜਾਣ ਦੀ ਥਾਂ ਘੋਲਾਂ ’ਚ ਕੁੱਦਣ ਵਿਚ ਭਰੋਸਾ ਕਰਨਗੇ, ਇਹ ਨਵੇਂ ਵਰ੍ਹੇ ਦਾ ਪੰਜਾਬ ਹੋਵੇਗਾ। ਕਿਸਾਨ ਮਹਿਲਾ ਵਿੰਗ ਦੀ ਪ੍ਰਧਾਨ ਹਰਿੰਦਰ ਬਿੰਦੂ ਦੱਸਦੀ ਹੈ ਕਿ ਬੇਮੁੱਖ ਹੋਈ ਜਵਾਨੀ ਹੁਣ ਮੁੱਖ ਧਾਰਾ ਵਿਚ ਪਰਤੀ ਹੈ ਅਤੇ ਉਨ੍ਹਾਂ ਦੀ ਮਾਪਿਆਂ ਅਤੇ ਵਡੇਰਿਆਂ ਨਾਲ ਨੇੜਤਾ ਵਧੀ ਹੈ। ਉਨ੍ਹਾਂ ’ਚ ਸੋਝੀ ਵਧੀ ਹੈ ਅਤੇ ਉਨ੍ਹਾਂ ਦੇ ਨਾਇਕ ਬਦਲੇ ਹਨ। ਆਰਟਿਸਟ ਗੁਰਪ੍ਰੀਤ ਬਠਿੰਡਾ ਆਖਦਾ ਹੈ ਕਿ ਕਿਸਾਨੀ ਘੋਲ ਨੇ ਪੰਜਾਬ ਦੇ ਲੋਕਾਂ ਨੂੰ ਸਿਆਸੀ ਲੀਡਰਾਂ ਦੀ ਅੱਖ ਵਿਚ ਅੱਖ ਪਾ ਕੇ ਗੱਲ ਕਰਨ ਦੀ ਹਿੰਮਤ ਦੇ ਦਿੱਤੀ ਹੈ ਅਤੇ ਸਿਆਸੀ ਲੀਡਰਾਂ ਲਈ ਨਵਾਂ ਵਰ੍ਹਾ ਫਿਕਰਾਂ ਵਾਲਾ ਹੋਵੇਗਾ।

Previous articleNortheast’s lone ginger processing plant being revived after 16yrs
Next articleCong demands CBI probe in distribution of microbial spray