ਜੈਪੁਰ (ਸਮਾਜਵੀਕਲੀ): ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਭਾਜਪਾ ’ਤੇ ਊਨ੍ਹਾਂ ਦੀ ਸਰਕਾਰ ਡੇਗਣ ਦੀਆਂ ਕੋਸ਼ਿਸ਼ਾਂ ਕਰਨ ਦੇ ਦੋਸ਼ ਲਾਉਂਦਿਆਂ ਇਸ ਸਬੰਧੀ ਸੂਬੇ ਦੇ ਸਪੈਸ਼ਲ ਅਪਰੇਸ਼ਨ ਗਰੁੱਪ (ਐੱਸਓਜੀ) ਕੋਲ ਸ਼ਿਕਾਇਤ ਦਾਇਰ ਕੀਤੀ ਹੈ ਪ੍ਰੰਤੂ ਊਨ੍ਹਾਂ ਨੇ ਸਰਕਾਰ ਡੇਗਣ ਦੀਆਂ ਕੋਸ਼ਿਸ਼ਾਂ ਕਰਨ ਵਾਲਿਆਂ ਦੇ ਨਾਂ ਦੱਸਣ ਤੋਂ ਇਨਕਾਰ ਕੀਤਾ ਹੈ।
ਇੱਥੇ ਪ੍ਰੈਸ ਕਾਨਫੰਰਸ ਮੌਕੇ ਮੁੱਖ ਮੰਤਰੀ ਨੇ ਕਿਹਾ, ‘‘ਐੱਸਓਜੀ ਕੋਲ ਸ਼ਿਕਾਇਤ ਦਾਇਰ ਕੀਤੀ ਗਈ ਹੈ ਤਾਂ ਜੋ ਵਿਧਾਇਕਾਂ ਦੀ ਖ਼ਰੀਦੋ-ਫਰੋਖਤ ਲਈ ਪੈਸਾ ਆਊਣ ਸਬੰਧੀ ਸਮੂਹਿਕ ਅਪਰਾਧ ’ਚ ਸ਼ਾਮਲ ਲੋਕਾਂ ਬਾਰੇ ਜਾਂਚ ਹੋ ਸਕੇ।’’ ਊਨ੍ਹਾਂ ਕਿਹਾ ਕਿ ਕਰਨਾਟਕ ਅਤੇ ਮੱਧ ਪ੍ਰਦੇਸ਼ ਵਿੱਚ ਜੋ ਵਾਪਰਿਆ, ਊਸ ਤੋਂ ਸਾਰੇ ਜਾਣੂ ਹਨ ਅਤੇ ਹੁਣ ਊਹੀ ਕੁਝ ਰਾਜਸਥਾਨ ਵਿੱਚ ਦੁਹਰਾਊਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਊਨ੍ਹਾਂ ਕਿਹਾ, ‘‘ਜੇਕਰ ਭਾਜਪਾ ਆਗੂਆਂ ਵਲੋਂ ਕਾਂਗਰਸ ਜਾਂ ਆਜ਼ਾਦ ਵਿਧਾਇਕਾਂ ਨੂੰ ਕਾਲਾਂ ਕੀਤੀਆਂ ਜਾ ਰਹੀਆਂ ਹਨ, ਤਾਂ ਅਸੀਂ ਇਸ ਨੂੰ ਕੀ ਕਹੀਏ?’’
ਊਪ-ਮੁੱਖ ਮੰਤਰੀ ਸਚਿਨ ਪਾਇਲਟ ਦੇ ਬਿਆਨ ਕਿ ਊਨ੍ਹਾਂ ਨੂੰ ਵਿਧਾਇਕਾਂ ਦੀ ਖ਼ਰੀਦੋ-ਫਰੋਖਤ ਸਬੰਧੀ ਕੋਈ ਸ਼ਿਕਾਇਤ ਨਹੀਂ ਮਿਲੀ, ਬਾਰੇ ਪੁੱਛੇ ਜਾਣ ’ਤੇ ਗਹਿਲੋਤ ਨੇ ਕਿਹਾ ਕਿ ਊਹ ਮੁੱਖ ਮੰਤਰੀ ਹਨ ਅਤੇ ਜੇਕਰ ਊਨ੍ਹਾਂ ਦੇ ਧਿਆਨ ਵਿੱਚ ਕੁਝ ਆਉਂਦਾ ਹੈ ਤਾਂ ਊਹ ਕਿਸੇ ਸਰੋਤ ਤੋਂ ਹੀ ਆਇਆ ਹੋਵੇਗਾ। ਸੱਤਾਧਿਰ ਦੇ ਚੀਫ ਵਿੱਪ ਮਹੇਸ਼ ਜੋਸ਼ੀ ਪਹਿਲਾਂ ਹੀ ਸੂਬਾ ਸਰਕਾਰ ਨੂੰ ਡੇਗਣ ਦੀਆਂ ਕਥਿਤ ਕੋਸ਼ਿਸ਼ਾਂ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਲਈ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਕੋਲ ਸ਼ਿਕਾਇਤ ਕਰਜ ਕਰਵਾ ਚੁੱਕੇ ਹਨ। ਬੁੱਧਵਾਰ ਨੂੰ ਗਹਿਲੋਤ ਨੇ ਕਿਹਾ ਸੀ ਕਿ ਮੱਧ ਪ੍ਰਦੇਸ਼ ਵਾਂਗ ਵਿਧਾਇਕਾਂ ਨੂੰ ਖਰੀਦਣ ਲਈ ਜੈਪੁਰ ਵਿੱਚ ਵੀ ਨਕਦ ਰਕਮ ਭੇਜੀ ਗਈ ਹੈ।